International Badminton Tournament: ਤ੍ਰੀਸਾ-ਗਾਇਤਰੀ ਦੀ ਜੋੜੀ ਦੇ ਨਾਂ ਰਿਹਾ ਮਹਿਲਾ ਡਬਲਜ਼ ਦਾ ਖਿਤਾਬ
International Badminton Tournament: ਸਿਖਰਲਾ ਰੈਂਕ ਪ੍ਰਾਪਤ ਪੀ.ਵੀ. ਸਿੰਧੂ ਅਤੇ ਲਕਸ਼ਯ ਸੇਨ ਨੇ ਐਤਵਾਰ ਨੂੰ ਸਈਅਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਅਤੇ ਪੁਰਸ਼ ਸਿੰਗਲਜ਼ ਮੁਕਾਬਲਿਆਂ ’ਚ ਦਬਦਬੇ ਭਰਿਆ ਪ੍ਰਦਰਸ਼ਨ ਕਰਦਿਆਂ ਲੜੀਵਾਰ ਮਹਿਲਾ ਅਤੇ ਪੁਰਸ਼ ਸਿੰਗਲਜ਼ ਖਿਤਾਬ ਅਪਣੀ ਝੋਲੀ ’ਚ ਪਾਇਆ।
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ (ਰੈਂਕਿੰਗ 18) ਨੇ ਚੀਨ ਦੀ ਵੂ ਲੁਓ ਯੂ (ਰੈਂਕਿੰਗ 119) ਨੂੰ 21-14, 21-16 ਨਾਲ ਹਰਾ ਕੇ ਤੀਜੀ ਵਾਰ ਖਿਤਾਬ ਜਿੱਤਿਆ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਖਿਤਾਬ ਦੇ ਸੋਕੇ ਨੂੰ ਖਤਮ ਕੀਤਾ। ਉਹ ਇਸ ਤੋਂ ਪਹਿਲਾਂ 2017 ਅਤੇ 2022 ’ਚ ਵੀ ਟਰਾਫੀ ਜਿੱਤ ਚੁਕੀ ਹੈ।
ਪੁਰਸ਼ ਸਿੰਗਲਜ਼ ਦੇ ਫਾਈਨਲ ’ਚ 2021 ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਲਕਸ਼ਯ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿੰਗਾਪੁਰ ਦੇ ਜੀਆ ਹੇਂਗ ਜੇਸਨ ਤੇਹ ਨੂੰ 21-6, 21-7 ਨਾਲ ਹਰਾਇਆ।
29 ਸਾਲ ਦੀ ਸਾਬਕਾ ਵਿਸ਼ਵ ਚੈਂਪੀਅਨ ਸਿੱਧੂ ਨੇ ਦੋ ਸਾਲ ਬਾਅਦ ਪੋਡੀਅਮ ਜਿੱਤਿਆ। ਉਸ ਨੇ ਆਖਰੀ ਵਾਰ ਜੁਲਾਈ 2022 ’ਚ ਸਿੰਗਾਪੁਰ ਓਪਨ ’ਚ ਖਿਤਾਬ ਜਿੱਤਿਆ ਸੀ। ਇਸ ਸਾਲ ਉਹ ਮਈ ’ਚ ਮਲੇਸ਼ੀਆ ਮਾਸਟਰਜ਼ ਸੁਪਰ 500 ਦੇ ਫਾਈਨਲ ’ਚ ਵੀ ਪਹੁੰਚੀ ਸੀ।
ਪੈਰਿਸ ਓਲੰਪਿਕ ’ਚ ਕਾਂਸੀ ਤਮਗਾ ਪਲੇਅ ਆਫ ’ਚ ਨਿਰਾਸ਼ਾਜਨਕ ਹਾਰ ਤੋਂ ਬਾਅਦ ਲਕਸ਼ਯ ਦੀ ਜਿੱਤ ਰਾਹਤ ਦੀ ਗੱਲ ਹੈ। ਇਹ ਜਿੱਤ ਨਿਸ਼ਚਤ ਤੌਰ ’ਤੇ ਉਨ੍ਹਾਂ ਨੂੰ ਨਵੇਂ ਸੀਜ਼ਨ ਤੋਂ ਪਹਿਲਾਂ ਆਤਮਵਿਸ਼ਵਾਸ ਦੇਵੇਗੀ।
ਭਾਰਤੀ ਬੈਡਮਿੰਟਨ ਨੂੰ ਇਸ ਦਿਨ ਦਾ ਜਸ਼ਨ ਮਨਾਉਣ ਦਾ ਇਕ ਹੋਰ ਮੌਕਾ ਮਿਲਿਆ ਜਦੋਂ ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਨੇ ਚੀਨ ਦੀ ਬਾਓ ਲੀ ਜਿੰਗ ਅਤੇ ਲੀ ਕਿਆਨ ਦੀ ਜੋੜੀ ਨੂੰ ਸਿਰਫ 40 ਮਿੰਟਾਂ ਵਿਚ 21-18, 21-11 ਨਾਲ ਹਰਾ ਕੇ ਅਪਣਾ ਪਹਿਲਾ ਸੁਪਰ 300 ਖਿਤਾਬ ਜਿੱਤਿਆ।
ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਜੋੜੀ ਲਈ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਤ੍ਰੀਸਾ ਅਤੇ ਗਾਇਤਰੀ ਇਸ ਟੂਰਨਾਮੈਂਟ ’ਚ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਡਬਲਜ਼ ਜੋੜੀ ਬਣ ਗਈ ਹੈ। ਇਹ ਜੋੜੀ 2022 ਦੇ ਐਡੀਸ਼ਨ ’ਚ ਉਪ ਜੇਤੂ ਰਹੀ ਸੀ।
ਭਾਰਤ ਦੀ ਪੁਰਸ਼ ਡਬਲਜ਼ ਜੋੜੀ ਪ੍ਰਿਥਵੀ ਕ੍ਰਿਸ਼ਨਾਮੂਰਤੀ ਰਾਏ ਅਤੇ ਸਾਈ ਪ੍ਰਤੀਕ ਦੀ ਮਿਕਸਡ ਡਬਲਜ਼ ਜੋੜੀ ਅਤੇ ਤਨੀਸ਼ਾ ਕ੍ਰੈਸਟੋ ਅਤੇ ਧਰੁਵ ਕਪਿਲਾ ਦੀ ਮਿਕਸਡ ਡਬਲਜ਼ ਟੀਮ ਨੇ ਉਪ ਜੇਤੂ ਵਜੋਂ ਅਪਣੀ ਮੁਹਿੰਮ ਦਾ ਅੰਤ ਕੀਤਾ।