
ਕਿਹਾ, ਸੰਜੇ ਸਿੰਘ ਤੋਂ ਬਿਨਾਂ WFI ਸਾਨੂੰ ਸਵੀਕਾਰ
Sakshi Malik News : ਓਲੰਪਿਕ ਕਾਂਸੀ ਤਮਗਾ ਜੇਤੂ ਭਲਵਾਨ ਸਾਕਸ਼ੀ ਮਲਿਕ ਨੇ ਬੁਧਵਾਰ ਨੂੰ ਕਿਹਾ ਕਿ ਜੇਕਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਭਰੋਸੇਮੰਦ ਸੰਜੇ ਸਿੰਘ ਨੂੰ ਬਾਹਰ ਰਖਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ’ਤੇ ਕੋਈ ਇਤਰਾਜ਼ ਨਹੀਂ ਹੈ।
ਸੰਜੇ ਸਿੰਘ ਦੇ ਡਬਲਿਊ.ਐੱਫ.ਆਈ. ਦੇ ਪ੍ਰਧਾਨ ਬਣਨ ਤੋਂ ਬਾਅਦ ਸਾਕਸ਼ੀ ਨੇ 21 ਦਸੰਬਰ ਨੂੰ ਖੇਡ ਤੋਂ ਸੰਨਿਆਸ ਲੈ ਲਿਆ ਸੀ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਨੇ ਦਾਅਵਾ ਕੀਤਾ ਕਿ ਉਸ ਦੀ ਮਾਂ ਨੂੰ ਡਬਲਿਊ.ਐੱਫ.ਆਈ. ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਦੇ ਸਮਰਥਕਾਂ ਤੋਂ ਧਮਕੀ ਭਰੇ ਫੋਨ ਆਏ ਹਨ।
ਉਨ੍ਹਾਂ ਕਿਹਾ, ‘‘ਸਾਨੂੰ ਨਵੇਂ ਫੈਡਰੇਸ਼ਨ ਨਾਲ ਕੋਈ ਸਮੱਸਿਆ ਨਹੀਂ ਹੈ। ਸਿਰਫ ਇਕ ਵਿਅਕਤੀ ਸੰਜੇ ਸਿੰਘ ਨਾਲ ਸਮੱਸਿਆ ਹੈ। ਸੰਜੇ ਸਿੰਘ ਤੋਂ ਬਿਨਾਂ ਸਾਨੂੰ ਨਵੀਂ ਫੈਡਰੇਸ਼ਨ ਜਾਂ ਐਡਹਾਕ ਕਮੇਟੀ ਨਾਲ ਕੋਈ ਸਮੱਸਿਆ ਨਹੀਂ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਸਰਕਾਰ ਸਾਡੇ ਲਈ ਸਰਪ੍ਰਸਤ ਦੀ ਤਰ੍ਹਾਂ ਹੈ ਅਤੇ ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗੀ ਕਿ ਉਹ ਆਉਣ ਵਾਲੇ ਭਲਵਾਨਾਂ ਲਈ ਕੁਸ਼ਤੀ ਨੂੰ ਸੁਰੱਖਿਅਤ ਬਣਾਉਣ। ਤੁਸੀਂ ਵੇਖਿਆ ਹੈ ਕਿ ਸੰਜੇ ਸਿੰਘ ਕਿਸ ਤਰ੍ਹਾਂ ਦਾ ਸਲੂਕ ਕਰਦੇ ਹਨ। ਮੈਂ ਨਹੀਂ ਚਾਹੁੰਦੀ ਕਿ ਉਹ ਫੈਡਰੇਸ਼ਨ ਵਿਚ ਦਖਲ ਦੇਵੇ। ਮੈਂ ਸਿਰਫ ਇਕ ਬੇਨਤੀ ਕਰ ਸਕਦੀ ਹਾਂ। ਜੇ ਮੰਤਰਾਲਾ ਕਹਿੰਦਾ ਹੈ ਕਿ ਉਹ ਵਾਪਸ ਨਹੀਂ ਆਵੇਗਾ, ਤਾਂ ਇਹ ਚੰਗਾ ਹੈ। ਸਾਰਿਆਂ ਨੇ ਵੇਖਿਆ ਕਿ ਕਿਵੇਂ ਬ੍ਰਿਜ ਭੂਸ਼ਣ ਸਿੰਘ ਨੇ ਡਬਲਿਊ.ਐੱਫ.ਆਈ. ਚੋਣਾਂ ਤੋਂ ਬਾਅਦ ਸੱਤਾ ਦੀ ਦੁਰਵਰਤੋਂ ਕੀਤੀ। ਬਿਨਾਂ ਕਿਸੇ ਨੂੰ ਪੁੱਛੇ, ਉਸ ਨੇ ਅਪਣੇ ਸ਼ਹਿਰ ’ਚ ਜੂਨੀਅਰ ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ।’’
ਸਾਕਸ਼ੀ ਨੇ ਐਡਹਾਕ ਕਮੇਟੀ ਨੂੰ ਜੂਨੀਅਰ ਵਰਗ ਦੇ ਟੂਰਨਾਮੈਂਟ ਤੁਰਤ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਮੈਂ ਨਹੀਂ ਚਾਹੁੰਦੀ ਕਿ ਜੂਨੀਅਰ ਭਲਵਾਨਾਂ ਨੂੰ ਸਾਡੇ ਕਾਰਨ ਨੁਕਸਾਨ ਹੋਵੇ। ਐਡਹਾਕ ਕਮੇਟੀ ਪਹਿਲਾਂ ਹੀ ਸੀਨੀਅਰ ਕੌਮੀ ਚੈਂਪੀਅਨਸ਼ਿਪ ਦਾ ਐਲਾਨ ਕਰ ਚੁਕੀ ਹੈ ਅਤੇ ਹੁਣ ਮੈਂ ਬੇਨਤੀ ਕਰਦੀ ਹਾਂ ਕਿ ਅੰਡਰ-15, ਅੰਡਰ-17 ਅਤੇ ਅੰਡਰ-20 ਕੌਮੀ ਚੈਂਪੀਅਨਸ਼ਿਪ ਦਾ ਐਲਾਨ ਵੀ ਕੀਤਾ ਜਾਵੇ।’’
ਇਸ ਦੌਰਾਨ ਸੈਂਕੜੇ ਜੂਨੀਅਰ ਪਹਿਲਵਾਨ ਬੁਧਵਾਰ ਨੂੰ ਜੰਤਰ ਮੰਤਰ ’ਤੇ ਇਕੱਠੇ ਹੋਏ ਅਤੇ ਅਪਣੇ ਕਰੀਅਰ ਦੇ ਇਕ ਮਹੱਤਵਪੂਰਨ ਸਾਲ ਦੇ ਨੁਕਸਾਨ ਦਾ ਵਿਰੋਧ ਕੀਤਾ ਅਤੇ ਇਸ ਲਈ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਜ਼ਿੰਮੇਵਾਰ ਠਹਿਰਾਇਆ।
ਸਾਕਸ਼ੀ ਨੇ ਕਿਹਾ, ‘‘ਪਿਛਲੇ ਦੋ-ਤਿੰਨ ਦਿਨਾਂ ਤੋਂ ਬ੍ਰਿਜ ਭੂਸ਼ਣ ਦੇ ਗੁੰਡੇ ਸਰਗਰਮ ਹੋ ਗਏ ਹਨ। ਮੇਰੀ ਮਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਲੋਕ ਫੋਨ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੇਰੇ ਘਰ ’ਚ ਕਿਸੇ ਦੇ ਵਿਰੁਧ ਕੇਸ ਦਰਜ ਕੀਤਾ ਜਾਵੇਗਾ। ਲੋਕ ਸੋਸ਼ਲ ਮੀਡੀਆ ’ਤੇ ਸਾਨੂੰ ਗਾਲ੍ਹਾਂ ਕੱਢ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੇ ਘਰ ’ਚ ਭੈਣਾਂ ਅਤੇ ਧੀਆਂ ਵੀ ਹਨ।’’
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਖੇਡ ਪ੍ਰਸ਼ਾਸਕ ਬਣਨਾ ਚਾਹੁੰਦੀ ਹੈ, ਉਸ ਨੇ ਨਾਂਹ ’ਚ ਜਵਾਬ ਦਿਤਾ। ਉਨ੍ਹਾਂ ਕਿਹਾ, ‘‘ਮੈਂ ਪਰੇਸ਼ਾਨ ਹਾਂ। ਮੈਂ ਚਾਹੁੰਦੀ ਹਾਂ ਕਿ ਜੂਨੀਅਰ ਭਲਵਾਨਾਂ ਨੂੰ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਇਸ ਸਮੇਂ ਮੇਰੇ ਦਿਮਾਗ ’ਚ ਕੁੱਝ ਵੀ ਨਹੀਂ ਹੈ। ਜੂਨੀਅਰ ਭਲਵਾਨਾਂ ਦੀ ਹਾਰ ਲਈ ਸਾਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜੋ ਗਲਤ ਹੈ। ਇਹ ਬਹੁਤ ਚੰਗਾ ਹੋਵੇਗਾ ਜੇ ਸਾਡੇ ਕੋਲ ਖੇਡ ਪ੍ਰਸ਼ਾਸਨ ’ਚ ਔਰਤਾਂ ਹੋਣ।’’
ਜੰਤਰ ਮੰਤਰ ’ਤੇ ਜੂਨੀਅਰ ਭਲਵਾਨਾਂ ਦੇ ਪ੍ਰਦਰਸ਼ਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਮੈਂ ਕੁਸ਼ਤੀ ਨੂੰ 18-20 ਸਾਲ ਦਿਤੇ ਹਨ। ਸਿਰਫ ਮੈਂ ਇਹ ਜਾਣਦੀ ਹਾਂ ਕਿ ਪਿਛਲੇ ਕੁੱਝ ਮਹੀਨਿਆਂ ’ਚ ਮੈਂ ਕਿਸ ਸਥਿਤੀ ’ਚੋਂ ਲੰਘੀ ਹਾਂ।’’
(For more Punjabi news apart from Sakshi Malik News, stay tuned to Rozana Spokesman)