
ਬੀਜਿੰਗ ਵਿੰਟਰ ਪੈਰਾਲੰਪਿਕਸ 'ਚ ਹਿੱਸਾ ਨਹੀਂ ਲੈ ਸਕਣਗੇ ਰੂਸ ਅਤੇ ਬੇਲਾਰੂਸ ਦੇ ਖਿਡਾਰੀ, ਲਗਾਈ ਪਾਬੰਦੀ
ਬੀਜਿੰਗ : ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ (ਆਈਪੀਸੀ) ਨੇ ਵੀਰਵਾਰ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਹਵਾਲਾ ਦਿੰਦੇ ਹੋਏ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਬੀਜਿੰਗ ਵਿੰਟਰ ਪੈਰਾਲੰਪਿਕਸ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਆਈਪੀਸੀ ਨੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਐਥਲੀਟਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ ਪਰ 24 ਘੰਟਿਆਂ ਦੇ ਅੰਦਰ ਹੀ ਫ਼ੈਸਲਾ ਬਦਲ ਦਿੱਤਾ।
paralympics
ਇਕ ਨਿਊਜ਼ ਵੈੱਬਸਾਈਟ ਦੀ ਖ਼ਬਰ ਮੁਤਾਬਕ ਆਈਪੀਸੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਸ ਦੀ ਕਾਫੀ ਨਿੰਦਾ ਹੋਈ ਸੀ, ਜਿਸ ਤੋਂ ਬਾਅਦ ਫ਼ੈਸਲਾ ਬਦਲ ਦਿੱਤਾ ਗਿਆ ਸੀ। ਆਈਪੀਸੀ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਖਿਡਾਰੀ ਰੂਸ ਜਾਂ ਬੇਲਾਰੂਸ ਦੇ ਖ਼ਿਲਾਫ਼ ਮੁਕਾਬਲਾ ਕਰਨ ਤੋਂ ਇਨਕਾਰ ਕਰਨਗੇ। ਇਸ ਨਾਲ ਪੈਰਾਲੰਪਿਕ 'ਚ ਮੁਸ਼ਕਲ ਹੋ ਸਕਦੀ ਹੈ। ਇਸ ਨਾਲ ਉਨ੍ਹਾਂ ਦੇ ਅਕਸ ਨੂੰ ਵੀ ਨੁਕਸਾਨ ਹੋਵੇਗਾ।
paralympics
ਆਈਪੀਸੀ ਦੇ ਪ੍ਰਧਾਨ ਐਂਡਰਿਊ ਪਾਰਸਨ ਨੇ ਕਿਹਾ ਕਿ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਇਜਾਜ਼ਤ ਦੇਣ ਬਾਰੇ ਕਈ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਪਿਛਲੇ 12 ਘੰਟਿਆਂ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫ਼ੈਸਲੇ 'ਤੇ ਮੁੜ ਵਿਚਾਰ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
Beijing 2022
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਕਈ ਖੇਡ ਫੈਡਰੇਸ਼ਨਾਂ ਨੇ ਰੂਸ ਦਾ ਬਾਈਕਾਟ ਕੀਤਾ ਹੈ। ਇਨ੍ਹਾਂ ਵਿੱਚ ਫੀਫਾ ਵਿਸ਼ਵ ਕੱਪ ਤੋਂ ਲੈ ਕੇ ਵਿਸ਼ਵ ਅਥਲੈਟਿਕਸ ਤੱਕ ਦੇ ਟੂਰਨਾਮੈਂਟ ਸ਼ਾਮਲ ਹਨ। ਇਹ ਸਭ ਕੁਝ ਰੂਸ ਵਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਹਮਲੇ ਦਾ ਨਤੀਜਾ ਹੈ।