
ਸ਼ਮੀ ਪਿਛਲੇ ਮਹੀਨੇ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਤੋਂ ਵਾਪਸੀ ਤੋਂ ਬਾਅਦ ਅਭਿਆਸ ਸੈਸ਼ਨ ਦੌਰਾਨ ਜ਼ਖ਼ਮੀ ਹੋ ਗਏ ਸਨ।
ਮੁਹਾਲੀ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਮੋਢੇ ਦੀ ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਹੋ ਗਏ ਹਨ। ਉਹ ਹੁਣ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼ 'ਚ ਨਹੀਂ ਖੇਡ ਸਕੇਗਾ। ਬੰਗਲਾਦੇਸ਼ 'ਚ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਹੋਣਾ ਹੈ। ਸ਼ਮੀ ਸੱਟ ਕਾਰਨ ਫਿੱਟ ਨਹੀਂ ਹੈ। ਸ਼ਮੀ ਪਿਛਲੇ ਮਹੀਨੇ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਤੋਂ ਵਾਪਸੀ ਤੋਂ ਬਾਅਦ ਅਭਿਆਸ ਸੈਸ਼ਨ ਦੌਰਾਨ ਜ਼ਖ਼ਮੀ ਹੋ ਗਏ ਸਨ।
ਸ਼ਮੀ ਦੇ ਬਾਹਰ ਹੋ ਜਾਣ ਤੋਂ ਬਾਅਦ ਉਮਰਾਨ ਮਲਿਕ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਮਰਾਨ ਨੇ ਹਾਲ ਹੀ 'ਚ ਨਿਊਜ਼ੀਲੈਂਡ ਦੌਰੇ 'ਤੇ ਆਪਣਾ ਵਨਡੇ ਡੈਬਿਊ ਕੀਤਾ ਸੀ। ਉਸ ਨੇ ਤਿੰਨ ਵਨਡੇ ਮੈਚਾਂ ਵਿੱਚ ਤਿੰਨ ਵਿਕਟਾਂ ਝਟਕਾਈਆਂ ਹਨ। ਵਨਡੇ ਤੋਂ ਬਾਅਦ ਟੀਮ ਇੰਡੀਆ ਨੂੰ ਬੰਗਲਾਦੇਸ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡਣੀ ਹੈ। ਸ਼ਮੀ ਵੀ ਟੈਸਟ ਟੀਮ ਦਾ ਹਿੱਸਾ ਸਨ। ਇਸ ਸੱਟ ਤੋਂ ਬਾਅਦ ਉਹ ਟੈਸਟ ਖੇਡ ਸਕੇਗਾ ਜਾਂ ਨਹੀਂ, ਇਹ ਫਿਲਹਾਲ ਸਪੱਸ਼ਟ ਨਹੀਂ ਹੈ।
ਮੁਹੰਮਦ ਸ਼ਮੀ ਦੇ ਸੱਟ ਕਾਰਨ ਟੀਮ ਇੰਡੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਉਹ ਵਨਡੇ ਦੇ ਨਾਲ-ਨਾਲ ਟੈਸਟ ਸੀਰੀਜ਼ ਤੋਂ ਵੀ ਬਾਹਰ ਹੋ ਗਿਆ ਹੈ। ਭਾਰਤ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਪਹਿਲਾਂ ਹੀ ਸੀਰੀਜ਼ ਤੋਂ ਬਾਹਰ ਹਨ। ਉਹ ਟੀ-20 ਵਿਸ਼ਵ ਕੱਪ ਵਿੱਚ ਵੀ ਟੀਮ ਦਾ ਹਿੱਸਾ ਨਹੀਂ ਸੀ। ਇੱਥੇ ਆਲਰਾਊਂਡਰ ਰਵਿੰਦਰ ਜਡੇਜਾ ਵੀ ਸੱਟ ਕਾਰਨ ਵਨਡੇ ਸੀਰੀਜ਼ ਤੋਂ ਬਾਹਰ ਹਨ।