ਵਿਰਾਟ ਅਤੇ ਰਿਤੂਰਾਜ ਦੇ ਸੈਂਕੜੇ ਵੀ ਸਾਬਤ ਹੋਏ ਨਾਕਾਫ਼ੀ
ਰਾਏਪੁਰ: ਵਿਰਾਟ ਕੋਹਲੀ ਦੇ 53ਵੇਂ ਅਤੇ ਰਿਤੂਰਾਜ ਗਾਇਕਵਾੜ ਦੇ ਪਹਿਲੇ ਸੈਂਕੜੇ ਬਦੌਲਤ ਭਾਰਤ ਵਲੋਂ 358 ਦੌੜਾਂ ਦਾ ਵਿਸ਼ਾਲ ਸਕੋਰ ਵੀ ਰਾਏਪੁਰ ਦੀ ਤ੍ਰੇਲ ਕਾਰਨ ਸਿੱਲ੍ਹੀ ਪਿੱਚ ਉਤੇ ਦਖਣੀ ਅਫ਼ਰੀਕਾ ਨੂੰ ਜਿੱਤ ਤੋਂ ਰੋਕਣ ਵਿਚ ਨਾਕਾਫ਼ੀ ਸਾਬਤ ਹੋਇਆ। ਰੋਮਾਂਚਕ ਮੈਚ ਵਿਚ ਦਖਣੀ ਅਫ਼ਰੀਕਾ ਨੇ ਆਖ਼ਰੀ ਓਵਰ ਵਿਚ ਆਸਾਨੀ ਨਾਲ 359 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ ਅਤੇ ਤਿੰਨ ਮੈਚਾਂ ਦੀ ਲੜੀ ਨੂੰ 1-1 ਨਾਲ ਬਰਾਬਰ ਕਰ ਲਿਆ। ਭਾਰਤ ਨੂੰ ਖ਼ਰਾਬ ਫ਼ੀਲਡਿੰਗ ਅਤੇ ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਸਮੇਂ ਆਖ਼ਰੀ ਪੰਜ ਓਵਰਾਂ ਵਿਚ ਹੌਲੀ ਦੌੜਾਂ ਬਣਾਉਣ ਦੀ ਕੀਮਤ ਚੁਕਾਉਣੀ ਪਈ।
ਟਾਸ ਜਿੱਤਣ ਸਮੇਂ ਹੀ ਕੇ.ਐਲ. ਰਾਹੁਲ ਨਿਰਾਸ਼ ਸਨ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਤ੍ਰੇਲ ਕਾਰਨ ਬਾਅਦ ਵਾਲੀ ਟੀਮ ਲਈ ਬੱਲੇਬਾਜ਼ੀ ਕਰਨਾ ਆਸਾਨ ਹੋਵੇਗਾ। ਇਸ ’ਤੇ ਟੀਮ ਨੇ ਖ਼ਰਾਬ ਫ਼ੀਲਡਿੰਗ ਦਾ ਪ੍ਰਦਰਸ਼ਨ ਕਰਦਿਆਂ 25 ਵਾਧੂ ਦੌੜਾਂ ਗੁਆ ਦਿਤੀਆਂ। ਨਮੀ ਵਾਲੇ ਮੈਦਾਨ ’ਤੇ ਬਿਹਤਰੀਨ ਫ਼ੀਲਡਰ ਰਵਿੰਦਜ ਜਡੇਜਾ ਵੀ ਸੰਘਰਸ਼ ਕਰਦੇ ਦਿਸੇ। ਦਖਣੀ ਅਫ਼ਰੀਕਾ ਨੇ ਚਾਰ ਗੇਂਦਾਂ ਬਾਕੀ ਰਹਿੰਦਿਆਂ ਹੀ ਜਿੱਤ ਹਾਸਲ ਕਰ ਲਈ। ਮਹਿਮਾਨ ਟੀਮ ਵਲੋਂ ਏਡਨ ਮਾਰਕਰਮ ਨੇ 98 ਗੇਂਦਾਂ ’ਚ 110 ਦੌੜਾਂ, ਡੇਵਿਡ ਬਰੇਵਿਸ ਵਲੋਂ ਸਿਰਫ਼ 34 ਗੇਂਦਾਂ ’ਤੇ 54 ਅਤੇ ਮੈਥਿਊ ਬਰੇਟਜ਼ਕੀ ਨੇ 68 ਦੌੜਾਂ ਦਾ ਅਹਿਮ ਯੋਗਦਾਨ ਦਿਤਾ।
