
ਅਪਣੀ ਮੁਹਿੰਮ ਦੀ ਸ਼ੁਰੂਆਤ ਮਲੇਸ਼ੀਆ ਦੇ ਓਂਗ ਯੂ ਸਿਨ ਅਤੇ ਤੋਏ ਈ ਯੀ ਨਾਲ ਕਰਨਗੇ
ਪੈਰਿਸ: ਪਿਛਲੇ ਤਿੰਨ ਮੁਕਾਬਲਿਆਂ ’ਚ ਉਪ ਜੇਤੂ ਰਹੇ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਫ੍ਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ’ਚ 2022 ਦੀ ਸਫਲਤਾ ਨੂੰ ਦੁਹਰਾਉਣ ਲਈ ਕੋਰਟ ’ਚ ਉਤਰੇਗੀ। ਸਾਤਵਿਕ ਅਤੇ ਚਿਰਾਗ ਦੀ ਵਿਸ਼ਵ ਦੀ ਨੰਬਰ ਇਕ ਜੋੜੀ ਨਵੰਬਰ ’ਚ ਚਾਈਨਾ ਮਾਸਟਰਜ਼ ਸੁਪਰ 750, ਜਨਵਰੀ ’ਚ ਮਲੇਸ਼ੀਆ ਓਪਨ ਸੁਪਰ 1000 ਅਤੇ ਇੰਡੀਆ ਓਪਨ ਸੁਪਰ 750 ’ਚ ਫਾਈਨਲ ’ਚ ਪਹੁੰਚਣ ’ਚ ਅਸਫਲ ਰਹੀ ਸੀ। ਫਰੈਂਚ ਓਪਨ ’ਚ ਇਹ ਭਾਰਤੀ ਜੋੜੀ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਦੇ ਤੌਰ ’ਤੇ ਸ਼ੁਰੂਆਤ ਕਰੇਗੀ। ਇਸ ਪ੍ਰੋਗਰਾਮ ਨਾਲ ਭਾਰਤ ਦੇ ਚੋਟੀ ਦੇ ਖਿਡਾਰੀਆਂ ਨੂੰ ਪੋਰਟ ਡੀ ਲਾ ਚੈਪਲ ਦੇ ਐਡੀਡਾਸ ਅਖਾੜੇ ਨੂੰ ਸਮਝਣ ਦਾ ਮੌਕਾ ਮਿਲੇਗਾ, ਜੋ ਪੈਰਿਸ ਓਲੰਪਿਕ ਦੌਰਾਨ ਬੈਡਮਿੰਟਨ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਸਾਤਵਿਕ ਅਤੇ ਚਿਰਾਗ ਨੇ 2022 ਵਿਚ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਉਹ ਅਪਣੀ ਮੁਹਿੰਮ ਦੀ ਸ਼ੁਰੂਆਤ ਮਲੇਸ਼ੀਆ ਦੇ ਓਂਗ ਯੂ ਸਿਨ ਅਤੇ ਤੋਏ ਈ ਯੀ ਨਾਲ ਕਰਨਗੇ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਲਈ ਵੀ ਇਹ ਟੂਰਨਾਮੈਂਟ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਨੇ ਚਾਰ ਮਹੀਨਿਆਂ ਤਕ ਖੇਡ ਤੋਂ ਦੂਰ ਰਹਿਣ ਤੋਂ ਬਾਅਦ ਮਲੇਸ਼ੀਆ ’ਚ ਏਸ਼ੀਅਨ ਚੈਂਪੀਅਨਸ਼ਿਪ ’ਚ ਵਾਪਸੀ ਕੀਤੀ। ਵਿਸ਼ਵ ਦੀ 11ਵੇਂ ਨੰਬਰ ਦੀ ਭਾਰਤੀ ਖਿਡਾਰਨ ਅਪਣੀ ਮੁਹਿੰਮ ਦੀ ਸ਼ੁਰੂਆਤ ਕੈਨੇਡਾ ਦੀ ਮਿਸ਼ੇਲ ਲੀ ਨਾਲ ਕਰੇਗੀ। ਜੇਕਰ ਉਹ ਇਸ ਮੁਕਾਬਲੇ ’ਚ ਅੱਗੇ ਵਧਦੀ ਹੈ ਤਾਂ ਉਸ ਦਾ ਮੁਕਾਬਲਾ ਤਿੰਨ ਵਾਰ ਦੀ ਸਾਬਕਾ ਵਿਸ਼ਵ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ ਨਾਲ ਹੋ ਸਕਦਾ ਹੈ। ਪੁਰਸ਼ ਸਿੰਗਲਜ਼ ’ਚ ਦੁਨੀਆਂ ਦੇ ਸੱਤਵੇਂ ਨੰਬਰ ਦੇ ਖਿਡਾਰੀ ਐਚ.ਐਸ. ਪ੍ਰਣਯ ਨੇ ਇੰਡੀਆ ਓਪਨ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ ਅਤੇ ਉਹ ਇੱਥੇ ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
ਉਨ੍ਹਾਂ ਦਾ ਪਹਿਲਾ ਮੈਚ ਚੀਨ ਦੇ ਲੂ ਗੁਆਂਗ ਝੂ ਨਾਲ ਹੋਵੇਗਾ। ਪੈਰਿਸ ਓਲੰਪਿਕ ਲਈ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਸ਼ਾਮਲ ਲਕਸ਼ਯ ਸੇਨ ਪਿਛਲੇ ਕੁੱਝ ਸਮੇਂ ਤੋਂ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਉਸ ਨੂੰ ਪਹਿਲੇ ਗੇੜ ’ਚ ਹੀ ਜਾਪਾਨ ਦੇ ਕਾਂਤਾ ਸੁਨੇਯਾਮਾ ਤੋਂ ਸਖਤ ਚੁਨੌਤੀ ਦਾ ਸਾਹਮਣਾ ਕਰਨਾ ਪਵੇਗਾ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਵੀ ਅਪਣੇ ਪਹਿਲੇ ਮੈਚ ’ਚ ਚੀਨੀ ਤਾਈਪੇ ਦੇ ਚਾਊ ਟੀਏਨ ਚੇਨ ਤੋਂ ਸਖਤ ਚੁਨੌਤੀ ਮਿਲਣ ਦੀ ਉਮੀਦ ਹੈ ਜਦਕਿ ਨੌਜੁਆਨ ਪ੍ਰਿਯਾਂਸ਼ੂ ਰਾਜਾਵਤ ਦਾ ਮੁਕਾਬਲਾ ਪਹਿਲੇ ਗੇੜ ’ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸਲਸਨ ਨਾਲ ਹੋਵੇਗਾ। ਮਹਿਲਾ ਡਬਲਜ਼ ’ਚ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਅਤੇ ਤਨੀਸ਼ਾ ਕ੍ਰੈਸਟੋ ਅਤੇ ਅਸ਼ਵਨੀ ਪੋਨੱਪਾ ਦੀ ਭਾਰਤੀ ਜੋੜੀ ਪਹਿਲੇ ਗੇੜ ’ਚ ਇਕ ਦੂਜੇ ਨਾਲ ਭਿੜੇਗੀ।