
India vs Australia: ਦੁਬਈ ਵਿਚ ਪਹਿਲੀ ਵਾਰ ਭਿੜਨਗੀਆਂ ਦੋਵੇਂ ਟੀਮਾਂ, ਦੁਪਹਿਰ 2:30 ਵਜੇ ਖੇਡਿਆ ਜਾਵੇਗਾ ਮੁਕਾਬਲਾ
ਦੁਬਈ : ਭਾਰਤੀ ਟੀਮ ਭਾਵੇਂ ਪਹਿਲਾਂ ਵੀ ਅਜਿਹਾ ਕਰਨ ’ਚ ਅਸਫਲ ਰਹੀ ਹੋਵੇ ਪਰ ਇਸ ਵਾਰ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਹਾਲਾਤ ਤੋਂ ਜਾਣੂ ਹੋਣ ਦੇ ਆਧਾਰ ’ਤੇ ਭਾਰਤੀ ਟੀਮ ਮੰਗਲਵਾਰ ਨੂੰ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ ਆਸਟਰੇਲੀਆ ਵਿਰੁਧ ਉਤਰੇਗੀ, ਜਿਸ ਦਾ ਇਰਾਦਾ ਆਈ.ਸੀ.ਸੀ. ਟੂਰਨਾਮੈਂਟਾਂ ਦੇ ਨਾਕਆਊਟ ਮੈਚਾਂ ’ਚ ਮਿਲੇ ਹਰ ਜ਼ਖ਼ਮ ਨੂੰ ਭਰਨ ਦਾ ਹੋਵੇਗਾ।
ਚੈਂਪੀਅਨਸ ਟਰਾਫ਼ੀ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ 'ਚ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ। ਇੱਥੇ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਦੋਵੇਂ ਟੀਮਾਂ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਵਿੱਚ 9ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿੱਚ ਦੋਵਾਂ ਨੇ 4-4 ਜਿੱਤਾਂ ਹਾਸਲ ਕੀਤੀਆਂ ਸਨ। ਦੋਵਾਂ ਦੀ ਆਖ਼ਰੀ ਵਾਰ 2023 ਵਨਡੇ ਵਿਸ਼ਵ ਕੱਪ ਫਾਈਨਲ ਵਿੱਚ ਮੁਲਾਕਾਤ ਹੋਈ ਸੀ, ਜਦੋਂ ਆਸਟਰੇਲੀਆ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਕੋਲ ਉਸ ਹਾਰ ਦਾ ਸਕੋਰ ਸੁਲਝਾਉਣ ਦਾ ਮੌਕਾ ਹੈ।
ਇਸ ਦੇ ਨਾਲ ਹੀ ਇਹ 2023 ’ਚ ਘਰੇਲੂ ਧਰਤੀ ’ਤੇ ਵਿਸ਼ਵ ਕੱਪ ਫਾਈਨਲ ’ਚ ਮਿਲੀ ਹਾਰ ਦਾ ਬਦਲਾ ਲੈਣ ਦਾ ਵੀ ਸੁਨਹਿਰੀ ਮੌਕਾ ਹੈ, ਜਦੋਂ ਫਾਈਨਲ ’ਚ ਆਸਟਰੇਲੀਆ ਨੇ ਭਾਰਤ ਦੇ 10 ਮੈਚਾਂ ਦੀ ਅਜੇਤੂ ਮੁਹਿੰਮ ਨੂੰ ਤੋੜ ਦਿਤਾ ਸੀ। ਇਹ ਓਨਾ ਵੀ ਆਸਾਨ ਨਹੀਂ ਹੋਵੇਗਾ ਕਿਉਂਕਿ ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਤੋਂ ਬਗ਼ੈਰ ਆਸਟਰੇਲੀਆ ਇਕ ਮਜ਼ਬੂਤ ਟੀਮ ਹੈ। ਉਸ ਨੇ ਕੁੱਝ ਦਿਨ ਪਹਿਲਾਂ ਲਾਹੌਰ ਵਿਚ ਇੰਗਲੈਂਡ ਦੇ ਵਿਰੁਧ 352 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਕੇ ਇਕ ਵਾਰ ਫਿਰ ਇਹ ਸਾਬਤ ਕਰ ਦਿਤਾ ਹੈ।
ਭਾਰਤ ਨੇ ਆਖਰੀ ਵਾਰ ਆਈ.ਸੀ.ਸੀ. ਟੂਰਨਾਮੈਂਟ ਦੇ ਨਾਕਆਊਟ ਪੜਾਅ ’ਚ ਆਸਟਰੇਲੀਆ ’ਤੇ ਜਿੱਤ 2011 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਹਾਸਲ ਕੀਤੀ ਸੀ। ਭਾਰਤ ਨੂੰ 2015 ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ 2023 ਵਨਡੇ ਵਿਸ਼ਵ ਕੱਪ ਫਾਈਨਲ ’ਚ ਆਸਟਰੇਲੀਆ ਨੇ ਹਰਾਇਆ ਸੀ। ਇਸ ਤੋਂ ਇਲਾਵਾ ਉਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2023 ’ਚ ਵੀ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਇਸ ਵਾਰ ਭਾਰਤੀ ਟੀਮ ਚੌਦਾਂ ਸਾਲਾਂ ਦੀਆਂ ਅਸਫਲਤਾਵਾਂ ਦਾ ਲੇਖਾ-ਜੋਖਾ ਨਿਪਟਾਉਣ ਲਈ ਉਤਰੇਗੀ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ ਦਾ ਕਾਰਨ ਟੀਮ ਵਿਚ ਚੋਟੀ ਦੇ ਸਪਿਨਰਾਂ ਦੀ ਮੌਜੂਦਗੀ ਹੈ। ਟੂਰਨਾਮੈਂਟ ਤੋਂ ਪਹਿਲਾਂ ਪੰਜ ਸਪਿਨਰਾਂ ਨੂੰ ਟੀਮ ’ਚ ਸ਼ਾਮਲ ਕਰਨ ਦੇ ਫੈਸਲੇ ਦੀ ਭਾਰੀ ਆਲੋਚਨਾ ਹੋਈ ਸੀ ਪਰ ਹੁਣ ਦੁਬਈ ਦੀਆਂ ਹੌਲੀ ਪਿਚਾਂ ’ਤੇ ਇਹ ਮਾਸਟਰਸਟਰੋਕ ਸਾਬਤ ਹੋ ਰਿਹਾ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਦੁਬਈ ’ਚ ਸਾਰੇ ਮੈਚ ਖੇਡਣ ਦਾ ਫਾਇਦਾ ਭਾਰਤ ਨੂੰ ਮਿਲ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਭਾਰਤੀ ਟੀਮ ਨੇ ਅਪਣੇ ਪ੍ਰਦਰਸ਼ਨ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਨਹੀਂ ਹੈ ਕਿ ਪਿੱਚ ਨੂੰ ਇੰਨਾ ਸਪਿੱਨ ਮਿਲ ਰਿਹਾ ਹੈ ਕਿ ਭਾਰਤੀ ਗੇਂਦਬਾਜ਼ ਸਫਲ ਰਹੇ ਹਨ, ਪਰ ਇਨ੍ਹਾਂ ਪਿੱਚਾਂ ’ਤੇ ਉਨ੍ਹਾਂ ਦਾ ਸਬਰ ਕਾਰਗਰ ਸਾਬਤ ਹੋਇਆ ਹੈ। (ਏਜੰਸੀ)