
ਤਿੰਨ ਦਿਨ ਪਹਿਲਾਂ ਪੰਜਾਬ ਕਿੰਗਜ਼ ਨੇ ’ਚ ਸੀ.ਐਸ.ਕੇ. ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ
ਧਰਮਸ਼ਾਲਾ: ਚੇਪੌਕ ਦੇ ਮੈਦਾਨ ’ਚ ਚੇਨਈ ਸੂਪਰ ਕਿੰਗਜ਼ (ਸੀ.ਐਸ.ਕੇ.) ਨੂੰ ਬੁਰੀ ਤਰ੍ਹਾਂ ਹਰਾਉਣ ਵਾਲੀ ਪੰਜਾਬ ਕਿੰਗਜ਼ ਟੀਮ ਦੀ ਨਜ਼ਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਲਗਾਤਾਰ ਦੂਜੇ ਮੈਚ ’ਚ ਮੁੜ ਮੌਜੂਦਾ ਚੈਂਪੀਅਨ ਨੂੰ ਪਛਾੜਨ ’ਤੇ ਹੋਵੇਗੀ।
ਤਿੰਨ ਦਿਨ ਪਹਿਲਾਂ ਪੰਜਾਬ ਕਿੰਗਜ਼ ਨੇ ’ਚ ਸੀ.ਐਸ.ਕੇ. ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। ਘਰੇਲੂ ਮੈਦਾਨ ’ਤੇ ਪਿਛਲੇ ਤਿੰਨ ਮੈਚਾਂ ’ਚ ਟੀਮ ਦੀ ਇਹ ਦੂਜੀ ਹਾਰ ਸੀ, ਜਿਸ ਨੇ ਟੀਮ ਨੂੰ ਮੁਸ਼ਕਲ ’ਚ ਪਾ ਦਿਤਾ ਹੈ। ਸੀ.ਐਸ.ਕੇ. 10 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ ਅਤੇ ਪੰਜ ਵਾਰ ਦੀ ਚੈਂਪੀਅਨ ਟੀਮ ਨੂੰ ਉਮੀਦ ਹੈ ਕਿ ਸਥਾਨ ਬਦਲਣ ਨਾਲ ਉਨ੍ਹਾਂ ਦੀ ਕਿਸਮਤ ਵੀ ਬਦਲ ਜਾਵੇਗੀ ਕਿਉਂਕਿ ਨਾਕਆਊਟ ਪੜਾਅ ਵਿਚ ਅਪਣੀ ਜਗ੍ਹਾ ਪੱਕੀ ਕਰਨ ਲਈ ਸਿਰਫ ਚਾਰ ਮੈਚ ਬਾਕੀ ਹਨ।
ਪੰਜਾਬ ਕਿੰਗਜ਼ ਨੇ ਲਗਾਤਾਰ ਜਿੱਤ ਦਰਜ ਕਰ ਕੇ ਪਲੇਆਫ ਦੀਆਂ ਉਮੀਦਾਂ ਨੂੰ ਵਧਾ ਦਿਤਾ ਹੈ। ਸੀ.ਐਸ.ਕੇ. ’ਤੇ ਜਿੱਤ ਦੇ ਨਾਲ, ਪੰਜਾਬ ਕਿੰਗਜ਼ ਮੁੰਬਈ ਇੰਡੀਅਨਜ਼ ਤੋਂ ਬਾਅਦ ਮੌਜੂਦਾ ਚੈਂਪੀਅਨ ਸੀ.ਐਸ.ਕੇ. ’ਤੇ ਲਗਾਤਾਰ ਪੰਜ ਜਿੱਤਾਂ ਦਰਜ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ ਅਤੇ ਹੁਣ ਉਹ ਇਸ ਦਾ ਫਾਇਦਾ ਉਠਾਉਣਾ ਚਾਹੇਗੀ। ਪੰਜਾਬ ਕਿੰਗਜ਼ ਅਨਿਸ਼ਚਿਤ ਟੀਮ ਹੈ ਜਿਸ ਨੇ ਅਹਿਮਦਾਬਾਦ ’ਚ ਗੁਜਰਾਤ, ਚੇਪੌਕ ’ਚ ਚੇਨਈ ’ਤੇ ਜਿੱਤ ਦਰਜ ਕੀਤੀ ਅਤੇ ਕੇ.ਕੇ.ਆਰ. ਵਿਰੁਧ ਟੀ-20 ਰੀਕਾਰਡ ਸਕੋਰ ਦਾ ਸਫ਼ਲ ਪਿੱਛਾ ਕੀਤਾ। ਹਾਲਾਂਕਿ ਘਰੇਲੂ ਧਰਤੀ ’ਤੇ ਰਾਜਸਥਾਨ ਰਾਇਲਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਜ਼ ਉਨ੍ਹਾਂ ਦੇ ਵਿਰੁਧ ਸੰਘਰਸ਼ ਕਰਦੇ ਨਜ਼ਰ ਆਏ।
ਲਗਾਤਾਰ ਦੋ ਜਿੱਤਾਂ ਤੋਂ ਬਾਅਦ ਪੰਜਾਬ ਕਿੰਗਜ਼ ਅੱਠ ਅੰਕਾਂ ਨਾਲ ਸੱਤਵੇਂ ਸਥਾਨ ’ਤੇ ਪਹੁੰਚ ਗਈ ਹੈ ਅਤੇ ਉਸ ਨੂੰ ਅਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਣ ਲਈ ਇਸ ਲੈਅ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਕੇ.ਕੇ.ਆਰ. ਵਿਰੁਧ ਸੈਂਕੜਾ ਲਗਾਉਣ ਵਾਲੇ ਜੌਨੀ ਬੇਅਰਸਟੋ ਟੀਮ ਲਈ ਮਹੱਤਵਪੂਰਨ ਹੋਣਗੇ ਜਦਕਿ ਰਿਲੀ ਰੂਸੋ, ਸ਼ਸ਼ਾਂਕ ਸਿੰਘ ਅਤੇ ਪ੍ਰਭਸਿਮਰਨ ਸਿੰਘ ਨੂੰ ਵੀ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਟੀਮ ਦੇ ਗੇਂਦਬਾਜ਼ੀ ਵਿਭਾਗ ’ਚ ਕੈਗਿਸੋ ਰਬਾਡਾ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ ਅਤੇ ਸੈਮ ਕੁਰਨ ਵਰਗੇ ਤਜਰਬੇਕਾਰ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਲਗਾਤਾਰ ਗੇਂਦਬਾਜ਼ੀ ਕਰਨੀ ਹੋਵੇਗੀ। ਰਬਾਡਾ ਨੇ ਪਿਛਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਬਾਕੀਆਂ ਨੇ ਦੌੜਾਂ ਲੁੱਟ ਲਈਆਂ। ਜੇਕਰ ਟੀਮ ਨੂੰ ਪਿਛਲੇ ਮੈਚ ਵਾਂਗ ਪ੍ਰਦਰਸ਼ਨ ਕਰਨਾ ਹੈ ਤਾਂ ਉਸ ਦੇ ਸਪਿਨਰ ਬਰਾੜ ਅਤੇ ਰਾਹੁਲ ਚਾਹਰ ਨੂੰ ਫਿਰ ਤੋਂ ਬਿਹਤਰ ਗੇਂਦਬਾਜ਼ੀ ਕਰਨੀ ਹੋਵੇਗੀ।
ਸੀ.ਐਸ.ਕੇ. ਦੀ ਗੱਲ ਕਰੀਏ ਤਾਂ ਪਿਛਲੇ ਮੈਚ ਵਿਚ ਹਰਪ੍ਰੀਤ ਬਰਾੜ ਅਤੇ ਰਾਹੁਲ ਚਾਹਰ ਦੀ ਸਪਿਨ ਜੋੜੀ ਦੇ ਸਾਹਮਣੇ ਸੀ.ਐਸ.ਕੇ. ਵਿਚਕਾਰਲੇ ਓਵਰਾਂ ’ਚ ਗਤੀ ਨਹੀਂ ਵਿਖਾ ਸਕੀ, ਜਿਸ ਨਾਲ ਉਸ ਨੇ ਸੱਤ ਵਿਕਟਾਂ ’ਤੇ 162 ਦੌੜਾਂ ਬਣਾਈਆਂ। ਉਨ੍ਹਾਂ ਦੀ ਬੱਲੇਬਾਜ਼ੀ ਵੀ ਕਪਤਾਨ ਰੁਤੁਰਾਜ ਗਾਇਕਵਾੜ ਅਤੇ ਸ਼ਿਵਮ ਦੂਬੇ ’ਤੇ ਨਿਰਭਰ ਹੁੰਦੀ ਜਾ ਰਹੀ ਹੈ ਅਤੇ ਜਿਵੇਂ ਹੀ ਇਨ੍ਹਾਂ ’ਚੋਂ ਕੋਈ ਇਕ ਅਸਫਲ ਹੁੰਦਾ ਹੈ, ਟੀਮ ਦੇ ਅਸਥਿਰ ਬੱਲੇਬਾਜ਼ਾਂ ’ਤੇ ਦਬਾਅ ਵਧ ਜਾਂਦਾ ਹੈ।
ਗਾਇਕਵਾੜ ਨੇ ਸੀਜ਼ਨ ਦਾ ਅਪਣਾ ਪੰਜਵਾਂ 50 ਤੋਂ ਵੱਧ ਦਾ ਸਕੋਰ ਬਣਾਇਆ ਜਦਕਿ ਤਜਰਬੇਕਾਰ ਬੱਲੇਬਾਜ਼ ਅਜਿੰਕਿਆ ਰਹਾਣੇ ਇਕ ਵਾਰ ਫਿਰ ਸ਼ੁਰੂਆਤ ਦਾ ਫਾਇਦਾ ਚੁੱਕਣ ਵਿਚ ਅਸਫਲ ਰਹੇ ਜਦਕਿ ਰਵਿੰਦਰ ਜਡੇਜਾ ਅਤੇ ਸਮੀਰ ਰਿਜ਼ਵੀ ਸਪਿਨ ਦੇ ਵਿਰੁਧ ਸੰਘਰਸ਼ ਕਰ ਰਹੇ ਸਨ। ਸੀ.ਐਸ.ਕੇ. ਅਪਣੇ ਤੇਜ਼ ਗੇਂਦਬਾਜ਼ਾਂ ਦੀ ਸਿਹਤ ਅਤੇ ਤੰਦਰੁਸਤੀ ਦੀਆਂ ਚਿੰਤਾਵਾਂ ਨੂੰ ਲੈ ਕੇ ਵੀ ਚਿੰਤਤ ਹੈ, ਜਿਸ ਵਿਚ ਦੀਪਕ ਚਾਹਰ ਵੀ ਸ਼ਾਮਲ ਹੈ, ਜੋ ਸਿਰਫ ਦੋ ਗੇਂਦਾਂ ਸੁੱਟਣ ਤੋਂ ਬਾਅਦ ਅਪਣੀ ਹੈਮਸਟ੍ਰਿੰਗ ਫੜਦੇ ਹੋਏ ਵੇਖਿਆ ਗਿਆ ਸੀ, ਜਿਸ ਕਾਰਨ ਉਸ ਦੇ ਪੰਜਾਬ ਕਿੰਗਜ਼ ਵਿਰੁਧ ਇਸ ਦੂਜੇ ਮੈਚ ਵਿਚ ਖੇਡਣ ਦੀ ਸੰਭਾਵਨਾ ਨਹੀਂ ਹੈ।
ਮੁੱਖ ਗੇਂਦਬਾਜ਼ਾਂ ਮਤੀਸ਼ਾ ਪਾਥੀਰਾਨਾ (ਮਾਮੂਲੀ ਸੱਟ) ਅਤੇ ਤੁਸ਼ਾਰ ਦੇਸ਼ਪਾਂਡੇ (ਫਲੂ) ਦੀ ਗੈਰਹਾਜ਼ਰੀ ਨੇ ਟੀਮ ਨੂੰ ਨੁਕਸਾਨ ਪਹੁੰਚਾਇਆ। ਅਤੇ ਫਿਰ ਓਸ ਨੇ ਸਪਿਨਰਾਂ ਦੀ ਮਹੱਤਤਾ ਨੂੰ ਘਟਾ ਦਿਤਾ ਕਿਉਂਕਿ ਪੰਜਾਬ ਕਿੰਗਜ਼ ਆਸਾਨੀ ਨਾਲ ਜਿੱਤ ਗਈ। ਰਿਚਰਡ ਗਲੀਸਨ ਨੇ ਪਿਛਲੇ ਮੈਚ ’ਚ ਆਈ.ਪੀ.ਐਲ. ’ਚ ਡੈਬਿਊ ਕੀਤਾ ਸੀ ਅਤੇ ਸੀ.ਐਸ.ਕੇ. ਮੁਕੇਸ਼ ਚੌਧਰੀ ਨੂੰ ਵਾਪਸ ਬੁਲਾ ਸਕਦੀ ਹੈ।
ਟੀਮਾਂ ਹੇਠ ਲਿਖੇ ਅਨੁਸਾਰ ਹਨ:
ਚੇਨਈ ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ (ਕਪਤਾਨ), ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਅਰਵੇਲੀ ਅਵਨੀਸ਼, ਅਜਿੰਕਿਆ ਰਹਾਣੇ, ਸ਼ੇਖ ਰਸ਼ੀਦ, ਮੋਇਨ ਅਲੀ, ਸ਼ਿਵਮ ਦੂਬੇ, ਆਰਐਸ ਹੰਗਰਗੇਕਰ, ਰਵਿੰਦਰ ਜਡੇਜਾ, ਅਜੇ ਜਾਧਵ ਮੰਡਲ, ਡੈਰਿਲ ਮਿਸ਼ੇਲ, ਰਚਿਨ ਰਵਿੰਦਰ, ਮਿਸ਼ੇਲ ਸੈਂਟਨਰ, ਨਿਸ਼ਾਂਤ ਸਿੰਧੂ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੁਕੇਸ਼ ਚੌਧਰੀ, ਮਤੀਸ਼ਾ ਪਥੀਰਾਨਾ, ਸਿਮਰਜੀਤ ਸਿੰਘ, ਪ੍ਰਸ਼ਾਂਤ ਸੋਲੰਕੀ, ਸ਼ਾਰਦੁਲ ਠਾਕੁਰ, ਮਹੇਸ਼ ਥੀਕਸ਼ਨਾ ਅਤੇ ਸਮੀਰ ਰਿਜ਼ਵੀ।
ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ਾਰਟ, ਜੌਨੀ ਬੇਅਰਸਟੋ (ਵਿਕਟਕੀਪਰ), ਪ੍ਰਭਸਿਮਰਨ ਸਿੰਘ (ਵਿਕਟਕੀਪਰ), ਜੀਤੇਸ਼ ਸ਼ਰਮਾ (ਵਿਕਟਕੀਪਰ), ਸਿਕੰਦਰ ਰਜ਼ਾ, ਰਿਸ਼ੀ ਧਵਨ, ਲਿਆਮ ਲਿਵਿੰਗਸਟੋਨ, ਅਥਰਵ ਤਾਇਡੇ, ਅਰਸ਼ਦੀਪ ਸਿੰਘ, ਨਾਥਨ ਐਲਿਸ, ਸੈਮ ਕੁਰਨ, ਕੈਗਿਸੋ ਰਬਾਡਾ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਹਰਪ੍ਰੀਤ ਭਾਟੀਆ, ਵਿਦਵਥ ਕਾਵੇਰੱਪਾ, ਸ਼ਿਵਮ ਸਿੰਘ, ਹਰਸ਼ਲ ਪਟੇਲ, ਕ੍ਰਿਸ ਵੋਕਸ, ਆਸ਼ੂਤੋਸ਼ ਸ਼ਰਮਾ, ਵਿਸ਼ਵਨਾਥ ਪ੍ਰਤਾਪ ਸਿੰਘ, ਸ਼ਸ਼ਾਂਕ ਸਿੰਘ, ਤਨਯ ਥਿਆਗਰਾਜਨ, ਪ੍ਰਿੰਸ ਚੌਧਰੀ, ਰਿਲੀ ਰੂਸੋ।
ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।