
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਤੇ ਅੰਤਿਮ ਟੈਸਟ ਦੇ ਦੂਜੇ ਦਿਨ ਭਾਰਤ ਵਲੋਂ ਪਹਿਲੀ ਪਾਰੀ 'ਚ 7 ਵਿਕਟਾਂ ਦੇ ਨੁਕਸਾਨ 'ਤੇ 622 ਦੌੜਾਂ........
ਸਿਡਨੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਤੇ ਅੰਤਿਮ ਟੈਸਟ ਦੇ ਦੂਜੇ ਦਿਨ ਭਾਰਤ ਵਲੋਂ ਪਹਿਲੀ ਪਾਰੀ 'ਚ 7 ਵਿਕਟਾਂ ਦੇ ਨੁਕਸਾਨ 'ਤੇ 622 ਦੌੜਾਂ ਬਣਾਉਣ ਦੇ ਜਵਾਬ 'ਚ ਆਸਟ੍ਰੇਲੀਆ ਨੇ ਬਿਨਾਂ ਵਿਕਟ ਗੁਆਏ 24 ਦੌੜਾਂ ਬਣਾ ਲਈਆਂ ਹਨ। ਮਾਰਕਸ ਹੈਰਿਸ 19 ਅਤੇ ਉਸਮਾਨ ਖਵਾਜਾ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਆਸਟ੍ਰੇਲੀਆ ਅਜੇ ਵੀ ਭਾਰਤ ਤੋਂ 598 ਦੌੜਾਂ ਪਿਛੇ ਹੈ। ਭਾਰਤੀ ਟੀਮ ਨੇ ਅਪਣੀ ਪਹਿਲੀ ਪਾਰੀ ਪੁਜਾਰਾ ਅਤੇ ਪੰਤ ਦੇ ਸੈਂਕੜਿਆਂ ਦੀ ਬਦੌਲਤ 622/7 ਦੌੜਾਂ 'ਤੇ ਐਲਾਨ ਦਿਤੀ। ਰਿਸ਼ਭ ਪੰਤ 159 ਦੌੜਾਂ 'ਤੇ ਅਜੇਤੂ ਰਹੇ।
ਚੇਤੇਸ਼ਵਰ ਪੁਜਾਰਾ ਨੇ ਰਿਸ਼ਭ ਪੰਤ ਦੇ ਨਾਲ ਛੇਵੇਂ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਇੰਡੀਆ ਨੂੰ 400 ਦੌੜਾਂ ਦੇ ਪਾਰ ਪਹੁੰਚਾਇਆ। ਪੁਜਾਰਾ ਦੋਹਰੇ ਸੈਂਕੜੇ ਦੇ ਬੇਹੱਦ ਕਰੀਬ ਸਨ ਪਰ ਨਾਥਨ ਲੀਓਨ ਦੀ ਇਕ ਗੇਂਦ ਨੇ ਉਨ੍ਹਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਪੁਜਾਰਾ ਨੇ 22 ਚੌਕਿਆਂ ਦੀ ਮਦਦ ਨਾਲ 193 ਦੌੜਾਂ ਬਣਾਈਆਂ। ਪੁਜਾਰਾ ਨੇ 9 ਘੰਟੇ 7 ਮਿੰਟ ਕ੍ਰੀਜ਼ 'ਤੇ ਬਿਤਾਉਂਦੇ ਹੋਏ ਇਹ ਪਾਰੀ ਖੇਡੀ। ਲਿਓਨ ਨੇ ਆਪਣੀ ਹੀ ਗੇਂਦ 'ਤੇ ਪੁਜਾਰਾ ਦਾ ਕੈਚ ਫੜਿਆ। ਜਦਕਿ ਰਵਿੰਦਰ ਜਡੇਜਾ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ।
30 ਸਾਲਾ ਵਿਰਾਟ ਦੀ ਅਗਵਾਈ ਹੇਠ ਭਾਰਤੀ ਟੀਮ ਦੀਆਂ ਨਜ਼ਰਾਂ ਨਵੇਂ ਸਾਲ 2019 ਦੀ ਸ਼ੁਰੂਆਤ 'ਚ ਇਤਿਹਾਸ ਰਚਣ 'ਤੇ ਲੱਗੀਆਂ ਹਨ। ਭਾਰਤ ਨੇ 1947-48 'ਚ ਪਹਿਲੀ ਵਾਰ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ ਅਤੇ 4 ਟੈਸਟ ਮੈਚਾਂ ਦੀ ਲੜੀ 0-4 ਨਾਲ ਗੁਆ ਦਿਤੀ ਸੀ। ਭਾਰਤ ਨੇ ਹੁਣ ਤੱਕ ਆਸਟ੍ਰੇਲੀਆਈ ਜ਼ਮੀਨ 'ਤੇ 11 ਲੜੀਆਂ ਖੇਡੀਆਂ ਹਨ।
ਉਹ ਇਕ ਵਾਰ ਵੀ ਆਸਟ੍ਰੇਲੀਆ 'ਚ ਲੜੀ ਨਹੀਂ ਜਿੱਤ ਸਕਿਆ ਹੈ। ਹਾਲਾਂਕਿ ਭਾਰਤੀ ਟੀਮ 4 ਟੈਸਟ ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਤੋਂ ਬਾਅਦ ਖੁਸ਼ ਹੈ ਪਰ ਬਾਰਡਰ-ਗਾਵਸਕਰ ਟਰਾਫੀ ਆਪਣੇ ਨਾਂ ਕਰਨ ਲਈ ਉਸ ਨੂੰ ਸਿਡਨੀ ਟੈਸਟ ਹਰ ਹਾਲ ਵਿਚ ਜਿੱਤਣਾ ਹੋਵੇਗਾ । ਇਸ ਗਰਾਊਂਡ 'ਤੇ ਕੁਲ 11 ਮੈਚਾਂ ਵਿਚੋਂ ਭਾਰਤ ਨੇ ਸਿਰਫ 1 ਵਾਰ ਸਾਲ 1978 ਵਿਚ ਟੈਸਟ ਜਿੱਤਿਆ ਸੀ।
ਪੁਜਾਰਾ ਨੇ ਤੋੜਿਆ 90 ਸਾਲ ਪੁਰਾਣਾ ਰਿਕਾਰਡ
ਭਾਰਤੀ ਕ੍ਰਿਕਟ ਟੀਮ ਲਈ ਟੈਸਟ 'ਚ ਅਹਿਮ ਬੱਲੇਬਾਜ਼ ਬਣ ਚੁੱਕੇ ਚੇਤੇਸ਼ਵਰ ਪੁਜਾਰਾ ਆਸਟਰੇਲੀਆ ਦੇ ਵਿਰੁਧ ਚੌਥੇ ਟੈਸਟ 'ਚ ਭਾਵੇਂ ਦੋਹਰੇ ਸੈਂਕੜੇ ਤੋਂ ਖੁੰਝੇ ਗਏ, ਪਰ ਉਹ 90 ਸਾਲ ਪੁਰਾਣਾ ਇਕ ਰਿਕਾਰਡ ਤੋੜ ਕੇ ਛਾ ਗਏ ਹਨ। ਉਨ੍ਹਾਂ ਨੇ ਪਹਿਲੀ ਪਾਰੀ 'ਚ 373 ਗੇਂਦਾਂ 'ਚ 22 ਚੌਕਿਆਂ ਦੇ ਨਾਲ 183 ਦੌੜਾਂ ਬਣਾਈਆਂ। ਇਸੇ ਦੇ ਨਾਲ ਪੁਜਾਰਾ ਆਸਟ੍ਰੇਲੀਆ 'ਚ ਕਿਸੇ 4 ਮੈਚਾਂ ਜਾਂ ਇਸ ਤੋਂ ਘੱਟ ਮੈਚਾਂ ਦੀ ਲੜੀ 'ਚ ਸਭ ਤੋਂ ਜ਼ਿਆਦਾ ਗੇਂਦਾਂ ਖੇਡਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਪੁਜਾਰਾ ਇਸ ਦੌਰੇ 'ਤੇ 1258 ਗੇਂਦਾਂ ਖੇਡ ਚੁੱਕੇ ਹਨ।