
39 ਸਾਲ ਦੇ ਗਿੱਲ ਨੂੰ ਸਨਿਚਰਵਾਰ ਹੋਣ ਵਾਲੇ ਕ੍ਰਿਸਟਲ ਪੈਲੇਸ ਬਨਾਮ ਲੂਟਨ ਫ਼ੁਟਬਾਲ ਮੈਚ ਦਾ ਚਾਰਜ ਸੰਭਾਲਣ ਲਈ ਨਿਯੁਕਤ ਕੀਤਾ ਗਿਆ
ਲੰਡਨ: ਸੰਨੀ ਸਿੰਘ ਗਿੱਲ ਪ੍ਰੀਮੀਅਰ ਲੀਗ ਮੈਚ ’ਚ ਰੈਫਰੀ ਬਣਨ ਵਾਲੇ ਪਹਿਲੇ ਪੰਜਾਬੀ ਮੂਲ ਦੇ ਵਿਅਕਤੀ ਹੋਣਗੇ। ਪ੍ਰੋਫੈਸ਼ਨਲ ਗੇਮ ਮੈਚ ਆਫੀਸ਼ੀਅਲਜ਼ ਲਿਮਟਿਡ (ਪੀ.ਜੀ.ਐਮ.ਓ.ਐਲ.) ਨੇ ਐਲਾਨ ਕੀਤਾ ਹੈ ਕਿ 39 ਸਾਲ ਦੇ ਗਿੱਲ ਨੂੰ ਸਨਿਚਰਵਾਰ ਹੋਣ ਵਾਲੇ ਕ੍ਰਿਸਟਲ ਪੈਲੇਸ ਬਨਾਮ ਲੂਟਨ ਦਾ ਚਾਰਜ ਸੰਭਾਲਣ ਲਈ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੇ ਪਿਤਾ ਜਰਨੈਲ ਦਸਤਾਰ ਪਹਿਨਣ ਵਾਲੇ ਪਹਿਲੇ ਅਤੇ ਇਕਲੌਤੇ ਇੰਗਲਿਸ਼ ਲੀਗ ਫੁੱਟਬਾਲ ਰੈਫਰੀ ਹਨ, ਜਿਨ੍ਹਾਂ ਨੇ 2004 ਤੋਂ 2010 ਦੇ ਵਿਚਕਾਰ 150 ਮੈਚਾਂ ’ਚ ਅੰਪਾਇਰਿੰਗ ਕੀਤੀ। ਇਸ ਦੌਰਾਨ, ਉਨ੍ਹਾਂ ਦੇ ਭਰਾ ਭੁਪਿੰਦਰ ਪ੍ਰੀਮੀਅਰ ਲੀਗ ਸਹਾਇਕ ਰੈਫਰੀ ਵਜੋਂ ਸੇਵਾ ਨਿਭਾਉਣ ਵਾਲਾ ਪਹਿਲਾ ਪੰਜਾਬੀ ਮੂਲ ਦੇ ਵਿਅਕਤੀ ਬਣ ਗਏ ਜਦੋਂ ਉਨ੍ਹਾਂ ਨੇ ਜਨਵਰੀ 2023 ’ਚ ਸਾਊਥੈਮਪਟਨ ਅਤੇ ਨਾਟਿੰਘਮ ਫਾਰੈਸਟ ਵਿਚਕਾਰ ਮੈਚ ’ਚ ਲਾਈਨ ਚਲਾਈ।
ਸੰਨੀ ਨੇ ਈ.ਐਫ.ਐਲ. ਨੂੰ ਦਸਿਆ, ‘‘ਫੁੱਟਬਾਲ ਹਮੇਸ਼ਾ ਸਾਡੇ ਪਰਵਾਰ ਦੀ ਪਸੰਦੀਦਾ ਖੇਡ ਰਹੀ ਹੈ। ਮੈਂ ਅਤੇ ਮੇਰਾ ਭਰਾ ਖੇਡ ਨੂੰ ਪਿਆਰ ਕਰਦੇ ਹੋਏ ਵੱਡੇ ਹੋਏ ਅਤੇ ਜ਼ਿਆਦਾਤਰ ਛੋਟੇ ਬੱਚਿਆਂ ਵਾਂਗ, ਅਸੀਂ ਸਿਰਫ ਖੇਡਣਾ ਚਾਹੁੰਦੇ ਸੀ। ਪਰ ਸਾਡੇ ਘਰ ’ਚ ਇਹ ਥੋੜਾ ਵੱਖਰਾ ਸੀ ਕਿਉਂਕਿ ਜਦੋਂ ਅਸੀਂ ਪ੍ਰਾਇਮਰੀ ਸਕੂਲ ਜਾ ਰਹੇ ਸੀ, ਤਾਂ ਸਾਨੂੰ ਪਤਾ ਸੀ ਕਿ ਸਾਡੇ ਡੈਡੀ ਹਫਤੇ ਦੇ ਅੰਤ ’ਚ ਰੈਫਰੀ ਬਣਨਗੇ।’’
ਉਨ੍ਹਾਂ ਕਿਹਾ, ‘‘ਕਈ ਵਾਰ ਉਹ ਪ੍ਰੀਮੀਅਰ ਲੀਗ ਵਿਚ ਚੌਥੇ ਅਧਿਕਾਰੀ ਹੁੰਦੇ ਅਤੇ ਸਾਡੇ ਦੋਸਤ ਕਹਿੰਦੇ ਸਨ ਕਿ ‘ਮੈਂ ਤੇਰੇ ਡੈਡੀ ਨੂੰ ‘ਮੈਚ ਆਫ ਦਿ ਡੇਅ’ ’ਤੇ ਵੇਖਿਆ ਸੀ’।’’