
ਇਹ ਸੀਰੀਜ਼ ਭਾਰਤ ਨੂੰ ਪੈਰਿਸ ਓਲੰਪਿਕ ਤੋਂ ਪਹਿਲਾਂ ਅਪਣੀਆਂ ਤਾਕਤਾਂ ਅਤੇ ਕਮਜ਼ੋਰੀਆਂ ਦਾ ਮੁਲਾਂਕਣ ਕਰਨ ਦਾ ਮੌਕਾ ਦੇਵੇਗੀ।
ਪਰਥ: ਸ਼ਾਨਦਾਰ ਫਾਰਮ ’ਚ ਚੱਲ ਰਹੀ ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਤੋਂ ਪਹਿਲਾਂ ਅਪਣੀਆਂ ਤਿਆਰੀਆਂ ਨੂੰ ਪੁਖਤਾ ਕਰਨ ਲਈ ਆਸਟਰੇਲੀਆ ਵਿਰੁਧ ਸਨਿਚਰਵਾਰ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ’ਚ ਅਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗੀ।
ਇਹ ਸੀਰੀਜ਼ ਭਾਰਤ ਨੂੰ ਪੈਰਿਸ ਓਲੰਪਿਕ ਤੋਂ ਪਹਿਲਾਂ ਅਪਣੀਆਂ ਤਾਕਤਾਂ ਅਤੇ ਕਮਜ਼ੋਰੀਆਂ ਦਾ ਮੁਲਾਂਕਣ ਕਰਨ ਦਾ ਮੌਕਾ ਦੇਵੇਗੀ। ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, ‘‘ਪੈਰਿਸ ਓਲੰਪਿਕ ਦੀ ਤਿਆਰੀ ਲਈ ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ। ਸਾਨੂੰ ਅਪਣੀਆਂ ਰਣਨੀਤੀਆਂ ਨੂੰ ਅੰਤਿਮ ਰੂਪ ਦੇਣਾ ਪਏਗਾ ਅਤੇ ਉਨ੍ਹਾਂ ਪਹਿਲੂਆਂ ਦਾ ਪਤਾ ਲਗਾਉਣਾ ਪਏਗਾ ਜਿਨ੍ਹਾਂ ’ਚ ਸੁਧਾਰ ਦੀ ਲੋੜ ਹੈ।’’
ਉਨ੍ਹਾਂ ਕਿਹਾ, ‘‘ਸਾਡਾ ਧਿਆਨ ਅਪਣੀ ਰਣਨੀਤੀ ਨੂੰ ਅਸਰਦਾਰ ਢੰਗ ਨਾਲ ਲਾਗੂ ਕਰ ਕੇ ਆਸਟਰੇਲੀਆ ਦੀ ਚੁਨੌਤੀ ਦਾ ਜਵਾਬ ਦੇਣ ’ਤੇ ਹੋਵੇਗਾ।’’ ਭਾਰਤ ਨੇ ਆਖਰੀ ਵਾਰ 2014 ’ਚ ਵਿਦੇਸ਼ ’ਚ ਟੈਸਟ ਸੀਰੀਜ਼ ਜਿੱਤੀ ਸੀ। ਫ਼ਰਵਰੀ ’ਚ ਐਫ.ਆਈ.ਐਚ. ਪ੍ਰੋ ਲੀਗ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਭਾਰਤ ਨੇ ਪ੍ਰੋ ਲੀਗ ਵਿਚ ਭੁਵਨੇਸ਼ਵਰ ਵਿਚ ਚਾਰ ਵਿਚੋਂ ਤਿੰਨ ਮੈਚ ਜਿੱਤੇ ਅਤੇ ਰਾਊਰਕੇਲਾ ਵਿਚ ਅਜੇਤੂ ਰਹੀ।
ਉਹ ਆਸਟਰੇਲੀਆ ਵਿਰੁਧ ਦੋਵੇਂ ਮੈਚ ਹਾਰ ਗਿਆ ਸੀ ਕਿਉਂਕਿ ਓਲੰਪਿਕ ’ਚ ਦੋਵੇਂ ਟੀਮਾਂ ਇਕੋ ਗਰੁੱਪ ’ਚ ਹਨ, ਇਸ ਲਈ ਟੈਸਟ ਸੀਰੀਜ਼ ਦੋਹਾਂ ਨੂੰ ਇਕ ਦੂਜੇ ਦਾ ਮੁਲਾਂਕਣ ਕਰਨ ਦਾ ਮੌਕਾ ਦੇਵੇਗੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ, ‘‘ਅਸੀਂ ਇਸ ਚੁਨੌਤੀ ਲਈ ਤਿਆਰ ਹਾਂ। ਅਸੀਂ ਜਾਣਦੇ ਹਾਂ ਕਿ ਆਸਟਰੇਲੀਆ ਸਖਤ ਵਿਰੋਧੀ ਹੈ ਪਰ ਸਾਨੂੰ ਅਪਣੀ ਯੋਗਤਾ ਅਤੇ ਤਿਆਰੀ ’ਤੇ ਭਰੋਸਾ ਹੈ। ਸਾਡਾ ਟੀਚਾ ਨਾ ਸਿਰਫ ਇਸ ਸੀਰੀਜ਼ ਵਿਚ ਚੰਗਾ ਪ੍ਰਦਰਸ਼ਨ ਕਰਨਾ ਹੈ ਬਲਕਿ ਇਕ ਇਕਾਈ ਵਜੋਂ ਅਪਣੇ ਆਪ ਨੂੰ ਨਿਖਾਰਨਾ ਵੀ ਹੈ।’’ 2013 ਤੋਂ ਲੈ ਕੇ ਹੁਣ ਤਕ ਭਾਰਤ ਅਤੇ ਆਸਟਰੇਲੀਆ ਵਿਚਾਲੇ 43 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿਚੋਂ ਆਸਟਰੇਲੀਆ ਨੇ 28 ਅਤੇ ਭਾਰਤ ਨੇ ਅੱਠ ਜਿੱਤੇ ਹਨ। ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।