
ਪਾਕਿਸਤਾਨ 159 ਦੌੜਾਂ 'ਤੇ ਆਲ ਆਊਟ
Women's Cricket World Cup 2025: ਭਾਰਤ ਨੇ ਪਾਕਿਸਤਾਨ ਨੂੰ ਮਹਿਲਾ ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿਚ ਹਰਾ ਦਿਤਾ ਹੈ। ਉਮੀਦ ਅਨੁਸਾਰ ਮੈਚ ਦੌਰਾਨ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਆਪਰੇਸ਼ਨ ਸੰਧੂਰ’ ਤੋਂ ਬਾਅਦ ਬਣਿਆ ਤਿੱਖਾ ਤਣਾਅ ਕਾਇਮ ਰਿਹਾ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਮਹਿਲਾ ਵਿਸ਼ਵ ਕੱਪ ਮੈਚ ਲਈ ਟਾਸ ਦੌਰਾਨ ਅਪਣੀ ਪਾਕਿਸਤਾਨੀ ਹਮਰੁਤਬਾ ਫਾਤਿਮਾ ਸਨਾ ਨਾਲ ਹੱਥ ਨਹੀਂ ਮਿਲਾਇਆ। ਬੀ.ਸੀ.ਸੀ.ਆਈ. ਨੇ ਖਿਡਾਰੀਆਂ ਨੂੰ ਪਾਕਿਸਤਾਨੀ ਟੀਮ ਦੇ ਮੈਂਬਰਾਂ ਨਾਲ ਰਵਾਇਤੀ ਹੱਥ ਮਿਲਾਉਣ ਤੋਂ ਬਚਣ ਲਈ ਕਿਹਾ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ ਜਿੱਤ ਲਈ 248 ਦੌੜਾਂ ਦਾ ਟੀਚਾ ਦਿਤਾ ਸੀ। ਚੰਗੀ ਸ਼ੁਰੂਆਤ ਦੇ ਬਾਵਜੂਦ ਭਾਰਤ ਵਲੋਂ ਕੋਈ ਅੱਧੇ ਸੈਂਕੜੇ ਤਕ ਨਾ ਪਹੁੰਚ ਸਕਿਆ। ਹਰਲੀਨ ਦਿਓਲ ਨੇ ਸਭ ਤੋਂ ਜ਼ਿਆਦਾ 46 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਸਾਦਿਰਾ ਅਮੀਨ ਤੋਂ ਇਲਾਵਾ ਕੋਈ ਪਾਕਿਸਤਾਨੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੀ। ਸਾਦਿਰਾ ਅਮੀਨ ਨੇ ਸਭ ਤੋਂ ਜ਼ਿਆਦਾ 81 ਦੌੜਾਂ ਬਣਾਈਆਂ। ਪਾਕਿਸਤਾਨ ਦੀ ਪੂਰੀ ਟੀਮ 159 ਦੌੜਾਂ ਬਣਾ ਕੇ ਆਉਟ ਹੋ ਗਈ। ਅਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਭਾਰਤ 8 ਟੀਮਾਂ ਦੇ ਟੂਰਨਾਮੈਂਟ ’ਚ ਅੰਕ ਤਾਲਿਕਾ ਦੇ ਸਿਖਰ ’ਤੇ ਪਹੁੰਚ ਗਿਆ ਹੈ।
ਹਾਲਾਂਕਿ ਟਾਸ ਦੌਰਾਨ ਮੈਚ ਰੈਫਰੀ ਸ਼ੈਂਡਰੇ ਫਰਿਟਜ਼ ਨੇ ਗਲਤੀ ਨਾਲ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੂੰ ਜੇਤੂ ਐਲਾਨ ਕੀਤਾ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸਿੱਕਾ ਉਛਾਲਿਆ ਸੀ, ਅਤੇ ਸਨਾ ਨੇ ‘ਟੇਲ’ ਕਿਹਾ। ਪਰ ਫਰਿਟਜ਼ ਨੇ ਇਸ ਨੂੰ ਗ਼ਲਤੀ ਨਾਲ ‘ਹੈੱਡ’ ਸਮਝ ਲਿਆ। ਮੇਲ ਜੋਨਸ ਨੇ ਵੀ ਉਨ੍ਹਾਂ ਦੀ ਗਲਤੀ ਨਹੀਂ ਸੁਧਾਰੀ। ਸਿੱਕਾ ਡਿੱਗਣ ’ਤੇ ‘ਹੈੱਡ’ ਆਇਆ, ਅਤੇ ਨਤੀਜਾ ਪਾਕਿਸਤਾਨ ਵਲ ਚਲਾ ਗਿਆ, ਜਿਸ ਨਾਲ ਪਾਕਿਸਤਾਨ ਨੂੰ ਬੱਦਲਵਾਈ ਵਾਲੀਆਂ ਸਥਿਤੀਆਂ ਵਿਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਹਰਮਨਪ੍ਰੀਤ ਨੇ ਵੀ ਕੋਈ ਪ੍ਰਤੀਕ੍ਰਿਆ ਨਹੀਂ ਦਿਤੀ ਅਤੇ ਪਰ ਬਾਅਦ ’ਚ ਉਨ੍ਹਾਂ ਨੂੰ ਜੋਨਸ ਨਾਲ ਗੱਲ ਕਰਦਿਆਂ ਵੇਖਿਆ ਗਿਆ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਮਾਪਤ ਹੋਏ ਪੁਰਸ਼ਾਂ ਦੇ ਏਸ਼ੀਆ ਕੱਪ ’ਚ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਿੰਨੋਂ ਮੈਚ ਤਣਾਅ ਭਰੇ ਮਾਹੌਲ ਵਿਚ ਹੋਏ। ਭਾਰਤੀ ਖਿਡਾਰੀਆਂ ਨੇ ਵਿਰੋਧੀ ਟੀਮ ਨਾਲ ਮੈਚ ਤੋਂ ਪਹਿਲਾਂ ਜਾਂ ਬਾਅਦ ਵਿਚ ਹੱਥ ਨਹੀਂ ਮਿਲਾਇਆ। ਚੈਂਪੀਅਨ ਭਾਰਤ ਨੇ ਏਸ਼ੀਆ ਕੱਪ ਟਰਾਫੀ ਏ.ਸੀ.ਸੀ. ਦੇ ਪ੍ਰਧਾਨ ਮੋਹਸਿਨ ਨਕਵੀ ਤੋਂ ਵੀ ਲੈਣ ਤੋਂ ਇਨਕਾਰ ਕਰ ਦਿਤਾ ਸੀ, ਜੋ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਅਤੇ ਸਰਕਾਰ ਵਿਚ ਗ੍ਰਹਿ ਮੰਤਰੀ ਹਨ।
ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੋਹਾਂ ਗੁਆਂਢੀਆਂ ਵਿਚਾਲੇ ਦੁਸ਼ਮਣੀ ਹੁਣ ਤਕ ਦੀ ਸਿਖਰ ਉਤੇ ਹੈ, ਜਿਸ ਵਿਚ ਪਾਕਿਸਤਾਨ ਸਮਰਥਿਤ ਅਤਿਵਾਦੀਆਂ ਨੇ 26 ਭਾਰਤੀ ਸੈਲਾਨੀਆਂ ਨੂੰ ਗੋਲੀ ਮਾਰ ਕੇ ਮਾਰ ਦਿਤਾ ਸੀ। ਇਸ ਤੋਂ ਬਾਅਦ ਭਾਰਤ ਨੇ ਸਰਹੱਦ ਪਾਰ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਲਈ ‘ਆਪਰੇਸ਼ਨ ਸਿੰਦੂਰ’ ਤਹਿਤ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ।