
ਜ਼ਿੰਬਾਬਵੇ ਨੇ ਤੇਜ਼ ਗੇਂਦਬਾਜ਼ ਤੇਂਦਾਈ ਚਤਾਰਾ (16 ਦੌੜਾਂ ’ਤੇ 3 ਵਿਕਟਾਂ) ਅਤੇ ਕਪਤਾਨ ਸਿਕੰਦਰ ਰਜ਼ਾ (25 ਦੌੜਾਂ ’ਤੇ 3 ਵਿਕਟਾਂ) ਦੀ ਬਦੌਲਤ ਹਾਸਲ ਕੀਤੀ ਜਿੱਤ
ਹਰਾਰੇ: ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਸਨਿਚਰਵਾਰ ਨੂੰ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਕੌਮਾਂਤਰੀ ਮੈਚ ’ਚ ਘੱਟ ਤਜਰਬੇਕਾਰ ਜ਼ਿੰਬਾਬਵੇ ਹੱਥੋਂ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਲੈਗ ਸਪਿਨਰ ਰਵੀ ਬਿਸ਼ਨੋਈ ਦੀ ਅਗਵਾਈ ’ਚ ਭਾਰਤੀ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਨੂੰ 9 ਵਿਕਟਾਂ ’ਤੇ 115 ਦੌੜਾਂ ’ਤੇ ਰੋਕ ਦਿਤਾ। ਪਰ ਉਛਾਲ ਭਰੀ ਪਿੱਚ ’ਤੇ ਭਾਰਤੀ ਬੱਲੇਬਾਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਪਾਵਰਪਲੇਅ ’ਚ ਚਾਰ ਵਿਕਟਾਂ ਗੁਆ ਦਿਤੀਆਂ ਅਤੇ ਪੂਰੀ ਟੀਮ 19.5 ਓਵਰਾਂ ’ਚ 102 ਦੌੜਾਂ ’ਤੇ ਸਿਮਟ ਗਈ।
ਹਾਲ ਹੀ ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਭਾਰਤ ਨੇ ਇਸ ਦੌਰੇ ’ਤੇ ਨੌਜੁਆਨ ਖਿਡਾਰੀਆਂ ਨੂੰ ਮੈਦਾਨ ’ਚ ਉਤਾਰਿਆ ਸੀ ਅਤੇ ਉਨ੍ਹਾਂ ਤੋਂ ਜ਼ਿੰਬਾਬਵੇ ’ਤੇ ਆਸਾਨੀ ਨਾਲ ਜਿੱਤ ਦੀ ਉਮੀਦ ਕੀਤੀ ਜਾ ਰਹੀ ਸੀ।
ਪਰ ਜ਼ਿੰਬਾਬਵੇ ਨੇ ਤੇਜ਼ ਗੇਂਦਬਾਜ਼ ਤੇਂਦਾਈ ਚਤਾਰਾ (16 ਦੌੜਾਂ ’ਤੇ 3 ਵਿਕਟਾਂ) ਅਤੇ ਕਪਤਾਨ ਸਿਕੰਦਰ ਰਜ਼ਾ (25 ਦੌੜਾਂ ’ਤੇ 3 ਵਿਕਟਾਂ) ਦੀ ਬਦੌਲਤ ਭਾਰਤ ਨੂੰ ਹਰਾਇਆ। ਇਹ 2024 ’ਚ ਟੀ-20 ਕੌਮਾਂਤਰੀ ਮੈਚਾਂ ’ਚ ਭਾਰਤ ਦੀ ਪਹਿਲੀ ਹਾਰ ਸੀ। ਇਹ ਅੱਠ ਸਾਲਾਂ ’ਚ ਜ਼ਿੰਬਾਬਵੇ ਵਿਰੁਧ ਭਾਰਤ ਦੀ ਪਹਿਲੀ ਹਾਰ ਸੀ।
ਇਸ ਮੈਚ ’ਚ ਭਾਰਤ ਨੇ ਤਿੰਨ ਖਿਡਾਰੀਆਂ ਦਾ ਡੈਬਿਊ ਕੀਤਾ ਸੀ। ਡੈਬਿਊ ਕਰ ਰਹੇ ਅਭਿਸ਼ੇਕ ਸ਼ਰਮਾ (ਜ਼ੀਰੋ) ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਪਾਰੀ ਦੇ ਪਹਿਲੇ ਓਵਰ ’ਚ ਬ੍ਰਾਇਨ ਬੇਨੇਟ ਦੀ ਗੇਂਦ ’ਤੇ ਵੈਲਿੰਗਟਨ ਮਸਾਕਾਦਜ਼ਾ ਦੇ ਹੱਥੋਂ ਕੈਚ ਹੋ ਗਏ। ਰੁਤੁਰਾਜ ਗਾਇਕਵਾੜ (07) ਨੇ ਨੌਂ ਗੇਂਦਾਂ ਖੇਡਣ ਤੋਂ ਬਾਅਦ ਚੌਕਾ ਮਾਰਿਆ ਸੀ ਕਿ ਬਲੈਸਿੰਗ ਮੁਜਾਰਾਬਾਨੀ ਦੀ ਚੰਗੀ ਲੰਬਾਈ ਵਾਲੀ ਗੇਂਦ ਉਸ ਦੇ ਬੱਲੇ ਦੇ ਕਿਨਾਰੇ ’ਤੇ ਲੱਗੀ ਅਤੇ ਇਨੋਸੈਂਟ ਕੈਆ ਦੇ ਹੱਥ ’ਚ ਡਿੱਗ ਗਈ।
ਚਟਾਰਾ ਨੇ ਰਿਆਨ ਪਰਾਗ (2) ਅਤੇ ਰਿੰਕੂ ਸਿੰਘ (0) ਦੋਹਾਂ ਨੂੰ ਪੰਜਵੇਂ ਓਵਰ ’ਚ ਆਊਟ ਕਰ ਕੇ ਭਾਰਤੀ ਟੀਮ ਨੂੰ ਚਾਰ ਵਿਕਟਾਂ ’ਤੇ 22 ਦੌੜਾਂ ’ਤੇ ਰੋਕ ਦਿਤਾ। ਕਪਤਾਨ ਸ਼ੁਭਮਨ ਗਿੱਲ (31 ਦੌੜਾਂ) ਇਕ ਸਿਰੇ ’ਤੇ ਖੜਾ ਸੀ ਅਤੇ ਦੂਜੇ ਸਿਰੇ ’ਤੇ ਲਗਾਤਾਰ ਵਿਕਟਾਂ ਡਿੱਗਦਾ ਵੇਖ ਰਿਹਾ ਸੀ।
ਜਿਵੇਂ ਹੀ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ (06) 10ਵੇਂ ਓਵਰ ’ਚ ਅਤੇ ਕਪਤਾਨ ਗਿੱਲ 11ਵੇਂ ਓਵਰ ’ਚ ਆਊਟ ਹੋਏ ਤਾਂ ਪੂਰੇ ਓਵਰ ’ਚ ਟਿਕ ਣ ਦੀ ਉਮੀਦ ਵੀ ਖਤਮ ਹੋ ਗਈ। ਪਰ ਆਵੇਸ਼ ਖਾਨ (16 ਦੌੜਾਂ) ਅਤੇ ਵਾਸ਼ਿੰਗਟਨ ਸੁੰਦਰ (27 ਦੌੜਾਂ) ਨੇ ਅੱਠਵੇਂ ਵਿਕਟ ਲਈ 23 ਦੌੜਾਂ ਜੋੜ ਕੇ ਭਾਰਤ ਨੂੰ 84 ਦੌੜਾਂ ਤਕ ਪਹੁੰਚਾਇਆ। ਭਾਰਤ ਨੂੰ ਆਖ਼ਰੀ ਓਵਰ ’ਚ 16 ਦੌੜਾਂ ਦੀ ਲੋੜ ਸੀ ਅਤੇ ਇਕ ਵਿਕਟ ਬਾਕੀ ਸੀ, ਜਿਸ ਨੇ ਡਿੱਗਦੇ ਹੀ ਪਾਰੀ ਖਤਮ ਕਰ ਦਿਤੀ।
ਇਸ ਤੋਂ ਪਹਿਲਾਂ ਬਿਸ਼ਨੋਈ (13 ਦੌੜਾਂ ’ਤੇ 4 ਵਿਕਟਾਂ) ਨੂੰ ਆਫ ਸਪਿਨਰ ਵਾਸ਼ਿੰਗਟਨ (11 ਦੌੜਾਂ ’ਤੇ 2 ਵਿਕਟਾਂ) ਦਾ ਚੰਗਾ ਸਾਥ ਮਿਲਿਆ ਕਿਉਂਕਿ ਜ਼ਿੰਬਾਬਵੇ ਨੂੰ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਉਛਾਲ ਭਰੀ ਪਿੱਚ ’ਤੇ ਮਜ਼ਬੂਤ ਸਾਂਝੇਦਾਰੀ ਕਰਨ ਲਈ ਸੰਘਰਸ਼ ਕਰਨਾ ਪਿਆ।
ਜ਼ਿੰਬਾਬਵੇ ਨੇ ਹਾਲਾਂਕਿ ਤੇਜ਼ ਸ਼ੁਰੂਆਤ ਕੀਤੀ ਅਤੇ ਪਾਵਰਪਲੇਅ ’ਚ ਦੋ ਵਿਕਟਾਂ ’ਤੇ 40 ਦੌੜਾਂ ਬਣਾਈਆਂ। ਵੇਸਲੇ ਮਾਧਵੇਰੇ (21 ਦੌੜਾਂ) ਅਤੇ ਬ੍ਰਾਇਨ ਬੇਨੇਟ (22 ਦੌੜਾਂ) ਨੇ ਮੁਕੇਸ਼ ਕੁਮਾਰ ਦੇ ਹੱਥੋਂ ਇਨੋਸੈਂਟ ਕੈਆ ਦੇ ਆਊਟ ਹੋਣ ਤੋਂ ਬਾਅਦ ਛੇਤੀ ਹੀ 34 ਦੌੜਾਂ ਜੋੜੀਆਂ। ਦੋਹਾਂ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ’ਤੇ ਪੰਜਵੇਂ ਓਵਰ ’ਚ 17 ਦੌੜਾਂ ਬਣਾਈਆਂ। ਬੇਨੇਟ ਨੇ ਇਸ ਵਿਚ ਲਗਾਤਾਰ ਦੋ ਚੌਕੇ ਲਗਾਏ, ਜਿਸ ਤੋਂ ਲਗਦਾ ਸੀ ਕਿ ਜ਼ਿੰਬਾਬਵੇ ਸ਼ੁਰੂਆਤੀ ਝਟਕੇ ਤੋਂ ਉਭਰ ਰਿਹਾ ਹੈ।
ਪਰ ਛੇਵੇਂ ਓਵਰ ’ਚ ਬਿਸ਼ਨੋਈ ਨੇ ਬੇਨੇਟ ਨੂੰ ਅਪਣੀ ਗੂਗਲੀ ’ਤੇ ਆਊਟ ਕਰ ਦਿਤਾ ਅਤੇ ਜ਼ਿੰਬਾਬਵੇ ਦੀ ਪਾਰੀ ਦੀ ਦਿਸ਼ਾ ਬਦਲ ਦਿਤੀ । ਇਸ ਤੋਂ ਬਾਅਦ ਜ਼ਿੰਬਾਬਵੇ ਦੇ ਤਿੰਨ ਹੋਰ ਬੱਲੇਬਾਜ਼ ਪਵੇਲੀਅਨ ਪਰਤੇ, ਜਿਨ੍ਹਾਂ ਵਿਚ ਮਾਧੇਵੇਰੇ, ਬਲੈਸਿੰਗ ਮੁਜਾਰਾਬਾਨੀ ਅਤੇ ਲੂਕ ਜੋਂਗਵੇ ਸ਼ਾਮਲ ਹਨ। ਕਪਤਾਨ ਸਿਕੰਦਰ ਰਜ਼ਾ (17 ਦੌੜਾਂ) ਦੇ ਸੰਜਮ ਨਾਲ ਟੀਮ ਨੇ ਉਭਰਨ ਦੀ ਕੋਸ਼ਿਸ਼ ਕੀਤੀ ਪਰ ਲੈਅ ਗੁਆਉਣ ਕਾਰਨ 41 ਦੌੜਾਂ ’ਤੇ 6 ਵਿਕਟਾਂ ਗੁਆ ਦਿਤੀ ਆਂ।
ਟੀਮ ’ਚ ਦਹਿਸ਼ਤ ਸਾਫ ਵਿਖਾ ਈ ਦੇ ਰਹੀ ਸੀ। ਜ਼ਿੰਬਾਬਵੇ ਦੇ ਸਾਬਕਾ ਕਪਤਾਨ ਐਲੇਸਟਰ ਕੈਂਪਬੈਲ ਦੇ ਬੇਟੇ ਜੋਨਾਥਨ ਕੈਂਪਬੈਲ (ਜ਼ੀਰੋ) ਆਵੇਸ਼ ਖਾਨ ਦੀ ਗੇਂਦ ਨੂੰ ਕਵਰ ਵਲ ਭੇਜ ਕੇ ਦੌੜਾਂ ਲੈਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਸਾਥੀ ਡਿਓਨ ਮਾਇਰਸ ਵੀ ਤਿਆਰ ਸਨ। ਪਰ ਕੈਂਪਬੈਲ ਨੇ ਅਚਾਨਕ ਅਪਣਾ ਮਨ ਬਦਲ ਲਿਆ ਅਤੇ ਰੁਕ ਗਿਆ ਅਤੇ ਰਨ ਆਊਟ ਹੋ ਗਿਆ।
ਹੁਣ ਜ਼ਿੰਬਾਬਵੇ ਦੀਆਂ ਉਮੀਦਾਂ ਕਪਤਾਨ ਰਜ਼ਾ ’ਤੇ ਸਨ, ਉਨ੍ਹਾਂ ਨੇ ਦੋਸ਼ ’ਤੇ ਸਿਰ ’ਤੇ ਛੱਕਾ ਮਾਰ ਕੇ ਉਮੀਦ ਜਗਾ ਦਿਤੀ । ਪਰ ਆਵੇਸ਼ ਨੇ ਵਾਧੂ ਉਛਾਲ ਦਾ ਪੂਰਾ ਫਾਇਦਾ ਉਠਾਇਆ ਅਤੇ ਰਜ਼ਾ ਨੂੰ ਛੇਤੀ ਹੀ ਆਊਟ ਕਰ ਦਿਤਾ। ਰਜ਼ਾ ਗੇਂਦ ਨੂੰ ਸਹੀ ਤਰੀਕੇ ਨਾਲ ਟਾਈਮ ਨਹੀਂ ਕਰ ਸਕਿਆ ਅਤੇ ਗੇਂਦ ਡੂੰਘੇ ’ਚ ਬਿਸ਼ਨੋਈ ਦੇ ਹੱਥਾਂ ’ਚ ਪਹੁੰਚ ਗਈ।
ਵਾਸ਼ਿੰਗਟਨ ਨੇ ਲਗਾਤਾਰ ਦੋ ਗੇਂਦਾਂ ’ਚ ਦੋ ਵਿਕਟਾਂ ਲਈਆਂ। ਉਸ ਨੇ ਮਾਇਰਸ (23 ਦੌੜਾਂ) ਅਤੇ ਵੈਲਿੰਗਟਨ ਮਸਾਕਾਦਜ਼ਾ (ਜ਼ੀਰੋ) ਨੂੰ ਪਵੇਲੀਅਨ ਭੇਜਿਆ। ਤਾਮਿਲਨਾਡੂ ਦੇ ਗੇਂਦਬਾਜ਼ ਨੇ ਇਸ ਤਰ੍ਹਾਂ ਟੀ -20 ’ਚ ਅਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ। ਕਲਾਈਵ ਮਦਾਂਡੇ ਦੀ ਨਾਬਾਦ 29 ਦੌੜਾਂ ਦੀ ਬਦੌਲਤ ਜ਼ਿੰਬਾਬਵੇ ਨੇ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ।