Vinesh Phogat : ਸੈਮੀਫਾਈਨਲ ਮੈਚ ’ਚ ਕਿਊਬਾ ਦੀ ਯੁਸਾਨੇਲਿਸ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ
Vinesh Phogat : ਪੈਰਿਸ: ਵਿਨੇਸ਼ ਫੋਗਾਟ ਓਲੰਪਿਕ ਮਹਿਲਾ 50 ਕਿਲੋਗ੍ਰਾਮ ਕੁਸ਼ਤੀ ਦੇ ਸੈਮੀਫਾਈਨਲ ਮੈਚ ’ਚ ਕਿਊਬਾ ਦੀ ਯੁਸਾਨੇਲਿਸ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾ ਕੇ ਮੈਡਲ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਓਲੰਪਿਕ ਖੇਡਾਂ ’ਚ ਭਾਰਤ ਦਾ ਇਕ ਹੋਰ ਤਮਗਾ ਪੱਕਾ ਹੋ ਗਿਆ ਹੈ।
ਉਸ ਨੇ ਇਸ ਤੋਂ ਪਹਿਲਾਂ ਓਲੰਪਿਕ ਖੇਡਾਂ ਵਿਚ ਹੁਣ ਤਕ ਅਜੇਤੂ ਮੌਜੂਦਾ ਚੈਂਪੀਅਨ ਯੂਈ ਸੁਸਾਕੀ ਨੂੰ ਹਰਾ ਕੇ ਉਲਟਫੇਰ ਕੀਤਾ ਅਤੇ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ।
ਪਿਛਲੇ ਚਾਰ ਮੈਚਾਂ ’ਚ ਲੋਪੇਜ਼ ਨੇ ਸ਼ੁਰੂਆਤੀ ਦੌਰ ’ਚ ਵਿਨੇਸ਼ ਦੀ ਲੱਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਓਵਰ ਡਿਫੈਂਸਿਵ ਗੇਮ ਨੇ ਭਾਰਤੀ ਖਿਡਾਰੀ ਨੂੰ ਇਕ ਅੰਕ ਦੀ ਲੀਡ ਲੈਣ ਦਾ ਮੌਕਾ ਦਿਤਾ।
ਸ਼ੁਰੂਆਤੀ ਦੌਰ ’ਚ ਲੀਡ ਲੈਣ ਤੋਂ ਬਾਅਦ ਵਿਨੇਸ਼ ਨੇ ਦੂਜੇ ਪੀਰੀਅਡ ’ਚ ਹਮਲਾਵਰ ਸ਼ੁਰੂਆਤ ਕੀਤੀ ਅਤੇ ਵਿਰੋਧੀ ਦੇ ਸੱਜੇ ਪੈਰ ’ਤੇ ਮਜ਼ਬੂਤ ਪਕੜ ਬਣਾ ਕੇ 5-0 ਦੀ ਲੀਡ ਬਣਾ ਲਈ। ਕਿਊਬਾ ਦੀ ਭਲਵਾਨ ਨੇ ਫਿਰ ਵਿਨੇਸ਼ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਵਿਨੇਸ਼ ਦੇ ਸ਼ਾਨਦਾਰ ਡਿਫੈਂਸ ਦੇ ਸਾਹਮਣੇ ਉਸ ਦੀ ਕੋਸ਼ਿਸ਼ ਅਸਫਲ ਰਹੀ।
ਪੁਰਸ਼ ਵਰਗ ’ਚ ਸੁਸ਼ੀਲ ਕੁਮਾਰ ਅਤੇ ਰਵੀ ਦਹੀਆ ਨੂੰ ਓਲੰਪਿਕ ਫਾਈਨਲ ਖੇਡਣ ਦਾ ਤਜਰਬਾ ਹੈ ਪਰ ਦੋਵੇਂ ਚਾਂਦੀ ਦੇ ਤਗਮੇ ਜਿੱਤ ਸਕੇ ਸਨ, ਇਸ ਲਈ ਵਿਨੇਸ਼ ਕੋਲ ਕੁਸ਼ਤੀ ’ਚ ਦੇਸ਼ ਦੀ ਪਹਿਲੀ ਸੋਨ ਤਮਗਾ ਜੇਤੂ ਬਣਨ ਦਾ ਮੌਕਾ ਹੋਵੇਗਾ। ਟੂਰਨਾਮੈਂਟ ਦਾ ਫਾਈਨਲ ਬੁਧਵਾਰ ਨੂੰ ਰਾਤ 10 ਵਜੇ ਖੇਡਿਆ ਜਾਵੇਗਾ।