
ਅੱਜ ਰਾਤ 10:25 ਵਜੇ ਹੋਵੇਗਾ ਸੈਮੀਫਾਈਨਲ ਮੁਕਾਬਲਾ
Vinesh Phogat at Paris 2024 Olympics : ਸਟਾਰ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਜਪਾਨ ਨੂੰ ਹਰਾਉਣ ਤੋਂ ਬਾਅਦ ਯੂਕਰੇਨ ਦੀ ਪਹਿਲਵਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਮੌਜੂਦਾ ਓਲੰਪਿਕ ਚੈਂਪੀਅਨ ਅਤੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਯੂਈ ਸੁਸਾਕੀ ਨੂੰ 50 ਕਿਲੋ ਭਾਰ ਵਰਗ ਵਿੱਚ 3-2 ਨਾਲ ਹਰਾਇਆ ਸੀ। ਇਸ ਮੈਚ 'ਚ ਓਲੰਪਿਕ ਸੋਨ ਤਮਗਾ ਜੇਤੂ ਯੂਈ ਸੁਸਾਕੀ ਸ਼ੁਰੂਆਤ 'ਚ ਅੱਗੇ ਚੱਲ ਰਹੀ ਸੀ ਪਰ ਆਖਰੀ 15 ਸਕਿੰਟਾਂ 'ਚ ਵਿਨੇਸ਼ ਨੇ ਬਾਜੀ ਪਲਟ ਦਿੱਤੀ।
ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸੁਸਾਕੀ ਨੂੰ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਇਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ, ਅਜਿਹਾ ਮੰਨਿਆ ਜਾ ਰਿਹਾ ਸੀ ਕਿ ਵਿਨੇਸ਼ ਲਈ ਪਹਿਲਾ ਰਾਊਂਡ ਪਾਰ ਕਰਨਾ ਮੁਸ਼ਕਲ ਕੰਮ ਹੋਵੇਗਾ, ਕਿਉਂਕਿ ਉਸ ਦਾ ਮੁਕਾਬਲਾ ਜਾਪਾਨੀ ਖਿਡਾਰਨ ਨਾਲ ਸੀ, ਜਿਸ ਨੇ ਟੋਕੀਓ ਖੇਡਾਂ ਵਿੱਚ ਇੱਕ ਵੀ ਅੰਕ ਗੁਆਏ ਬਿਨਾਂ ਸੋਨ ਤਗਮਾ ਜਿੱਤਿਆ ਸੀ ਪਰ ਵਿਨੇਸ਼ ਨੇ ਕਮਾਲ ਦੀ ਹਿੰਮਤ ਦਿਖਾਈ ਅਤੇ ਪੂਰਾ ਮੈਚ ਹੀ ਪਲਟ ਦਿੱਤਾ।
ਵਿਨੇਸ਼ ਆਪਣਾ ਤੀਜਾ ਓਲੰਪਿਕ ਖੇਡ ਰਹੀ ਹੈ ਪਰ ਉਹ 50 ਕਿਲੋਗ੍ਰਾਮ ਵਿੱਚ ਪਹਿਲੀ ਵਾਰ ਚੁਣੌਤੀ ਪੇਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ 53 ਕਿਲੋ ਵਿੱਚ ਖੇਡਦੀ ਸੀ। ਵਿਨੇਸ਼ ਨੇ ਮਹਿਲਾਵਾਂ ਦੇ 50 ਕਿਲੋ ਰਾਊਂਡ ਆਫ 16 ਵਿੱਚ ਜਿੱਤ ਦਰਜ ਕੀਤੀ ਹੈ, ਹੁਣ ਉਹ ਸੁਪਰ-8 ਅਤੇ ਸੈਮੀਫਾਈਨਲ ਵੀ ਖੇਡੇਗੀ।
ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਅਤੇ ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਅਤੇ ਏਸ਼ੀਆਈ ਚੈਂਪੀਅਨਸ਼ਿਪ ਦੀ ਸੋਨ ਤਗਮਾ ਜੇਤੂ ਵਿਨੇਸ਼ ਇਤਿਹਾਸ ਦੀ ਸਭ ਤੋਂ ਸਫਲ ਭਾਰਤੀ ਪਹਿਲਵਾਨਾਂ ਵਿੱਚੋਂ ਇੱਕ ਹੈ, ਪਰ ਓਲੰਪਿਕ ਖੇਡਾਂ ਵਿੱਚ ਉਸਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ।