
ਅਗਸਤ 2020 'ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ
ਮੁੰਬਈ - ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਫਾਰਮੇਟਸ ਤੋਂ ਸੰਨਿਆਸ ਲੈ ਲਿਆ ਹੈ। ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਰੈਨਾ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸੇ ਦਿਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।
ਸੁਰੇਸ਼ ਰੈਨਾ ਘਰੇਲੂ ਕ੍ਰਿਕਟ ਅਤੇ ਆਈਪੀਐਲ ਵਿਚ ਵੀ ਨਹੀਂ ਖੇਡਣਗੇ। ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ - ਦੇਸ਼ ਅਤੇ ਮੇਰੇ ਸੂਬੇ ਉੱਤਰ ਪ੍ਰਦੇਸ਼ ਲਈ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਟਵੀਟ ਵਿਚ ਉਨ੍ਹਾਂ ਨੇ ਬੀਸੀਸੀਆਈ, ਯੂਪੀ ਕ੍ਰਿਕਟ ਐਸੋਸੀਏਸ਼ਨ, ਆਪਣੀ ਆਈਪੀਐਲ ਫਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦਾ ਧੰਨਵਾਦ ਵੀ ਕੀਤਾ ਹੈ।
ਅੰਤਰਰਾਸ਼ਟਰੀ ਕ੍ਰਿਕਟ ਵਿਚ ਸੰਨਿਆਸ ਲੈਣ ਤੋਂ ਬਾਅਦ, ਰੈਨਾ ਆਈਪੀਐਲ ਅਤੇ ਵਿਦੇਸ਼ੀ ਲੀਗਾਂ ਵਿਚ ਖੇਡ ਰਿਹਾ ਸੀ, ਪਰ 2022 ਦੇ ਆਈਪੀਐਲ ਵਿੱਚ, ਉਸ ਨੂੰ ਚੇਨਈ ਸਮੇਤ ਕਿਸੇ ਵੀ ਫਰੈਂਚਾਈਜ਼ੀ ਨੇ ਨਹੀਂ ਲਿਆ ਸੀ। ਹਾਲਾਂਕਿ, ਮੰਨਿਆ ਜਾ ਰਿਹਾ ਸੀ ਕਿ ਰੈਨਾ 2022 ਦੇ ਆਈਪੀਐਲ ਵਿਚ ਵਾਪਸੀ ਕਰ ਸਕਦੇ ਹਨ, ਪਰ ਅਜਿਹਾ ਨਹੀਂ ਹੋਇਆ। ਰੈਨਾ ਨੇ 2021 ਦਾ ਸੀਜ਼ਨ ਅੱਧ ਵਿਚਾਲੇ ਛੱਡ ਦਿੱਤਾ। ਇਸੇ ਸੀਜ਼ਨ ਵਿਚ ਉਹਨਾਂ ਨੇ ਅਪਣਾ ਆਖਰੀ ਆਈਪੀਐੱਲ ਖੇਡਿਆ ਸੀ।