ਦੋ ਮੈਚਾਂ ’ਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਗਰੁੱਪ ਟੇਬਲ ’ਚ ਪੰਜਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਈ, ਹਾਰ ਦੇ ਬਾਵਜੂਦ ਪਾਕਿਸਤਾਨ ਤੀਜੇ ਸਥਾਨ ’ਤੇ
Women's T20 World Cup : ਦੁਬਈ : ਅਰੁੰਧਤੀ ਰੈੱਡੀ (4 ਓਵਰਾਂ ’ਚ 19 ਦੌੜਾਂ ਦੇ ਕੇ 3 ਵਿਕਟਾਂ) ਅਤੇ ਸ਼੍ਰੇਯੰਕਾ ਪਾਟਿਲ (4 ਓਵਰਾਂ ’ਚ 12 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸ਼ੇਫ਼ਾਲੀ ਵਰਮਾ ਅਤੇ ਹਰਮਨਪ੍ਰੀਤ ਕੌਰ ਦੀ ਬਿਹਤਰੀਨ ਬੱਲੇਬਾਜ਼ੀ ਬਦੌਲਤ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੈਚ ’ਚ ਐਤਵਾਰ ਨੂੰ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿਤਾ।
ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ’ਤੇ 105 ਦੌੜਾਂ ਬਣਾਈਆਂ। ਭਾਰਤ ਨੇ 18.5 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਨਿਊਜ਼ੀਲੈਂਡ ਵਿਰੁਧ ਅਪਣੇ ਪਹਿਲੇ ਮੈਚ ’ਚ ਵੱਡੀ ਹਾਰ ਝੱਲਣ ਤੋਂ ਬਾਅਦ ਭਾਰਤੀ ਟੀਮ ਨੂੰ ਅਪਣਾ ਨੈੱਟ ਰਨ ਰੇਟ ਸਕਾਰਾਤਮਕ ਬਣਾਉਣ ਲਈ ਇਹ ਮੈਚ 11.2 ਓਵਰਾਂ ’ਚ ਜਿੱਤਣਾ ਸੀ ਪਰ ਟੀਮ ਬਾਊਂਡਰੀ ਮਾਰਨ ’ਚ ਸੰਘਰਸ਼ ਕਰਦੀ ਨਜ਼ਰ ਆਈ। ਦੋ ਮੈਚਾਂ ’ਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਗਰੁੱਪ ਟੇਬਲ ’ਚ ਪੰਜਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਹਾਰ ਦੇ ਬਾਵਜੂਦ ਪਾਕਿਸਤਾਨ ਤੀਜੇ ਸਥਾਨ ’ਤੇ ਹੈ।
ਸ਼ੇਫਾਲੀ ਵਰਮਾ ਨੇ 35 ਗੇਂਦਾਂ ’ਚ ਤਿੰਨ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ ਜਦਕਿ ਹਰਮਨਪ੍ਰੀਤ ਨੇ ਗਰਦਨ ’ਚ ਤਣਾਅ ਕਾਰਨ ‘ਰਿਟਾਇਰਡ ਹਰਟ’ ਤੋਂ ਪਹਿਲਾਂ 24 ਗੇਂਦਾਂ ’ਚ ਇਕ ਚੌਕੇ ਦੀ ਮਦਦ ਨਾਲ 29 ਦੌੜਾਂ ਦਾ ਯੋਗਦਾਨ ਦਿਤਾ। ਜੈਮੀਮਾ ਰੌਡਰਿਗਜ਼ ਨੇ 28 ਗੇਂਦਾਂ ’ਚ 23 ਦੌੜਾਂ ਬਣਾਈਆਂ। ਹਰਮਨਪ੍ਰੀਤ ਸੱਟ ਲੱਗਣ ਕਾਰਨ ਮੈਚ ਤੋਂ ਬਾਅਦ ਪੁਰਸਕਾਰ ਸਮਾਰੋਹ ’ਚ ਵੀ ਨਹੀਂ ਆਈ ਸੀ।
ਪਾਕਿਸਤਾਨ ਲਈ ਕਪਤਾਨ ਫਾਤਿਮਾ ਸਨਾ ਨੇ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸ਼੍ਰੇਯੰਕਾ ਅਤੇ ਅਰੁੰਧਤੀ ਨੇ ਆਰਥਕ ਗੇਂਦਬਾਜ਼ੀ ਕੀਤੀ। ਪਲੇਅਰ ਆਫ ਦਿ ਮੈਚ ਅਰੁੰਧਤੀ ਨੇ ਟੀ-20 ਕੌਮਾਂਤਰੀ ਮੈਚਾਂ ’ਚ ਅਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਰੇਣੂਕਾ ਸਿੰਘ, ਦੀਪਤੀ ਸ਼ਰਮਾ ਅਤੇ ਸੋਭਾਨਾ ਆਸ਼ਾ ਨੂੰ ਇਕ-ਇਕ ਸਫਲਤਾ ਮਿਲੀ।
ਪਾਕਿਸਤਾਨ ਲਈ ਤਜਰਬੇਕਾਰ ਨਿਦਾ ਡਾਰ ਨੇ ਸਭ ਤੋਂ ਜ਼ਿਆਦਾ 28 ਦੌੜਾਂ ਦਾ ਯੋਗਦਾਨ ਦਿਤਾ। ਸਾਬਕਾ ਕਪਤਾਨ ਨੇ ਅਪਣੀ 34 ਗੇਂਦਾਂ ਦੀ ਪਾਰੀ ’ਚ ਇਕ ਚੌਕਾ ਲਗਾਇਆ। ਸਲਾਮੀ ਬੱਲੇਬਾਜ਼ ਮੁਨੀਬਾ ਅਲੀ ਨੇ 26 ਗੇਂਦਾਂ ’ਤੇ ਦੋ ਚੌਕਿਆਂ ਨਾਲ 17 ਦੌੜਾਂ ਬਣਾਈਆਂ ਜਦਕਿ ਹੇਠਲੇ ਕ੍ਰਮ ’ਚ ਸਈਦਾ ਅਰੂਬ ਸ਼ਾਹ ਨੇ 17 ਗੇਂਦਾਂ ’ਤੇ ਨਾਬਾਦ 14 ਦੌੜਾਂ ਬਣਾਈਆਂ।
ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਦੀ ਓਪਨਿੰਗ ਜੋੜੀ ਸ਼ੁਰੂਆਤੀ ਓਵਰਾਂ ਵਿਚ ਗੇਂਦਬਾਜ਼ਾਂ ਦੇ ਵਿਰੁਧ ਗੈਪ ਲੱਭਣ ਲਈ ਸੰਘਰਸ਼ ਕਰ ਰਹੀ ਸੀ।
ਮੰਧਾਨਾ ਨੇ ਪੰਜਵੇਂ ਓਵਰ ’ਚ ਦਬਾਅ ’ਚ ਤੁਬਾ ਹਸਨ ਦੇ ਹੱਥਾਂ ’ਚ ਸਾਦੀਆ ਇਕਬਾਲ ਦੀ ਗੇਂਦ ਖੇਡੀ। ਉਸ ਨੇ 16 ਗੇਂਦਾਂ ’ਚ ਸੱਤ ਦੌੜਾਂ ਦਾ ਯੋਗਦਾਨ ਦਿਤਾ। ਸ਼ੈਫਾਲੀ ਛੇਵੇਂ ਓਵਰ ’ਚ ਪਹਿਲੀਆਂ ਪੰਜ ਗੇਂਦਾਂ ’ਚ ਸਿਰਫ ਇਕ ਦੌੜਾਂ ਹੀ ਬਣਾ ਸਕੀ, ਜਿਸ ਕਾਰਨ ਪਾਵਰ ਪਲੇਅ ’ਚ ਟੀਮ ਦਾ ਸਕੋਰ ਇਕ ਵਿਕਟ ’ਤੇ ਸਿਰਫ 25 ਦੌੜਾਂ ਹੀ ਸੀ। ਇਸ ਦੌਰਾਨ ਟੀਮ ਇਕ ਵੀ ਚੌਕੀ ਨਹੀਂ ਲਗਾ ਸਕੀ।
ਜੇਮੀਮਾ ਰੌਡਰਿਗਜ਼ ਨੇ ਦੌੜਨ ਅਤੇ ਦੌੜਾਂ ਚੋਰੀ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਉਸ ਦੀ ਕੋਸ਼ਿਸ਼ ਵੀ ਪ੍ਰਭਾਵਸ਼ਾਲੀ ਰਹੀ। ਇਸ ਨਾਲ ਦਬਾਅ ਘੱਟ ਹੋਇਆ ਅਤੇ ਸ਼ੈਫਾਲੀ ਨੇ ਅੱਠਵੇਂ ਓਵਰ ਵਿਚ ਤੁਬਾ ਹਸਨ ਦੇ ਵਿਰੁਧ ਭਾਰਤੀ ਪਾਰੀ ਦਾ ਪਹਿਲਾ ਚੌਕਾ ਲਗਾਇਆ। ਉਸ ਨੇ ਉਸੇ ਗੇਂਦਬਾਜ਼ ਦੇ ਵਿਰੁਧ 10ਵੇਂ ਓਵਰ ’ਚ ਦੂਜਾ ਚੌਕਾ ਲਗਾਇਆ। ਇਸੇ ਓਵਰ ’ਚ ਭਾਰਤੀ ਪਾਰੀ ਦੀਆਂ 50 ਦੌੜਾਂ ਪੂਰੀਆਂ ਹੋ ਗਈਆਂ।
ਸ਼ੇਫਾਲੀ ਨੇ ਓਮੈਮਾ ਦੇ ਵਿਰੁਧ ਚੌਕਾ ਮਾਰਿਆ ਪਰ ਇਕ ਹੋਰ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਆਲੀਆ ਨੇ ਰਿਆਜ਼ ਨੂੰ ਲੌਗ-ਆਨ ’ਤੇ ਕੈਚ ਕਰ ਲਿਆ। ਹੌਲੀ ਪਿੱਚ ’ਤੇ ਭਾਰਤੀ ਕਪਤਾਨ ਹਰਮਨਪ੍ਰੀਤ ਨੇ ਵੀ ਵੱਡੇ ਸ਼ਾਟ ਖੇਡਣ ਦੀ ਬਜਾਏ ਦੌੜਨ ਅਤੇ ਦੌੜਾਂ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ।
ਪਾਕਿਸਤਾਨ ਦੀ ਕਪਤਾਨ ਫਾਤਿਮਾ ਨੇ 16ਵੇਂ ਓਵਰ ’ਚ ਜੇਮੀਮਾ ਅਤੇ ਰਿਚਾ ਘੋਸ਼ (ਜ਼ੀਰੋ) ਨੂੰ ਲਗਾਤਾਰ ਦੋ ਗੇਂਦਾਂ ’ਚ ਆਊਟ ਕਰ ਕੇ ਭਾਰਤ ’ਤੇ ਦਬਾਅ ਬਣਾਇਆ। ਦੋਹਾਂ ਨੂੰ ਵਿਕਟਕੀਪਰ ਮੁਨੀਬਾ ਅਲੀ ਨੇ ਕੈਚ ਕੀਤਾ।
ਹਰਮਨਪ੍ਰੀਤ ਅਤੇ ਦੀਪਤੀ ਨੇ ਫਿਰ ਫੀਲਡਰਾਂ ਤੋਂ ਦੂਰ ਗੇਂਦ ਖੇਡ ਕੇ ਰਨ ਰੇਟ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ। ਹਰਮਨਪ੍ਰੀਤ ਨੇ 18ਵੇਂ ਓਵਰ ’ਚ ਫਾਤਿਮਾ ਦੇ ਵਿਰੁਧ ਚੌਕਾ ਮਾਰਿਆ ਸੀ ਪਰ ਅਗਲੇ ਓਵਰ ’ਚ ਗਰਦਨ ’ਚ ਤਣਾਅ ਕਾਰਨ ਉਸ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਸਜਨਾ ਸੰਜੀਵਨ ਨੇ ਅਗਲੀ ਗੇਂਦ ’ਤੇ ਚੌਕਾ ਮਾਰ ਕੇ ਭਾਰਤ ਨੂੰ ਜਿੱਤ ਦਿਵਾਈ।