ਆਈ.ਸੀ.ਸੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਵੈਨਿਊ ਬਦਲਣ ਦੀ ਮੰਗ ਨੂੰ ਕੀਤਾ ਖ਼ਾਰਿਜ
ਨਵੀਂ ਦਿੱਲੀ : ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੀ ਟੀ-20 ਵਰਲਡ ਕੱਪ ਦੇ ਵੈਨਿਊ ਬਦਲਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ । ਆਈ.ਸੀ.ਸੀ.ਨੇ ਸਪੱਸ਼ਟ ਕੀਤਾ ਹੈ ਕਿ ਬੰਗਲਾਦੇਸ਼ ਨੂੰ ਆਪਣੇ ਸਾਰੇ ਲੀਗ ਮੈਚ ਭਾਰਤ ਵਿੱਚ ਹੀ ਖੇਡਣੇ ਪੈਣਗੇ, ਨਹੀਂ ਤਾਂ ਉਸ ਨੂੰ ਆਪਣੇ ਅੰਕ ਗੁਆਉਣੇ ਪੈਣਗੇ।
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਮੁਸਤਫ਼ਿਜ਼ੁਰ ਰਹਿਮਾਨ ਨੂੰ ਆਈ.ਪੀ.ਐਲ. ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿੱਚ ਟੀ-20 ਵਰਲਡ ਕੱਪ ਦੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਈ.ਸੀ.ਸੀ. ਤੋਂ ਆਪਣੇ ਮੈਚ ਸ੍ਰੀਲੰਕਾ ਵਿੱਚ ਸ਼ਿਫਟ ਕਰਨ ਦੀ ਅਪੀਲ ਕੀਤੀ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਆਈ.ਸੀ.ਸੀ. ਚੇਅਰਮੈਨ ਜੈ ਸ਼ਾਹ ਅਤੇ ਕੁਝ ਹੋਰ ਅਧਿਕਾਰੀ ਮੁੰਬਈ ਵਿੱਚ ਮੌਜੂਦ ਸਨ। ਉਨ੍ਹਾਂ ਨੇ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ ਅਤੇ ਉਸ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ ਨਾਲ ਗੱਲਬਾਤ ਕੀਤੀ। ਆਈ.ਸੀ.ਸੀ. ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਵੈਨਿਊ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਅਤੇ ਬੰਗਲਾਦੇਸ਼ ਨੂੰ ਭਾਰਤ ਵਿੱਚ ਹੀ ਵਰਲਡ ਕੱਪ ਦੇ ਮੈਚ ਖੇਡਣੇ ਪੈਣਗੇ, ਨਹੀਂ ਤਾਂ ਉਸ ਨੂੰ ਅੰਕ ਗੁਆਉਣੇ ਪੈਣਗੇ।
