
ਇਸ ਤਰ੍ਹਾਂ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੀ ਹੈ ਟੀਮ : ਹਰਮਨਪ੍ਰੀਤ ਸਿੰਘ
ਚੇਨਈ : ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਦੇ ਆਪਣੇ ਤੀਜੇ ਮੈਚ ਵਿਚ ਭਾਰਤ ਨੇ ਮਲੇਸ਼ੀਆ ਨੂੰ 5-0 ਨਾਲ ਹਰਾਇਆ। ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਵਿਚ ਰਾਤ 8:30 ਵਜੇ ਤੋਂ ਮੈਚ ਸ਼ੁਰੂ ਹੋਣ ਦਾ ਨਿਰਧਾਰਤ ਸਮਾਂ ਸੀ। ਭਾਰਤ ਨੇ ਇਹ ਦੂਜੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਵਾਇਨਾਡ ਤੋਂ ਮੈਂਬਰਸ਼ਿਪ ਹੋਈ ਬਹਾਲ
ਭਾਰਤ ਲਈ ਐਸ ਕਾਰਥੀ (15ਵੇਂ ਮਿੰਟ), ਹਾਰਦਿਕ ਸਿੰਘ (32ਵੇਂ ਮਿੰਟ), ਹਰਮਨਪ੍ਰੀਤ ਸਿੰਘ (42ਵੇਂ ਮਿੰਟ), ਗੁਰਜੰਟ ਸਿੰਘ (53ਵੇਂ ਮਿੰਟ) ਅਤੇ ਜੁਗਰਾਜ ਸਿੰਘ (54ਵੇਂ ਮਿੰਟ) ਨੇ ਗੋਲ ਕੀਤੇ। ਇਸ ਜਿੱਤ ਦੇ ਨਾਲ ਹੀ ਭਾਰਤ ਤਿੰਨ ਮੈਚਾਂ ਵਿਚ 7 ਅੰਕਾਂ ਨਾਲ ਏਸ਼ੀਆਈ ਚੈਂਪੀਅਨਜ਼ ਟਰਾਫੀ ਅੰਕ ਸੂਚੀ ਵਿਚ ਸਿਖਰ ’ਤੇ ਪਹੁੰਚ ਗਿਆ ਹੈ। ਹੁਣ ਭਾਰਤੀ ਪੁਰਸ਼ ਹਾਕੀ ਟੀਮ ਅਪਣਾ ਅਗਲਾ ਮੈਚ ਸੋਮਵਾਰ ਨੂੰ ਦੱਖਣੀ ਕੋਰੀਆ ਵਿਰੁਧ ਖੇਡੇਗੀ।
ਇਸ ਜਿੱਤ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਟੀਮ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੀ ਹੈ। ਮੈਚ ਤੋਂ ਬਾਅਦ ਦੇ ਇਕ ਇੰਟਰਵਿਊ ਦੌਰਾਨ ਹਰਮਨਪ੍ਰੀਤ ਸਿੰਘ ਨੇ ਕਿਹਾ, ''ਜੇਕਰ ਤੁਸੀਂ ਦੇਖਦੇ ਹੋ ਤਾਂ ਅਸੀਂ ਇਸ ਤਰ੍ਹਾਂ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੇ ਹਾਂ। ਏਸ਼ੀਆਈ ਖੇਡਾਂ ਤੋਂ ਪਹਿਲਾਂ ਸਾਨੂੰ ਚੰਗੇ ਮੈਚ ਮਿਲ ਰਹੇ ਹਨ। ਇਹ ਸਾਡੇ ਲਈ ਵੀ ਚੰਗਾ ਹੈ ਅਤੇ ਦੂਜਿਆਂ ਲਈ ਵੀ। ਅਸੀਂ ਇਸ ਟੂਰਨਾਮੈਂਟ ਵਿਚ ਜੋ ਕੁਝ ਸਿੱਖਿਆ ਹੈ ਉਸ 'ਤੇ ਕੰਮ ਕਰ ਸਕਦੇ ਹਾਂ। ਏਸ਼ੀਆਈ ਖੇਡਾਂ ਤੋਂ ਪਹਿਲਾਂ ਏਸ਼ੀਆਈ ਦੇਸ਼ਾਂ ਦੇ ਵਿਰੁਧ ਖੇਡਣ ਦਾ ਇਹ ਚੰਗਾ ਮੌਕਾ ਹੈ।''
ਇਹ ਵੀ ਪੜ੍ਹੋ: ਝਗੜੇ ਤੋਂ ਬਾਅਦ ਗੁੱਸੇ ਵਿਚ ਆਏ ਪਤੀ ਨੇ ਗਲਾ ਘੁੱਟ ਕੇ ਕੀਤਾ ਪਤਨੀ ਦਾ ਕਤਲ
ਉਨ੍ਹਾਂ ਅੱਗੇ ਕਿਹਾ, '' ਯਕੀਨੀ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਸਾਡਾ ਪਹਿਲਾ ਮੈਚ ਵੀ ਚੰਗਾ ਸੀ ਕਿਉਂਕਿ ਅਸੀਂ ਬਹੁਤ ਸਾਰੇ ਗੋਲ ਕੀਤੇ। ਅਸੀਂ ਇਕ ਕਲੀਨ ਸ਼ੀਟ ਬਣਾਈ ਰੱਖਣ ਦੀ ਉਮੀਦ ਕਰ ਰਹੇ ਹਾਂ। ਟੀਮ ਲਈ ਦੂਜਾ ਮੈਚ ਮੁਸ਼ਕਿਲ ਰਿਹਾ। ਜਾਪਾਨ ਨੇ ਉਸ ਦਿਨ ਬਹੁਤ ਵਧੀਆ ਖੇਡਿਆ। ਅਸੀਂ ਅਪਣੇ ਪਿਛਲੇ ਮੈਚ ਤੋਂ ਜੋ ਸਿੱਖਿਆ ਹੈ ਉਹ ਸੀ ਅਪਣੇ ਡਿਫੈਂਸ ਨੂੰ ਮਜ਼ਬੂਤ ਰੱਖਣਾ ਅਤੇ ਆਉਣ ਵਾਲੇ ਮੌਕਿਆਂ ਨੂੰ ਬਦਲਣਾ।''
ਹਰਮਨਪ੍ਰੀਤ ਸਿੰਘ ਨੇ ਕਿਹਾ, ''ਜਦੋਂ ਤੁਸੀਂ ਦੇਸ਼ ਦੀ ਨੁਮਾਇੰਦਗੀ ਕਰਨ ਲਈ ਜਰਸੀ ਪਹਿਨਦੇ ਹੋ ਤਾਂ ਇਹ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ। ਇਹ ਸਾਡੇ ਪ੍ਰਵਾਰ ਦਾ ਸਹਾਰਾ ਹੈ। ਇਸ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ।''