
ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
ਰਾਜਗੀਰ (ਬਿਹਾਰ) : ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆ ਕੱਪ ਟਰਾਫੀ ਜਿੱਤ ਲਈ ਹੈ। ਫਾਈਨਲ ਮੈਚ ਵਿਚ ਦਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਭਾਰਤ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ।
ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਿਲਪ੍ਰੀਤ ਸਿੰਘ (28ਵੇਂ ਅਤੇ 45ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਸੁਖਜੀਤ ਸਿੰਘ (ਪਹਿਲੇ ਮਿੰਟ) ਅਤੇ ਅਮਿਤ ਰੋਹਿਦਾਸ (50ਵੇਂ ਮਿੰਟ) ਨੇ ਭਾਰਤ ਲਈ ਦੋ ਹੋਰ ਗੋਲ ਕੀਤੇ। 2022 ’ਚ ਜਿੱਤੇ ਖਿਤਾਬ ਦਾ ਬਚਾਅ ਕਰ ਰਹੀ ਦਖਣੀ ਕੋਰੀਆ ਲਈ ਇਕਲੌਤਾ ਗੋਲ ਡੇਨ ਸੋਨ ਨੇ 51ਵੇਂ ਮਿੰਟ ’ਚ ਕੀਤਾ।
ਭਾਰਤ ਨੇ ਟੂਰਨਾਮੈਂਟ ਦਾ ਅੰਤ ਪੰਜ ਜਿੱਤਾਂ ਅਤੇ ਇਕ ਡਰਾਅ ਦੇ ਅਜੇਤੂ ਰੀਕਾਰਡ ਨਾਲ ਕੀਤਾ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅਪਣੇ ਸਾਰੇ ਤਿੰਨ ਪੂਲ ਮੈਚ ਜਿੱਤੇ। ਸੁਪਰ 4 ਵਿਚ ਉਸ ਨੇ ਦਖਣੀ ਕੋਰੀਆ ਨਾਲ 2-2 ਨਾਲ ਡਰਾਅ ਖੇਡਣ ਤੋਂ ਬਾਅਦ ਮਲੇਸ਼ੀਆ ਅਤੇ ਚੀਨ ਨੂੰ ਕ੍ਰਮਵਾਰ 4-1 ਅਤੇ 7-0 ਨਾਲ ਹਰਾਇਆ।
ਇਹ ਭਾਰਤ ਦਾ ਚੌਥਾ ਏਸ਼ੀਆ ਕੱਪ ਖਿਤਾਬ ਹੈ, ਜਿਸ ਨੇ ਇਸ ਤੋਂ ਪਹਿਲਾਂ 2003, 2007 ਅਤੇ 2017 ਵਿਚ ਟੂਰਨਾਮੈਂਟ ਜਿੱਤਿਆ ਸੀ। ਅਗਲਾ ਵਿਸ਼ਵ ਕੱਪ 14 ਤੋਂ 30 ਅਗੱਸਤ, 2026 ਤਕ ਬੈਲਜੀਅਮ ਅਤੇ ਨੀਦਰਲੈਂਡਜ਼ ਵਿਚ ਹੋਵੇਗਾ। (ਪੀਟੀਆਈ)