
ਐਸਐਸ ਦਾਸ, ਸੁਬਰਤੋ ਬੈਨਰਜੀ ਸਮੇਤ ਚਾਰ ਹੋਰ ਬਣੇ ਕਮੇਟੀ ਦੇ ਮੈਂਬਰ
ਨਵੀਂ ਦਿੱਲੀ : ਬੀਸੀਸੀਆਈ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਦੇ ਨਾਮ ਦਾ ਐਲਾਨ ਕੀਤਾ। ਕ੍ਰਿਕਟ ਸਲਾਹਕਾਰ ਕਮੇਟੀ ਨੇ ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਨੂੰ ਮੁੜ ਮੁੱਖ ਚੋਣਕਾਰ ਚੁਣਿਆ ਹੈ। ਚੇਤਨ ਸ਼ਰਮਾ ਚੋਣਕਾਰਾਂ ਦੇ ਚੇਅਰਮੈਨ ਬਣੇ ਰਹਿਣਗੇ। ਐਸਐਸ ਦਾਸ, ਸੁਬਰਤੋ ਬੈਨਰਜੀ, ਸਲਿਲ ਅੰਕੋਲਾ ਅਤੇ ਐਸ ਸ਼ਰਤ ਕਮੇਟੀ ਵਿੱਚ ਉਨ੍ਹਾਂ ਨਾਲ ਸ਼ਾਮਲ ਹੋਣਗੇ। ਸੁਲਕਸ਼ਨਾ ਨਾਇਕ, ਅਸ਼ੋਕ ਮਲਹੋਤਰਾ ਅਤੇ ਜਤਿਨ ਪਰਾਂਜਪੇ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਇੰਟਰਵਿਊ ਲਈ 11 ਸਾਬਕਾ ਕ੍ਰਿਕਟਰਾਂ ਨੂੰ ਸ਼ਾਰਟਲਿਸਟ ਕੀਤਾ, ਜਿਸ ਤੋਂ ਬਾਅਦ ਸੀਨੀਅਰ ਚੋਣ ਕਮੇਟੀ ਲਈ ਇਨ੍ਹਾਂ ਪੰਜਾਂ ਦੇ ਨਾਂ ਸ਼ਾਰਟਲਿਸਟ ਕੀਤੇ ਗਏ।
ਚੇਤਨ ਸ਼ਰਮਾ ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਦੇ ਚੇਅਰਮੈਨ ਬਣੇ ਰਹਿਣਗੇ। ਪੈਨਲ ਦੇ ਹੋਰ ਚੋਣਕਾਰਾਂ ਵਿੱਚ ਦੱਖਣੀ ਜ਼ੋਨ ਤੋਂ ਐੱਸ ਸ਼ਰਤ, ਕੇਂਦਰੀ ਜ਼ੋਨ ਤੋਂ ਐੱਸਐੱਸ ਦਾਸ, ਪੂਰਬ ਤੋਂ ਸੁਬਰਤੋ ਬੈਨਰਜੀ ਅਤੇ ਪੱਛਮੀ ਜ਼ੋਨ ਤੋਂ ਸਲਿਲ ਅੰਕੋਲਾ ਸ਼ਾਮਲ ਹਨ। ਚੇਤਨ ਸ਼ਰਮਾ ਦੀ ਨਵੀਂ ਟੀਮ 'ਚ ਹਾਲਾਂਕਿ ਪੂਰੀ ਤਰ੍ਹਾਂ ਨਵੇਂ ਚਿਹਰੇ ਹੋਣਗੇ। ਦੱਖਣੀ ਜ਼ੋਨ ਲਈ ਚੋਣਕਾਰਾਂ ਦੇ ਜੂਨੀਅਰ ਚੇਅਰਮੈਨ ਐੱਸ ਐੱਸ ਸ਼ਰਤ ਨੂੰ ਤਰੱਕੀ ਦਿੱਤੀ ਜਾਵੇਗੀ।
ਕਮੇਟੀ ਦੇ ਹੋਰਨਾਂ ਵਿੱਚ ਪੂਰਬੀ ਜ਼ੋਨ ਦੇ ਸਾਬਕਾ ਤੇਜ਼ ਗੇਂਦਬਾਜ਼ ਸੁਬਰਤੋ ਬੈਨਰਜੀ, ਪੱਛਮੀ ਜ਼ੋਨ ਦੇ ਸਲਿਲ ਅੰਕੋਲਾ ਅਤੇ ਕੇਂਦਰੀ ਜ਼ੋਨ ਦੇ ਟੈਸਟ ਸਲਾਮੀ ਬੱਲੇਬਾਜ਼ ਸ਼ਿਵ ਸੁੰਦਰ ਦਾਸ ਸ਼ਾਮਲ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇੱਕ ਰਿਲੀਜ਼ ਵਿੱਚ ਕਿਹਾ, "ਬੋਰਡ ਨੇ 18 ਨਵੰਬਰ, 2022 ਨੂੰ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਚੋਣ ਕਮੇਟੀ ਦੇ ਪੰਜ ਅਹੁਦਿਆਂ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ, ਜਿਸ ਦੇ ਜਵਾਬ ਵਿੱਚ ਲਗਭਗ 600 ਅਰਜ਼ੀਆਂ ਪ੍ਰਾਪਤ ਹੋਈਆਂ ਸਨ।"