
ਦੋਹਾਂ ਟੀਮਾਂ ਦੇ 11 ਮੈਚਾਂ ’ਚ ਅੱਠ ਅੰਕ, ਕਰੋ ਜਾਂ ਮਰੋ ਵਾਲੀ ਸਥਿਤੀ
ਧਰਮਸ਼ਾਲਾ: ਆਤਮਵਿਸ਼ਵਾਸ ਨਾਲ ਭਰੀ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੀ ਟੀਮ ਵੀਰਵਾਰ ਨੂੰ ਇੱਥੇ ਪੰਜਾਬ ਕਿੰਗਜ਼ ਵਿਰੁਧ ਹੋਣ ਵਾਲੇ ਮੈਚ ’ਚ ਲਗਾਤਾਰ ਚੌਥੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਸੀਜ਼ਨ ਦੀ ਬੇਹੱਦ ਖਰਾਬ ਸ਼ੁਰੂਆਤ ਤੋਂ ਬਾਅਦ ਆਰ.ਸੀ.ਬੀ. ਦੀ ਟੀਮ ਲਗਾਤਾਰ ਤਿੰਨ ਜਿੱਤਾਂ ਨਾਲ ਟੂਰਨਾਮੈਂਟ ’ਚ ਵਾਪਸੀ ਕਰ ਰਹੀ ਹੈ ਅਤੇ ਸ਼ਾਨਦਾਰ ਲੈਅ ’ਚ ਚੱਲ ਰਹੀ ਹੈ। ਇਨ੍ਹਾਂ ਜਿੱਤਾਂ ਨਾਲ ਨਾ ਸਿਰਫ ਟੀਮ ਦਾ ਮਨੋਬਲ ਵਧਿਆ ਹੈ ਬਲਕਿ ਉਹ ਪੁਆਇੰਟ ਟੇਬਲ ’ਚ ਸੱਤਵੇਂ ਸਥਾਨ ’ਤੇ ਵੀ ਪਹੁੰਚ ਗਈ ਹੈ।
ਆਰ.ਸੀ.ਬੀ. ਦੇ 11 ਮੈਚਾਂ ’ਚ ਅੱਠ ਅੰਕ ਹਨ ਅਤੇ ਜੇਕਰ ਉਹ ਅਪਣੇ ਬਾਕੀ ਤਿੰਨ ਮੈਚ ਜਿੱਤ ਲੈਂਦੀ ਹੈ ਤਾਂ ਉਸ ਦੀ ਪਲੇਆਫ ’ਚ ਜਗ੍ਹਾ ਬਣਾਉਣ ਦੀ ਮਾਮੂਲੀ ਉਮੀਦ ਜਿਉਂਦੀ ਰਹੇਗੀ। ਪੰਜਾਬ ਕਿੰਗਜ਼ ਦਾ ਵੀ ਇਹੋ ਹਾਲ ਹੈ। ਟੀਮ 11 ਮੈਚਾਂ ’ਚ ਅੱਠ ਅੰਕਾਂ ਨਾਲ ਅੱਠਵੇਂ ਸਥਾਨ ’ਤੇ ਹੈ। ਹਾਲਾਂਕਿ ਇਨ੍ਹਾਂ ਦੋਹਾਂ ਟੀਮਾਂ ਵਿਚੋਂ ਸਿਰਫ ਇਕ ਹੀ 14 ਅੰਕਾਂ ਦੇ ਅੰਕੜੇ ਨੂੰ ਛੂਹ ਸਕੇਗੀ। ਸੀਜ਼ਨ ਦੇ ਅਪਣੇ ਪਹਿਲੇ ਮੈਚ ’ਚ ਪੰਜਾਬ ਕਿੰਗਜ਼ ਵਿਰੁਧ ਜਿੱਤ ਅਤੇ ਪਿਛਲੇ ਤਿੰਨ ਮੁਕਾਬਲੇ ਜਿੱਤਣ ਤੋਂ ਬਾਅਦ ਆਰ.ਸੀ.ਬੀ. ਆਤਮਵਿਸ਼ਵਾਸ ਨਾਲ ਭਰੀ ਹੋਈ ਹੈ।
ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਸਿਖਰ ’ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਕਪਤਾਨ ਫਾਫ ਡੂ ਪਲੇਸਿਸ ਨੇ ਪਿਛਲੇ ਮੈਚ ’ਚ ਸ਼ਾਨਦਾਰ ਪਾਰੀ ਖੇਡ ਕੇ ਫਾਰਮ ’ਚ ਵਾਪਸੀ ਕੀਤੀ ਸੀ। ਵਿਲ ਜੈਕਸ ਨੇ ਵੀ ਗੁਜਰਾਤ ਟਾਈਟਨਜ਼ ਵਿਰੁਧ ਜਿੱਤ ਦੌਰਾਨ ਸੈਂਕੜਾ ਲਗਾਇਆ ਸੀ ਜਦਕਿ ਕੈਮਰੂਨ ਗ੍ਰੀਨ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਗੇਂਦ ਅਤੇ ਬੱਲੇ ਨਾਲ ਯੋਗਦਾਨ ਦੇ ਕੇ ਅਪਣੀ ਯੋਗਤਾ ਸਾਬਤ ਕੀਤੀ ਸੀ।
ਟੀਮ ਦੇ ਗੇਂਦਬਾਜ਼ ਵੀ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ’ਚ ਸ਼ਾਮਲ ਕੀਤੇ ਗਏ ਮੁਹੰਮਦ ਸਿਰਾਜ ਆਖਰਕਾਰ ਲੈਅ ’ਚ ਪਰਤ ਆਏ ਹਨ। ਯਸ਼ ਦਿਆਲ ਅਤੇ ਵਿਜੇਕੁਮਾਰ ਵਿਸ਼ਾਕ ਨੇ ਵੀ ਟਾਈਟਨਜ਼ ਵਿਰੁਧ ਚੰਗਾ ਪ੍ਰਦਰਸ਼ਨ ਕੀਤਾ ਅਤੇ ਆਰ.ਸੀ.ਬੀ. ਨੂੰ ਉਮੀਦ ਹੋਵੇਗੀ ਕਿ ਉਹ ਇਸ ਗਤੀ ਨੂੰ ਜਾਰੀ ਰਖਣਗੇ।
ਦੂਜੇ ਪਾਸੇ ਚੇਨਈ ਸੁਪਰ ਕਿੰਗਜ਼ ਵਿਰੁਧ ਬੱਲੇਬਾਜ਼ਾਂ ਦੇ ਗੋਡੇ ਟੇਕਣ ਤੋਂ ਬਾਅਦ ਪੰਜਾਬ ਕਿੰਗਜ਼ ਦਾ ਆਤਮਵਿਸ਼ਵਾਸ ਘੱਟ ਹੋਵੇਗਾ। ਪੰਜਾਬ ਕਿੰਗਜ਼ ਨੇ ਸੁਪਰ ਕਿੰਗਜ਼ ਵਿਰੁਧ ਅਪਣਾ ਬਿਹਤਰੀਨ ਅਤੇ ਸੱਭ ਤੋਂ ਖਰਾਬ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਗੇਂਦਬਾਜ਼ਾਂ ਨੇ ਸੀ.ਐਸ.ਕੇ. ਦੇ ਸਾਰੇ ਬੱਲੇਬਾਜ਼ਾਂ ’ਤੇ ਦਬਦਬਾ ਬਣਾਇਆ ਪਰ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ।
ਪੰਜਾਬ ਕਿੰਗਜ਼ ਦਾ ਮੌਜੂਦਾ ਸੀਜ਼ਨ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸੁਪਰ ਕਿੰਗਜ਼ ਨੂੰ ਉਸ ਦੇ ਹੀ ਮੈਦਾਨ ’ਤੇ ਹਰਾ ਕੇ ਅਪਣੀ ਸਮਰੱਥਾ ਵਿਖਾਈ। ਨਾਈਟ ਰਾਈਡਰਜ਼ ਦੇ ਵਿਰੁਧ ਉਸ ਨੇ ਸੱਭ ਤੋਂ ਵੱਡੇ ਟੀਚੇ ਦਾ ਪਿੱਛਾ ਕੀਤਾ। ਹਾਲਾਂਕਿ, ਉਸ ਨੂੰ ਅਪਣੇ ਘਰੇਲੂ ਮੈਦਾਨ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਅਪਣੇ ਮੁੱਖ ਘਰੇਲੂ ਮੈਦਾਨ ਮੁੱਲਾਂਪੁਰ ਵਿਚ ਪੰਜ ਮੈਚਾਂ ਵਿਚੋਂ ਸਿਰਫ ਇਕ ਜਿੱਤਿਆ। ਸਥਾਨ ਬਦਲਣ ਨਾਲ ਵੀ ਟੀਮ ਨੂੰ ਕੋਈ ਮਦਦ ਨਹੀਂ ਮਿਲੀ ਅਤੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਚ ਪਿਛਲੇ ਮੈਚ ’ਚ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੀ ਟੀਮ ਅਪਣੇ ਘਰੇਲੂ ਮੈਦਾਨ ’ਤੇ ਮੁਹਿੰਮ ਦਾ ਸ਼ਾਨਦਾਰ ਅੰਤ ਕਰਨ ਦੀ ਉਮੀਦ ਕਰੇਗੀ ਪਰ ਅਜਿਹਾ ਕਰਨ ਲਈ ਟੀਮ ਨੂੰ ਸਮੂਹਿਕ ਤੌਰ ’ਤੇ ਪ੍ਰਦਰਸ਼ਨ ਕਰਨਾ ਹੋਵੇਗਾ।
ਟੀਮਾਂ ਹੇਠ ਲਿਖੇ ਅਨੁਸਾਰ ਹਨ:
ਪੰਜਾਬ ਕਿੰਗਜ਼ : ਸੈਮ ਕੁਰਨ (ਕਪਤਾਨ), ਮੈਥਿਊ ਸ਼ਾਰਟ, ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਜੀਤੇਸ਼ ਸ਼ਰਮਾ, ਸਿਕੰਦਰ ਰਜ਼ਾ, ਰਿਸ਼ੀ ਧਵਨ, ਲਿਆਮ ਲਿਵਿੰਗਸਟੋਨ, ਅਥਰਵ ਤਾਇਡੇ, ਅਰਸ਼ਦੀਪ ਸਿੰਘ, ਨਾਥਨ ਐਲਿਸ, ਕੈਗਿਸੋ ਰਬਾਡਾ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਹਰਪ੍ਰੀਤ ਭਾਟੀਆ, ਵਿਦਵਥ ਕਾਵੇਰੱਪਾ, ਸ਼ਿਵਮ ਸਿੰਘ, ਹਰਸ਼ਲ ਪਟੇਲ, ਕ੍ਰਿਸ ਵੋਕਸ, ਆਸ਼ੂਤੋਸ਼ ਸ਼ਰਮਾ, ਵਿਸ਼ਵਨਾਥ ਪ੍ਰਤਾਪ ਸਿੰਘ, ਸ਼ਸ਼ਾਂਕ ਸਿੰਘ, ਤਨਯ ਥਿਆਗਰਾਜਨ, ਪ੍ਰਿੰਸ ਚੌਧਰੀ ਅਤੇ ਰਿਲੀ ਰੋਸੋ।
ਰਾਇਲ ਚੈਲੇਂਜਰਜ਼ ਬੈਂਗਲੁਰੂ: ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈਲ, ਵਿਰਾਟ ਕੋਹਲੀ, ਰਜਤ ਪਾਟੀਦਾਰ, ਅਨੁਜ ਰਾਵਤ, ਦਿਨੇਸ਼ ਕਾਰਤਿਕ, ਸੁਯਸ਼ ਪ੍ਰਭੂਦੇਸਾਈ, ਵਿਲ ਜੈਕਸ, ਮਹੀਪਾਲ ਲੋਮਰੋਰ, ਕਰਨ ਸ਼ਰਮਾ, ਮਨੋਜ ਭੰਡਾਰੇ, ਮਯੰਕ ਡਾਗਰ, ਵਿਜੇ ਕੁਮਾਰ ਵਿਸ਼ਾਕ, ਆਕਾਸ਼ ਦੀਪ, ਮੁਹੰਮਦ ਸਿਰਾਜ, ਰੀਸ ਟੋਪਲੇ, ਹਿਮਾਂਸ਼ੂ ਸ਼ਰਮਾ, ਰਾਜਨ ਕੁਮਾਰ, ਕੈਮਰੂਨ ਗ੍ਰੀਨ, ਅਲਜ਼ਾਰੀ ਜੋਸੇਫ, ਯਸ਼ ਦਿਆਲ, ਟੌਮ ਕੁਰਨ, ਲੋਕੀ ਫਰਗੂਸਨ, ਸਵਪਨਿਲ ਸਿੰਘ, ਸੌਰਵ ਚੌਹਾਨ।
ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।