ਪੋਲੈਂਡ ਦੀ 23 ਸਾਲ ਦੀ ਸਵਿਆਟੇਕ, ਜਸਟਿਨ ਹੇਨਿਨ ਤੋਂ ਬਾਅਦ ਫ਼ਰੈਂਚ ਓਪਨ ਵਿਚ ਲਗਾਤਾਰ ਤਿੰਨ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ
ਪੈਰਿਸ: ਦੁਨੀਆਂ ਦੀ ਨੰਬਰ ਇਕ ਖਿਡਾਰਨ ਇਗਾ ਸਵਿਆਟੇਕ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਸਨਿਚਰਵਾਰ ਨੂੰ ਫਾਈਨਲ ’ਚ ਜੈਸਮੀਨ ਪਾਓਲਿਨੀ ਨੂੰ ਸਿੱਧੇ ਸੈਟਾਂ ’ਚ ਹਰਾ ਕੇ ਫ਼ਰੈਂਚ ਓਪਨ ਦਾ ਲਗਾਤਾਰ ਤੀਜਾ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ।
ਪੋਲੈਂਡ ਦੇ ਸਵਿਆਟੇਕ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਪਾਓਲਿਨੀ ਨੂੰ ਆਸਾਨੀ ਨਾਲ 6-2, 6-1 ਨਾਲ ਹਰਾਇਆ। ਸਵਿਆਟੇਕ ਪਹਿਲੇ ਸੈੱਟ ’ਚ ਇਕ ਸਮੇਂ 1-2 ਨਾਲ ਪਿੱਛੇ ਸੀ ਪਰ ਇਸ ਤੋਂ ਬਾਅਦ ਉਸ ਨੇ ਲਗਾਤਾਰ 10 ਗੇਮ ਜਿੱਤੇ। ਇਸ ਨਾਲ ਉਹ ਦੂਜੇ ਸੈੱਟ ’ਚ 5-0 ਨਾਲ ਅੱਗੇ ਹੋ ਗਈ। ਪਾਓਲਿਨੀ ਨੇ ਦੂਜੇ ਸੈੱਟ ਦੀ ਛੇਵੀਂ ਗੇਮ ਵਿਚ ਅਪਣੀ ਸਰਵਿਸ ਬਚਾਈ ਪਰ ਸਵਿਆਟੇਕ ਨੇ ਇਸ ਤੋਂ ਬਾਅਦ ਆਸਾਨੀ ਨਾਲ ਮੈਚ ਜਿੱਤ ਲਿਆ।
ਪਹਿਲੇ ਨੰਬਰ ਦੀ ਖਿਡਾਰਨ ਸਵਿਆਟੇਕ ਨੇ ਫ਼ਰੈਂਚ ਓਪਨ ’ਚ ਅਪਣੀ ਜਿੱਤ ਦਾ ਸਿਲਸਿਲਾ 21 ਮੈਚਾਂ ਤਕ ਵਧਾ ਦਿਤਾ ਹੈ। ਰੋਲੈਂਡ ਗੈਰੋਸ ’ਚ ਉਸ ਦਾ ਰੀਕਾਰਡ ਹੁਣ 35-2 ਹੈ। ਪੋਲੈਂਡ ਦੀ 23 ਸਾਲ ਦੀ ਸਵਿਆਟੇਕ, ਜਸਟਿਨ ਹੇਨਿਨ ਤੋਂ ਬਾਅਦ ਫ਼ਰੈਂਚ ਓਪਨ ਵਿਚ ਲਗਾਤਾਰ ਤਿੰਨ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ। ਹੇਨਿਨ ਨੇ ਇਹ ਕਾਰਨਾਮਾ 2005 ਤੋਂ 2007 ਤਕ ਕੀਤਾ ਸੀ।
ਸਵਿਆਟੇਕ ਨੇ 2020 ’ਚ ਫ਼ਰੈਂਚ ਓਪਨ ਦਾ ਖਿਤਾਬ ਵੀ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ 2022 ’ਚ ਯੂ.ਐੱਸ. ਓਪਨ ਵੀ ਜਿੱਤਿਆ ਸੀ। ਇਸ ਤਰ੍ਹਾਂ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ’ਚ ਉਨ੍ਹਾਂ ਦਾ ਰੀਕਾਰਡ 5-0 ਹੋ ਗਿਆ ਹੈ। ਇਟਲੀ ਦੀ 12ਵੀਂ ਸੀਡ ਪਾਓਲਿਨੀ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚੀ ਹੈ। ਉਹ ਇਸ ਸਾਲ ਜਨਵਰੀ ਵਿਚ ਆਸਟਰੇਲੀਆਈ ਓਪਨ ਦੇ ਚੌਥੇ ਗੇੜ ਵਿਚ ਪਹੁੰਚਣ ਤੋਂ ਪਹਿਲਾਂ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਦੂਜੇ ਗੇੜ ਤੋਂ ਅੱਗੇ ਨਹੀਂ ਵਧ ਸਕੀ ਸੀ।
ਪਾਓਲਿਨੀ ਕੋਲ ਹਾਲਾਂਕਿ ਮਹਿਲਾ ਡਬਲਜ਼ ਖਿਤਾਬ ਜਿੱਤਣ ਦਾ ਮੌਕਾ ਹੈ, ਜਿਸ ਵਿਚ ਉਸ ਨੇ ਸਾਰਾ ਇਰਾਨੀ ਨਾਲ ਮਿਲ ਕੇ ਕੰਮ ਕੀਤਾ ਹੈ। ਐਤਵਾਰ ਨੂੰ ਹੋਣ ਵਾਲੇ ਫਾਈਨਲ ’ਚ ਉਨ੍ਹਾਂ ਦਾ ਮੁਕਾਬਲਾ 2023 ਦੀ ਯੂ.ਐਸ. ਓਪਨ ਚੈਂਪੀਅਨ ਕੋਕੋ ਗੌਫ ਅਤੇ ਕੈਟਰੀਨਾ ਸਿਨੀਆਕੋਵਾ ਨਾਲ ਹੋਵੇਗਾ।