ਮੁਹੰਮਦ ਸ਼ਮੀ ਟੈਸਟ ਟੀਮ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ
ਮੁੰਬਈ: ਭਾਰਤ ਨੇ ਬੰਗਲਾਦੇਸ਼ ਵਿਰੁਧ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਲਈ ਐਤਵਾਰ ਨੂੰ ਅਪਣੀ 16 ਮੈਂਬਰੀ ਟੀਮ ਦਾ ਐਲਾਨ ਕਰ ਦਿਤਾ। ਰਿਸ਼ਭ ਪੰਤ ਨੇ ਲਗਭਗ 20 ਮਹੀਨੇ ਬਾਅਦ ਟੈਸਟ ਟੀਮ ’ਚ ਵਾਪਸੀ ਕੀਤੀ।
ਵਿਰਾਟ ਕੋਹਲੀ, ਜੋ ਇਸ ਸਾਲ ਦੇ ਸ਼ੁਰੂ ’ਚ ਇੰਗਲੈਂਡ ਵਿਰੁਧ ਘਰੇਲੂ ਮੈਦਾਨ ’ਤੇ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਬਾਹਰ ਰਹੇ ਸਨ, ਦੀ ਵੀ ਟੈਸਟ ਟੀਮ ’ਚ ਵਾਪਸੀ ਹੋਈ ਹੈ।
2022 ’ਚ 22 ਤੋਂ 25 ਦਸੰਬਰ ਤਕ ਮੀਰਪੁਰ ’ਚ ਬੰਗਲਾਦੇਸ਼ ਵਿਰੁਧ ਖੇਡਣ ਤੋਂ ਬਾਅਦ ਪੰਤ ਕੁੱਝ ਦਿਨ ਬਾਅਦ 30 ਦਸੰਬਰ ਨੂੰ ਸੜਕ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਅਤੇ ਚੋਟੀ ਦੇ ਪੱਧਰ ਦੇ ਕ੍ਰਿਕਟ ’ਚ ਉਨ੍ਹਾਂ ਦੀ ਵਾਪਸੀ ਇਸ ਸਾਲ ਆਈ.ਪੀ.ਐਲ. ’ਚ ਹੀ ਹੋਈ ਸੀ।
ਇਸ 26 ਸਾਲ ਦੇ ਬੱਲੇਬਾਜ਼ ਨੇ ਟੀ-20 ਵਿਸ਼ਵ ਕੱਪ ’ਚ ਭਾਰਤ ਦੀ ਖਿਤਾਬ ਜੇਤੂ ਮੁਹਿੰਮ ’ਚ ਕੌਮੀ ਟੀਮ ’ਚ ਵਾਪਸੀ ਕੀਤੀ।
ਹਾਲਾਂਕਿ ਮੁਹੰਮਦ ਸ਼ਮੀ ਟੈਸਟ ਟੀਮ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ। ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਪਹਿਲਾਂ ਕਿਹਾ ਸੀ ਕਿ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਦਾ ਟੀਚਾ ਬੰਗਲਾਦੇਸ਼ ਵਿਰੁਧ ਪਹਿਲੇ ਟੈਸਟ ਵਿਚ ਵਾਪਸੀ ਕਰਨਾ ਹੈ।
ਉੱਤਰ ਪ੍ਰਦੇਸ਼ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਨੂੰ ਵੀ ਪਹਿਲੇ ਟੈਸਟ ਲਈ ਪਹਿਲੀ ਵਾਰ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਦੇ ਲੰਮੇ ਟੈਸਟ ਸੀਜ਼ਨ ਦੀ ਸ਼ੁਰੂਆਤ ਬੰਗਲਾਦੇਸ਼ ਵਿਰੁਧ ਸੀਰੀਜ਼ ਨਾਲ ਹੋਵੇਗੀ, ਜਿਸ ਦਾ ਪਹਿਲਾ ਟੈਸਟ 19 ਸਤੰਬਰ ਤੋਂ ਚੇਨਈ ’ਚ ਸ਼ੁਰੂ ਹੋਵੇਗਾ। ਦੂਜਾ ਟੈਸਟ 27 ਸਤੰਬਰ ਤੋਂ 1 ਅਕਤੂਬਰ ਤਕ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੁਣ ਤਕ 13 ਟੈਸਟ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿਚੋਂ 11 ਭਾਰਤ ਨੇ ਜਿੱਤੇ ਹਨ ਜਦਕਿ ਦੋ ਮੈਚ ਡਰਾਅ ’ਤੇ ਖਤਮ ਹੋਏ ਹਨ।
ਬੰਗਲਾਦੇਸ਼ ਪਾਕਿਸਤਾਨ ’ਤੇ 2-0 ਦੀ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਇਸ ਸੀਰੀਜ਼ ’ਚ ਉਤਰੇਗਾ, ਜਦਕਿ ਇਸ ਸਾਲ ਦੀ ਸ਼ੁਰੂਆਤ ’ਚ ਜਨਵਰੀ-ਮਾਰਚ ’ਚ ਇੰਗਲੈਂਡ ਨੂੰ ਘਰੇਲੂ ਮੈਦਾਨ ’ਤੇ 4-1 ਨਾਲ ਹਰਾਉਣ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਟੈਸਟ ਮੈਚ ਹੋਵੇਗਾ।
ਪਹਿਲੇ ਟੈਸਟ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਯਸ਼ ਦਿਆਲ।