ਕੁਵੈਤ ਅਤੇ ਫਿਲਸਤੀਨ ਵਰਗੇ ਕਈ ਓ.ਸੀ.ਏ. ਮੈਂਬਰਾਂ ਨੂੰ ਪਸੰਦ ਨਹੀਂ ਆਇਆ
ਨਵੀਂ ਦਿੱਲੀ: ਜਾਪਾਨ ਦੇ ਆਈਚੀ-ਨਾਗੋਆ ’ਚ ਹੋਣ ਵਾਲੀਆਂ 2026 ਏਸ਼ੀਆਈ ਖੇਡਾਂ ’ਚ ਖੇਡ ਪਿੰਡ ਨਹੀਂ ਹੋਵੇਗਾ ਅਤੇ ਖਿਡਾਰੀਆਂ ਨੂੰ ਹੋਟਲਾਂ ਅਤੇ ਕਰੂਜ਼ ਸਮੁੰਦਰੀ ਜਹਾਜ਼ਾਂ ’ਚ ਰੱਖਿਆ ਜਾਵੇਗਾ। ਏਸ਼ੀਆਈ ਖੇਡਾਂ ’ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਐਥਲੀਟਾਂ ਲਈ ਕੋਈ ਖੇਡ ਪਿੰਡ ਨਹੀਂ ਹੋਵੇਗਾ।
ਜਾਪਾਨ ਓਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੇਕਾਜ਼ੂ ਤਾਕੇਦਾ ਨੇ ਐਤਵਾਰ ਨੂੰ ਏਸ਼ੀਆ ਦੀ ਓਲੰਪਿਕ ਕੌਂਸਲ ਦੀ 44ਵੀਂ ਜਨਰਲ ਅਸੈਂਬਲੀ ਦੌਰਾਨ ਕਿਹਾ ਕਿ ਆਈਚੀ ਸੂਬੇ ਅਤੇ ਨਾਗੋਆ ਸ਼ਹਿਰ ਦੀ ਸਹਿ-ਮੇਜ਼ਬਾਨੀ ਵਾਲੇ ਇਸ ਮਹਾਦੀਪ ਟੂਰਨਾਮੈਂਟ ’ਚ ਕੋਈ ਓਲੰਪਿਕ ਪਿੰਡ ਨਹੀਂ ਹੋਵੇਗਾ।
ਟਾਕੇਡਾ ਨੇ ਕਿਹਾ, ‘‘ਸਾਡੇ ਕੋਲ ਖੇਡ ਪਿੰਡ ਨਹੀਂ ਹੋਵੇਗਾ ਕਿਉਂਕਿ ਖੇਡਾਂ ਦੋ ਸੂਬਿਆਂ ’ਚ ਹੋਣਗੀਆਂ। ਇਸ ਦੀ ਬਜਾਏ ਅਸੀਂ ਹੋਟਲਾਂ ਅਤੇ ਕਰੂਜ਼ ਸਮੁੰਦਰੀ ਜਹਾਜ਼ਾਂ ’ਚ ਐਥਲੀਟਾਂ ਅਤੇ ਪਤਵੰਤਿਆਂ ਨੂੰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।’’
2026 ਏਸ਼ੀਆਈ ਖੇਡਾਂ ਦੇ ਮੀਤ ਪ੍ਰਧਾਨ ਤਾਕੇਡਾ ਨੇ ਕਿਹਾ, ‘‘ਅਸੀਂ ਹੋਟਲ ਦੇ ਕਮਰਿਆਂ ਤੋਂ ਇਲਾਵਾ 4,000 ਐਥਲੀਟਾਂ ਅਤੇ ਅਧਿਕਾਰੀਆਂ ਲਈ ਕਰੂਜ਼ ਜਹਾਜ਼ਾਂ ਦਾ ਪ੍ਰਬੰਧ ਕੀਤਾ ਹੈ।’’
ਹਾਲਾਂਕਿ, ਤਾਕੇਡਾ ਦਾ ਵਿਚਾਰ ਕੁਵੈਤ ਅਤੇ ਫਿਲਸਤੀਨ ਵਰਗੇ ਕਈ ਓ.ਸੀ.ਏ. ਮੈਂਬਰਾਂ ਨੂੰ ਪਸੰਦ ਨਹੀਂ ਆਇਆ, ਜਿਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਅਜਿਹਾ ਕਦਮ ਖੇਡਾਂ ਦੀ ਭਾਵਨਾ ਦੇ ਅਨੁਸਾਰ ਨਹੀਂ ਹੋਵੇਗਾ।
ਓ.ਸੀ.ਏ. ਦੇ ਨਵੇਂ ਚੁਣੇ ਗਏ ਪ੍ਰਧਾਨ ਰਣਧੀਰ ਸਿੰਘ ਵੀ ਇਸ ਵਿਚਾਰ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ, ‘‘ਸਾਨੂੰ ਇਕ ਥਾਂ ’ਤੇ ਰਹਿਣਾ ਪੈਂਦਾ ਹੈ, ਇਸ ਲਈ ਨੌਜੁਆਨਾਂ ਨੂੰ ਇਕੱਠੇ ਰੱਖਣ ਲਈ ਖੇਡ ਪਿੰਡ ਸੱਭ ਤੋਂ ਮਹੱਤਵਪੂਰਨ ਹੈ। ਅਜਿਹੇ ਸਮਾਗਮ ’ਚ ਖੇਡ ਪਿੰਡ ਦੀ ਜ਼ਿੰਦਗੀ ਬਹੁਤ ਮਹੱਤਵਪੂਰਨ ਹੁੰਦੀ ਹੈ।’’
ਰਣਧੀਰ ਨੇ ਸੰਕੇਤ ਦਿਤਾ ਕਿ ਓ.ਸੀ.ਏ. ਟੀਮ ਦੇ ਨਾਲ-ਨਾਲ ਵਿਅਕਤੀਗਤ ਸਮਾਗਮਾਂ ’ਚ ਭਾਗੀਦਾਰੀ ਦੀ ਗਿਣਤੀ ਘਟਾਉਣ ’ਤੇ ਵਿਚਾਰ ਕਰ ਰਿਹਾ ਹੈ। ਪਿਛਲੀ ਵਾਰ 15,0000 ਐਥਲੀਟਾਂ ਨੇ 40 ਖੇਡਾਂ ’ਚ ਹਿੱਸਾ ਲਿਆ ਸੀ, ਪਿਛਲੀ ਵਾਰ ਫੁੱਟਬਾਲ ’ਚ 32 ਟੀਮਾਂ ਸਨ ਪਰ ਇਸ ਵਾਰ ਅਸੀਂ ਇਸ ਗਿਣਤੀ ਨੂੰ ਚੋਟੀ ਦੇ ਅੱਠ ਤਕ ਸੀਮਤ ਕਰਨਾ ਚਾਹੁੰਦੇ ਹਾਂ।’’
ਉਨ੍ਹਾਂ ਕਿਹਾ, ‘‘ਇਹ ਵਿਅਕਤੀਗਤ ਮੁਕਾਬਲਿਆਂ ’ਚ ਵੀ ਹੋਵੇਗਾ। ਸਾਨੂੰ ਗਿਣਤੀ ਨੂੰ ਸੀਮਤ ਕਰਨ ਦੀ ਲੋੜ ਹੈ। ਦੋ ਜਾਂ ਤਿੰਨ ਵੱਧ ਪ੍ਰਤੀਨਿਧਗੀਆਂ ਨਹੀਂ ਹੋ ਸਕਦੀਆਂ।’’