
ਪੰਜਾਬ ਵਲੋਂ ਐਂਡ੍ਰਿਊ ਟਾਏ ਦੀਆਂ 4 ਵਿਕਟਾਂ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ 'ਤੇ 158 ਦੌੜਾਂ 'ਤੇ ਰੋਕ ਦਿੱਤਾ ਸੀ।
ਜੈਪੁਰ : ਆਈਪੀਐਲ 11 ਅਪਣੇ ਪੂਰੇ ਰੋਮਾਂਚ 'ਤੇ ਹੈ। ਸਾਰੀਆਂ ਟੀਮਾਂ ਦੀ ਟਾਪ ਚਾਰ ਦੇ ਕੁਆਲੀਫ਼ਾਈ ਲਈ ਜਦੋ-ਜਹਿਦ ਜਾਰੀ ਹੈ। ਬੀਤੀ ਰਾਤ ਪੰਜਾਬ ਤੇ ਰਾਜਸਥਾਨ ਵਿਚਕਾਰ ਖੇਡੇ ਗਏ ਆਈਪੀਐਲ ਮੈਚ ਵਿਚ ਪੰਜਾਬ ਨੂੰ ਰਾਜਸਥਾਨ ਹੱਥੋਂ 15 ਦੋੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਲੋਂ ਐਂਡ੍ਰਿਊ ਟਾਏ ਦੀਆਂ 4 ਵਿਕਟਾਂ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ 'ਤੇ 158 ਦੌੜਾਂ 'ਤੇ ਰੋਕ ਦਿੱਤਾ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਇਲਜ਼ ਲਈ ਬਟਲਰ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਨਹੀਂ ਚੱਲ ਸਕਿਆ। ਬਟਲਰ ਨੇ 58 ਗੇਂਦਾਂ 'ਤੇ 9 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 82 ਦੌੜਾਂ ਬਣਾਈਆਂ।ਆਸਟਰੇਲੀਆਈ ਗੇਂਦਬਾਜ਼ ਟਾਏ ਨੇ ਆਖਰੀ ਓਵਰ ਵਿਚ ਆਈ. ਪੀ. ਐਲ. ਦੇ ਸੱਭ ਤੋਂ ਮਹਿੰਗੇ ਖਿਡਾਰੀ ਬੇਨ ਸਟੋਕਸ ਦੀ ਵਿਕਟ ਵੀ ਲਈ । ਉਸ ਨੇ ਚਾਰ ਓਵਰਾਂ ਵਿਚ 34 ਦੌੜਾਂ 'ਤੇ 4 ਵਿਕਟਾਂ ਲਈਆਂ ਤੇ ਹੁਣ ਪਰਪਲ ਕੈਪ ਉਸ ਦੇ ਕੋਲ ਆ ਗਈ ਹੈ। ਆਈ. ਪੀ. ਐੱਲ. ਦੇ ਪਲੇਅ ਆਫ ਦੀ ਦੌੜ 'ਚੋਂ ਬਾਹਰ ਹੋਣ ਦੇ ਕੰਢੇ 'ਤੇ ਖੜ੍ਹੀ ਰਾਇਲਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਦੀਆਂ ਵਿਕਟਾਂ ਲਗਾਤਾਰ ਡਿਗਦੀਆਂ ਰਹੀਆਂ। ਉਸ ਦੇ ਲਈ ਸੱਭ ਤੋਂ ਵੱਡੀ ਸਾਂਝੇਦਾਰੀ ਤੀਜੀ ਵਿਕਟ ਲਈ ਸੰਜੂ ਸੈਮਸਨ ਤੇ ਜੋਸ ਬਟਲਰ ਵਿਚਾਲੇ ਬਣੀ, ਜਿਨ੍ਹਾਂ ਨੇ 53 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਰਾਜਸਥਾਨ ਨੇ ਚੁਣੌਤੀਪੂਰਨ ਸਕੋਰ ਬਣਾਇਆ।
Rajasthan Royals wins from Kings XI Punjab by 15 runs
ਇਕ ਸਮੇਂ ਰਾਜਸਥਾਨ ਦਾ ਸਕੋਰ 3 ਵਿਕਟਾਂ 'ਤੇ 117 ਦੌੜਾਂ ਸੀ ਪਰ 17ਵੇਂ ਓਵਰ ਵਿਚ ਬਟਲਰ ਦੇ ਆਊਟ ਹੋਣ ਤੋਂ ਬਾਅਦ ਉਸ ਨੇ 5 ਵਿਕਟਾਂ 26 ਦੌੜਾਂ ਦੇ ਅੰਦਰ ਗੁਆ ਦਿਤੀਆਂ। ਅਫ਼ਗਾਨੀ ਸਪਿਨਰ ਮੁਜੀਬ ਉਰ ਰਹਿਮਾਨ ਨੂੰ ਅੱਗੇ ਵਧ ਕੇ ਖੇਡਣ ਦੀ ਕੋਸ਼ਿਸ਼ 'ਚ ਬਟਲਰ ਖੁੰਝ ਗਿਆ ਤੇ ਲੋਕੇਸ਼ ਰਾਹੁਲ ਨੇ ਸ਼ਾਨਦਾਰ ਸਟੰਪਿੰਗ ਦਾ ਨਮੂਨਾ ਪੇਸ਼ ਕੀਤਾ। ਇਸ ਮੈਚ ਵਿਚ ਉਤਰਿਆ ਸਟੂਅਰਟ ਬਿੰਨੀ ਵੀ ਵੱਡੀ ਪਾਰੀ ਨਹੀਂ ਖੇਡ ਸਕਿਆ ਤੇ 11 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਇਸ ਤੋਂ ਪਹਿਲਾਂ ਸੈਮਸਨ (22) ਨੂੰ ਵੀ ਰਹਿਮਾਨ ਨੇ ਤਿਵਾੜੀ ਹੱਥੋਂ ਕੈਚ ਕਰਾਇਆ।ਜਵਾਬ ਵਿਚ ਪੰਜਾਬ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ ਤਾਂ ਸ਼ੁਰੂਆਤੀ ਓਵਰਾਂ ਵਿਚ ਹੀ ਟੀਮ ਲੜਖੜਾ ਗਈ ਸੀ। ਰਾਜਸਥਾਨ ਵਲੋਂ ਚੰਗੀ ਗੇਂਦਬਾਜ਼ੀ ਕਰਦੇ ਹੋਏ ਪੰਜਾਬ ਨੂੰ ਸ਼ੁਰੂਆਤ ਵਿਚ ਹੀ ਤਿੰਨ ਝਟਕੇ ਦੇ ਦਿਤੇ। ਇਕ-ਇਕ ਕਰ ਕੇ ਪੰਜਾਬ ਦੀਆਂ ਵਿਕਟਾਂ ਗਿਰਦੀਆਂ ਗਈਆਂ। ਜਿਵੇਂ ਹੀ ਮੈਚ ਅਾਖਰੀ ਓਵਰਾਂ ਤਕ ਪਹੁੰਚਦਾ ਗਿਆ ਓਵੇਂ ਹੀ ਵਿਕਟਾਂ ਦਾ ਗਿਰਣਾ ਜਾਰੀ ਸੀ। ਓਪਨਰ ਬੱਲੇਬਾਜ਼ ਕੇ.ਐਲ ਰਾਹੁਲ ਨੇ ਅਾਖ਼ਰੀ ਓਵਰ ਤਕ ਬੱਲੇਬਾਜ਼ੀ ਕੀਤੀ ਪਰ ਟੀਮ ਨੂੰ ਜਿੱਤ ਨਾ ਦਵਾ ਸਕੇ। ਦਸ ਦਈਏ ਕਿ ਪੰਜਾਬ ਦੇ ਅਗਲੇ ਸਾਰੇ ਮੈਚ ਚੋਟੀ ਦੀਆਂ ਟੀਮਾਂ ਨਾਲ ਖੇਡੇ ਜਾਣੇ ਹਨ।