Paris Olympics 2024 : ਸੁਨਹਿਰੇ ਸਫ਼ਰ ਉਤੇ ਭਾਰਤੀ ਹਾਕੀ
Published : Aug 9, 2024, 8:12 pm IST
Updated : Aug 9, 2024, 8:27 pm IST
SHARE ARTICLE
ਭਾਰਤੀ ਹਾਕੀ ਟੀਮ
ਭਾਰਤੀ ਹਾਕੀ ਟੀਮ

Paris Olympics 2024 :52 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕਸ ਵਿੱਚ ਲਗਾਤਾਰ ਦੋ ਤਮਗ਼ੇ ਜਿੱਤੇ।

Paris Olympics 2024 : ਪੈਰਿਸ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਲਗਾਤਾਰ ਦੂਜੀ ਵਾਰ ਓਲੰਪਿਕਸ ’ਚ ਤਮਗ਼ਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। 52 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕਸ ’ਚ ਲਗਾਤਾਰ ਦੋ ਤਮਗ਼ੇ ਜਿੱਤੇ। ਇਸ ਤੋਂ ਪਹਿਲਾਂ 1972 ਵਿਚ ਮਿਊਨਿਖ ਅਤੇ 1968 ਵਿੱਚ ਮੈਕਸੀਕੋ ਵਿਖੇ ਕਾਂਸੀ ਦਾ ਤਮਗ਼ਾ ਜਿੱਤਿਆ ਸੀ। 1928 ਤੋਂ 1964 ਤੱਕ ਭਾਰਤੀ ਹਾਕੀ ਨੇ ਛੇ ਸੋਨੇ ਅਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਹੁਣ ਭਾਰਤੀ ਟੀਮ ਨੇ ਟੋਕੀਓ 2021 ਤੋਂ ਬਾਅਦ ਪੈਰਿਸ ਵਿਖੇ ਵੀ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਤਿੰਨ ਸਾਲ ਪਹਿਲਾਂ ਵੀ ਪੈਰਿਸ ਵਿਖੇ ਖੇਡਣ ਵਾਲੀ ਟੀਮ ਦੇ 11 ਖਿਡਾਰੀਆਂ ਨੇ ਟੋਕੀਓ ਓਲੰਪਿਕ ਖੇਡਾਂ ’ਚ ਇਤਿਹਾਸ ਸਿਰਜਦਿਆਂ 41 ਸਾਲਾਂ ਬਾਅਦ ਤਮਗ਼ਾ ਜਿੱਤਿਆ ਸੀ। ਇਸ ਤੋਂ ਪਹਿਲਾਂ 1980 ਵਿਚ ਮਾਸਕੋ ਓਲੰਪਿਕਸ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ।

ਓਲੰਪਿਕਸ ਵਿਚ ਭਾਰਤ ਨੇ ਹੁਣ ਤੱਕ 40 ਤਮਗ਼ੇ ਜਿੱਤੇ ਹਨ ਜਿਨ੍ਹਾਂ ’ਚੋਂ 13 ਤਮਗ਼ੇ ਇਕੱਲੇ ਹਾਕੀ ਖੇਡ ਵਿਚ ਜਿੱਤੇ ਹਨ। ਪੈਰਿਸ ਵਿਖੇ ਭਾਰਤ ਨੇ 13ਵਾਂ ਤਮਗ਼ਾ ਜਿੱਤਿਆ ਹੈ ਜਿਨ੍ਹਾਂ ਵਿਚ ਭਾਰਤ ਨੇ 8 ਵਾਰ ਸੋਨੇ, 1 ਵਾਰ ਚਾਂਦੀ ਤੇ 4 ਵਾਰ ਕਾਂਸੀ ਦਾ ਤਮਗਾ ਜਿੱਤਿਆ ਹੈ। ਭਾਰਤ ਨੇ 1928 ਐਮਸਟਰਡਮ, 1932 ਲਾਸ ਏਂਜਲਸ, 1936 ਬਰਲਿਨ, 1948 ਲੰਡਨ, 1952 ਹੈਲਸਿੰਕੀ, 1956 ਮੈਲਬਰਨ, 1964 ਟੋਕੀਓ ਤੇ 1980 ਮਾਸਕੋ ਵਿਖੇ ਸੋਨੇ, 1960 ਰੋਮ ਵਿਖੇ ਚਾਂਦੀ ਅਤੇ 1968 ਮੈਕਸੀਕੋ, 1972 ਮਿਊਨਿਖ, 2021 ਟੋਕੀਓ ਅਤੇ 2024 ਪੈਰਿਸ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ।

ਪੈਰਿਸ ਵਿਖੇ ਭਾਰਤੀ ਟੀਮ ਪੂਲ ਬੀ ਵਿਚ ਸੀ। ਗਰੁੱਪ ਸਟੇਜ ਵਿਚ ਟੀਮ ਨੇ ਪੰਜ ਵਿੱਚੋਂ ਤਿੰਨ ਮੈਚ ਜਿੱਤੇ ਅਤੇ ਇਕ ਡਰਾਅ ਖੇਡਿਆ। ਭਾਰਤ ਨੇ ਨਿਊਜ਼ੀਲੈਂਡ ਨੂੰ 3-2, ਆਇਰਲੈਂਡ ਨੂੰ 2-0, ਆਸਟਰੇਲੀਆ ਨੂੰ 3-2 ਨਾਲ ਹਰਾਇਆ ਜਦੋਂ ਕਿ ਅਰਜਨਟਾਈਨਾ ਨਾਲ 1-1 ਦੀ ਬਰਾਬਰੀ ਕੀਤੀ। ਬੈਲਜੀਅਮ ਹੱਥੋਂ 1-2 ਨਾਲ ਇਕ ਮੈਚ ਹਾਰੀ ਸੀ। ਲੀਗ ਵਿਚ ਭਾਰਤੀ ਟੀਮ 10 ਅੰਕਾਂ ਨਾਲ ਦੂਜੇ ਸਥਾਨ ਉਪਰ ਰਹੀ। ਨਾਕ ਆਊਟ ਸਟੇਜ ਵਿਚ ਕੁਆਰਟਰ ਫਾਈਨਲ ਖੇਡਦਿਆਂ ਭਾਰਤ ਨੇ ਬਰਤਾਨੀਆ ਖਿਲਾਫ ਸਿਰਫ 10 ਖਿਡਾਰੀਆਂ ਨਾਲ ਖੇਡਦਿਆਂ ਨਿਰਧਾਰਤ ਸਮੇਂ ਵਿੱਚ 1-1 ਨਾਲ ਬਰਾਬਰੀ ਕੀਤੀ ਅਤੇ ਫੇਰ ਸ਼ੂਟ ਆਊਟ ਵਿੱਚ 4-2 ਨਾਲ ਜਿੱਤ ਹਾਸਲ ਕੀਤੀ। ਸੈਮੀ ਫਾਈਨਲ ਵਿੱਚ ਭਾਰਤ ਨੂੰ ਜਰਮਨੀ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਹਾਕੀ ਟੀਮ ਨੇ ਬਹੁਤ ਸ਼ਾਨਦਾਰ ਖੇਡ ਦਿਖਾਈ ਅਤੇ ਅੰਤ ਤੱਕ ਜੂਝੇ।  ਕਾਂਸੀ ਦੇ ਤਮਗੇ ਵਾਲੇ ਮੈਚ ਵਿਚ ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਕੇ ਤਮਗ਼ਾ ਪੱਕਾ ਕੀਤਾ। ਟੋਕੀਓ ਓਲੰਪਿਕਸ ਦੀਆਂ ਤਮਗ਼ਾ ਜੇਤੂ ਟੀਮਾਂ ਵਿੱਚੋਂ ਸਿਰਫ ਭਾਰਤ ਹੀ ਇਸ ਵਾਰ ਤਮਗ਼ਾ ਜਿੱਤ ਸਕੀ। ਪਿਛਲੀ ਵਾਰ ਬੈਲਜੀਅਮ ਨੇ ਸੋਨੇ ਅਤੇ ਆਸਟਰੇਲੀਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਇਸ ਵਾਰ ਹਾਲੈਂਡ ਨੇ ਸੋਨੇ ਅਤੇ ਜਰਮਨੀ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਭਾਰਤ ਨੇ ਦੋਵੇਂ ਵਾਰ ਕਾਂਸੀ ਦਾ ਤਮਗ਼ਾ ਜਿੱਤਿਆ।

ਪੈਰਿਸ ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਨੇ ਕੁੱਲ 15 ਗੋਲ ਕੀਤੇ ਜਿਸ ’ਚੋਂ ਇਕੱਲੇ ਕਪਤਾਨ ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ। ‘ਸਰਪੰਚ’ ਨਾਮ ਨਾਲ ਮਸ਼ਹੂਰ ਹੋਇਆ ਹਰਮਨਪ੍ਰੀਤ ਸਿੰਘ ਪੈਰਿਸ ਓਲੰਪਿਕਸ ਦਾ ਸਰਵੋਤਮ ਸਕੋਰਰ ਵੀ ਰਿਹਾ। ਹਰਮਨਪ੍ਰੀਤ ਸਿੰਘ ਤੋਂ ਬਾਅਦ ਆਸਟਰੇਲੀਆ ਦਾ ਬਲੈਕ ਗੋਵਰਜ਼ 7 ਗੋਲਾਂ ਨਾਲ ਦੂਜੇ ਨੰਬਰ ਉਤੇ ਰਿਹਾ। ਭਾਰਤ ਦੇ ਗੋਲਚੀ ਪੀ.ਆਰ.ਸ੍ਰੀਜੇਸ਼ ਨੇ ਸਿਖਰਲੀ ਖੇਡ ਦਿਖਾਈ ਅਤੇ ਉਸ ਨੇ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਕਾਂਸੀ ਦੇ ਤਮਗ਼ੇ ਮੈਚ ਤੋਂ ਬਾਅਦ ਜੇਤੂ ਵਿਦਾਇਗੀ ਲਏ। 336 ਕੌਮਾਂਤਰੀ ਮੈਚ ਖੇਡਣ ਵਾਲਾ ਸ੍ਰੀਜੇਸ਼ ਪੈਰਿਸ ਵਿਖੇ ਵਿਰੋਧੀ ਟੀਮਾਂ ਲਈ ਕੰਧ ਬਣ ਕੇ ਖੜ੍ਹਿਆ। ਪੈਰਿਸ ਵਿਖੇ ਸ੍ਰੀਜੇਸ਼ ਅਤੇ ਸਾਬਕਾ ਕਪਤਾਨ ਤੇ ਮਿਡਫੀਲਡਰ ਮਨਪ੍ਰੀਤ ਸਿੰਘ ਨੇ ਆਪਣੀ ਚੌਥੀ ਓਲੰਪਿਕਸ ਖੇਡੀ। ਹੁਣ ਉਹ ਊਧਮ ਸਿੰਘ, ਲੈਜਲੀ ਕਲਾਡੀਅਸ ਤੇ ਧਨਰਾਜ ਪਿੱਲੈ ਤੋਂ ਬਾਅਦ ਚਾਰ ਓਲੰਪਿਕ ਖੇਡਾਂ ਖੇਡਣ ਵਾਲੇ ਖਿਡਾਰੀ ਬਣੇ। ਕਪਤਾਨ ਹਰਮਨਪ੍ਰੀਤ ਸਿੰਘ ਦੀ ਇਹ ਤੀਜੀ ਓਲੰਪਿਕਸ ਸੀ। ਟੋਕੀਓ ਤੇ ਪੈਰਿਸ ਵਿਖੇ ਤਮਗ਼ਾ ਜਿੱਤਣ ਵਾਲੇ 11 ਖਿਡਾਰੀਆਂ ਵਿੱਚ ਸ੍ਰੀਜੇਸ਼, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਤੋਂ ਇਲਾਵਾ ਵਾਈਸ ਕਪਤਾਨ ਹਾਰਦਿਕ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਅਮਿਤ ਰੋਹੀਦਾਸ, ਲਲਿਤ ਉਪਾਧਿਆਏ, ਵਿਵੇਕ ਸਾਗਰ ਪ੍ਰਸ਼ਾਦ ਤੇ ਸੁਮਿਤ ਵੀ ਸ਼ਾਮਲ ਸਨ। ਜਰਮਨਪ੍ਰੀਤ ਸਿੰਘ ਬੱਲ, ਸੁਖਜੀਤ ਸਿੰਘ, ਅਭਿਸ਼ੇਕ, ਸੰਜੇ ਤੇ ਰਾਜ ਕੁਮਾਰ ਪਾਲ ਆਪਣੀ ਪਹਿਲੀ ਓਲੰਪਿਕਸ ਖੇਡ ਰਹੇ ਸਨ।

ਪੈਰਿਸ ਵਿਖੇ ਨਵੇਂ ਉਭਰਦੇ ਖਿਡਾਰੀਆਂ ਵਿੱਚ ਜਰਮਨਪ੍ਰੀਤ ਸਿੰਘ ਬੱਲ ਅਤੇ ਅਭਿਸ਼ੇਕ ਦੀ ਖੇਡ ਨੇ ਬਹੁਤ ਪ੍ਰਭਾਵਿਤ ਕੀਤਾ। ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸੁਖਜੀਤ ਸਿੰਘ ਨਾਕ ਆਊਟ ਸਟੇਜ ’ਚ ਹੋਰ ਵੀ ਸੋਹਣਾ ਖੇਡੇ। ਅਮਿਤ ਰੋਹੀਦਾਸ ਨੂੰ ਲਾਲ ਕਾਰਡ ਦੀ ਕਮੀ ਦੋ ਮੈਚਾਂ ਵਿੱਚ ਰੜਕੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਡਰੈਗ ਫਲਿੱਕਾਂ ਨਾਲ ਗੋਲ ਕਰਕੇ ਫੀਲਡ ਗੋਲਾਂ ਦੀ ਕਮੀ ਦੂਰ ਕੀਤੀ। ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਟੀਮਾਂ ਵਿੱਚੋਂ ਭਾਰਤ ਏਸ਼ੀਆ ਦੀ ਇਕਲੌਤੀ ਟੀਮ ਸੀ। ਕੋਰੀਆ, ਪਾਕਿਸਤਾਨ, ਮਲੇਸ਼ੀਆ ਜਿਹੇ ਮੁਲਕਾਂ ਦੀ ਗੈਰ ਹਾਜ਼ਰੀ ਭਾਰਤ ਨੇ ਪੂਰੀ ਕੀਤੀ।

ਭਾਰਤੀ ਹਾਕੀ ਟੀਮ ਪਿਛਲੇ ਕੁਝ ਸਮੇਂ ਤੋਂ ਸੁਨਹਿਰੀ ਦੌਰ ਵਿੱਚੋਂ ਲੰਘ ਰਹੀ ਹੈ। 2016 ਅਤੇ 2018 ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦੇ ਤਮਗ਼ੇ, 2016 ਵਿੱਚ ਜੂਨੀਅਰ ਵਿਸ਼ਵ ਕੱਪ ਦੀ ਜਿੱਤ, 2016, 2018 ਤੇ 2023 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਸੋਨ ਤਮਗ਼ਾ, 2017 ਵਿੱਚ ਏਸ਼ੀਆ ਕੱਪ ਦਾ ਸੋਨ ਤਮਗ਼ਾ, 2023 ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ, 2022 ਵਿਚ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਭਾਰਤੀ ਹਾਕੀ ਕੋਲ ਹੁਣ ਸਿਰਫ ਹਾਕੀ ਵਿਸ਼ਵ ਕੱਪ ਦੇ ਤਮਗ਼ੇ ਦੀ ਕਮੀ ਹੈ ਜਿਹੜਾ ਭਾਰਤ ਨੇ ਆਖਰੀ ਵਾਰ 1975 ਵਿੱਚ ਸੋਨੇ ਦਾ ਜਿੱਤਿਆ ਸੀ। ਹੁਣ ਅਗਲਾ ਵਿਸ਼ਵ ਕੱਪ ਬੈਲਜੀਅਮ ਤੇ ਹਾਲੈਂਡ ਵਿਖੇ ਖੇਡਿਆ ਜਾਣਾ ਹੈ ਅਤੇ ਉਮੀਦ ਕਰਦੇ ਹਾਂ ਕਿ ਭਾਰਤ ਵਿਸ਼ਵ ਕੱਪ ਤਮਗ਼ੇ ਦਾ ਸੋਕਾ ਵੀ ਦੂਰ ਕਰੇਗਾ।

a

ਨਵਦੀਪ ਸਿੰਘ ਗਿੱਲ 

(For moraae news apart from Paris Olympics Indian hockey team created new history by winning medal in Olympics for second time in row News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement