
ਕਰਨਾਟਕ ਸਰਕਾਰ ਨੇ 80,000 ਸਮਰੱਥਾ ਵਾਲੇ ਸਟੇਡੀਅਮ ਨੂੰ ਦਿਤੀ ਮਨਜ਼ੂਰੀ
ਬੇਂਗਲੁਰੂ : ਬੇਂਗਲੁਰੂ ਵਿਚ ਜਲਦੀ ਹੀ 80,000 ਪ੍ਰਸ਼ੰਸਕਾਂ ਦੀ ਸਮਰੱਥਾ ਵਾਲਾ ਵਿਸ਼ਵ ਪੱਧਰੀ ਕ੍ਰਿਕਟ ਸਟੇਡੀਅਮ ਹੋਵੇਗਾ। ਕਰਨਾਟਕ ਸਰਕਾਰ ਨੇ ਸੂਰਿਆ ਸਿਟੀ, ਬੋਮਸੈਂਡਰਾ ਵਿਚ 1,650 ਕਰੋੜ ਰੁਪਏ ਦੇ ਵਿਸ਼ਾਲ ਸਪੋਰਟਸ ਕੰਪਲੈਕਸ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿਤੀ ਹੈ।
ਇਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਬਾਅਦ ਭਾਰਤ ਦਾ ਦੂਜਾ ਸੱਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੋਵੇਗਾ। ਕਰਨਾਟਕ ਸਰਕਾਰ ਨੇ ਇਹ ਕਦਮ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਚੁਕਿਆ ਹੈ। 4 ਜੂਨ, 2025 ਨੂੰ, ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਆਈ.ਪੀ.ਐਲ. ਖਿਤਾਬ ਜਿੱਤ ਦਾ ਜਸ਼ਨ ਉਸ ਸਮੇਂ ਹਫੜਾ-ਦਫੜੀ ਵਿਚ ਬਦਲ ਗਿਆ ਜਦੋਂ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਾਜੜ ਵਿਚ 11 ਲੋਕਾਂ ਦੀ ਮੌਤ ਹੋ ਗਈ।
ਐਮ. ਚਿੰਨਾਸਵਾਮੀ ਸਟੇਡੀਅਮ, ਜਿਸ ਦੀ ਦਰਸ਼ਕਾਂ ਦੀ ਸਮਰੱਥਾ 32,000 ਹੈ ਅਤੇ 17 ਏਕੜ ਵਿਚ ਬਣਾਇਆ ਗਿਆ ਹੈ, ਨੂੰ ਜਸਟਿਸ ਜੌਨ ਮਾਈਕਲ ਕੁਨਹਾ ਕਮਿਸ਼ਨ ਦੀ ਇਕ ਰੀਪੋਰਟ ਵਿਚ ਵੱਡੇ ਸਮਾਗਮਾਂ ਲਈ ਅਣਉਚਿਤ ਪਾਇਆ ਗਿਆ ਸੀ। ਰੀਪੋਰਟ ਵਿਚ ਬਿਹਤਰ ਪਾਰਕਿੰਗ ਅਤੇ ਭੀੜ ਨੂੰ ਕੰਟਰੋਲ ਕਰਨ ਵਾਲੇ ਵੱਡੇ, ਸੁਰੱਖਿਅਤ ਸਥਾਨਾਂ ਦੀ ਮੰਗ ਕੀਤੀ ਗਈ ਹੈ।
ਕਰਨਾਟਕ ਹਾਊਸਿੰਗ ਬੋਰਡ (ਕੇਐਚਬੀ) ਬੈਂਗਲੁਰੂ ਦੇ ਦਖਣੀ ਬਾਹਰੀ ਇਲਾਕੇ ਵਿਚ 100 ਏਕੜ ਵਿਚ ਇਕ ਸਪੋਰਟਸ ਕੇਂਦਰ ਦਾ ਨਿਰਮਾਣ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀਆਂ ਦੁਖਾਂਤ ਦੁਬਾਰਾ ਨਾ ਵਾਪਰਨ। ਇਹ ਬੋਮਸੰਦਰਾ ਦੇ ਸੂਰਿਆ ਸਿਟੀ ਵਿਚ 80,000 ਲੋਕਾਂ ਲਈ ਇਕ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਹੋਵੇਗਾ।