11 ਗੇਂਦਾਂ ’ਤੇ ਬਣਾ ਲਿਆ ਅਰਧ ਸੈਂਕੜਾ
ਸੂਰਤ: ਮੇਘਾਲਿਆ ਦੇ ਆਕਾਸ਼ ਕੁਮਾਰ ਚੌਧਰੀ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿਰੁਧ ਰਣਜੀ ਟਰਾਫੀ ਪਲੇਟ ਗਰੁੱਪ ਮੈਚ ਦੌਰਾਨ ਪਹਿਲੀ ਸ਼੍ਰੇਣੀ ਕ੍ਰਿਕਟ ’ਚ ਲਗਾਤਾਰ ਅੱਠ ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
8ਵੇਂ ਨੰਬਰ ਉਤੇ ਬੱਲੇਬਾਜ਼ੀ ਕਰਦੇ ਹੋਏ 25 ਸਾਲ ਦੇ ਚੌਧਰੀ ਨੇ ਇੱਥੇ ਸੀ.ਕੇ. ਪਿਠਾਵਾਲਾ ਮੈਦਾਨ ’ਚ ਮੈਚ ਦੇ ਦੂਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ 14 ਗੇਂਦਾਂ ਉਤੇ 50 ਦੌੜਾਂ ਬਣਾ ਕੇ ਅਜੇਤੂ ਰਹੇ, ਜਿਸ ਨਾਲ ਮੇਘਾਲਿਆ ਨੇ ਅਪਣੀ ਪਹਿਲੀ ਪਾਰੀ ਨੂੰ 6 ਵਿਕਟਾਂ ਉਤੇ 628 ਦੌੜਾਂ ਬਣਾ ਕੇ ਐਲਾਨ ਕੀਤਾ।
ਚੌਧਰੀ ਨੇ ਪਹਿਲੇ ਦਰਜੇ ਦੀ ਕ੍ਰਿਕਟ ਵਿਚ ਸੱਭ ਤੋਂ ਤੇਜ਼ ਅਰਧ ਸੈਂਕੜੇ ਦਾ ਪਿਛਲਾ ਰੀਕਾਰਡ ਤੋੜ ਦਿਤਾ, ਜੋ ਕਿ ਲੈਸਟਰਸ਼ਾਇਰ ਦੇ ਵੇਨ ਵ੍ਹਾਈਟ ਨੇ 2012 ਵਿਚ ਐਸੈਕਸ ਦੇ ਵਿਰੁਧ 12 ਗੇਂਦਾਂ ਵਿਚ ਬਣਾਇਆ ਸੀ।
ਉਹ ਵੈਸਟਇੰਡੀਜ਼ ਦੇ ਮਹਾਨ ਸਰ ਗਾਰਫੀਲਡ ਸੋਬਰਸ ਅਤੇ ਭਾਰਤ ਦੇ ਰਵੀ ਸ਼ਾਸਤਰੀ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਲਗਾਤਾਰ ਛੇ ਛੱਕੇ ਲਗਾਉਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ।
ਮੇਘਾਲਿਆ ਦੇ 6 ਵਿਕਟਾਂ ਉਤੇ 628 ਦੌੜਾਂ ਦੇ ਜਵਾਬ ’ਚ, ਅਰੁਣਾਚਲ ਪ੍ਰਦੇਸ਼ ਅਪਣੀ ਪਹਿਲੀ ਪਾਰੀ ਵਿਚ ਸਿਰਫ 73 ਦੌੜਾਂ ਉਤੇ ਆਊਟ ਹੋ ਗਿਆ ਅਤੇ ਫਾਲੋਆਨ ਤੋਂ ਬਾਅਦ ਤਿੰਨ ਵਿਕਟਾਂ ਉਤੇ 29 ਦੌੜਾਂ ਉਤੇ ਫਿਰ ਸੰਘਰਸ਼ ਕਰ ਰਿਹਾ ਸੀ।
