 
          	KKR ਸਟਾਰ ਰਿੰਕੂ ਸਿੰਘ : ਝਾੜੂ-ਪੋਚੇ ਤੋਂ ਲੈ ਕੇ 5 ਛੱਕੇ ਮਾਰਨ ਤੱਕ ਦਾ ਸਫ਼ਰ
ਪਿਤਾ ਵੇਚਦੇ ਸਨ ਸਿਲੰਡਰ ਤੇ ਭਰਾ ਚਲਾਉਂਦਾ ਆਟੋ ਰਿਕਸ਼ਾ
ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਰਿੰਕੂ ਸਿੰਘ ਦੀ ਕਹਾਣੀ ਕਾਫੀ ਦਿਲਚਸਪ ਹੈ। ਉਸ ਨੇ ਆਪਣੀ ਜ਼ਿੰਦਗੀ ਵਿਚ ਸਭ ਕੁਝ ਦੇਖਿਆ ਹੈ। ਇੱਕ ਸਮੇਂ 'ਤੇ ਇਸ ਦਿੱਗਜ਼ ਬੱਲੇਬਾਜ਼ ਨੇ ਝਾੜੂ-ਪੋਚਾ ਵੀ ਕੀਤਾ ਹੈ।
 Rinku Singh
Rinku Singh
ਉੱਤਰ ਪ੍ਰਦੇਸ਼ ਤੋਂ ਆਏ ਰਿੰਕੂ ਸਿੰਘ ਨੇ ਕੁਝ ਹੀ ਮਿੰਟਾਂ 'ਚ ਦੁਨੀਆ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਉਸ ਨੂੰ ਹੁਣ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਰਿੰਕੂ ਨੇ ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਆਖਰੀ 5 ਗੇਂਦਾਂ 'ਤੇ 5 ਛੱਕੇ ਲਗਾ ਕੇ ਜੋ ਕਰਿਸ਼ਮਾ ਕੀਤਾ, ਉਹ ਉਸ ਦੀ ਪੂਰੀ ਜ਼ਿੰਦਗੀ ਬਦਲਣ ਵਾਲਾ ਹੈ। ਕੇਕੇਆਰ ਸਟਾਰ ਰਿੰਕੂ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਰਹੀ ਹੈ। ਤਾਂ ਆਓ ਜਾਣਦੇ ਹਾਂ ਇਸ 25 ਸਾਲਾ ਖਿਡਾਰੀ ਬਾਰੇ:-
ਕੋਲਕਾਤਾ ਨਾਈਟ ਰਾਈਡਰਜ਼ ਦਾ ਸਟਾਰ ਮਿਡਲ ਆਰਡਰ ਬੱਲੇਬਾਜ਼ ਰਿੰਕੂ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਗਰੀਬੀ ਦੇਖੀ ਹੈ।
 Rinku Singh with his Father
Rinku Singh with his Father
ਰਿੰਕੂ ਦੇ ਪਿਤਾ ਘਰ ਚਲਾਉਣ ਲਈ ਸਿਲੰਡਰ ਵੇਚਦੇ ਸਨ ਭਾਵ ਸਿਲੰਡਰ ਪਹੁੰਚਾਉਂਦੇ ਸਨ। ਉੱਥੇ ਹੀ ਉਸਦਾ ਭਰਾ ਆਟੋ ਰਿਕਸ਼ਾ ਚਲਾਉਂਦਾ ਸੀ। ਦੱਸ ਦੇਈਏ ਕਿ ਯੂਪੀ ਦੇ ਇਸ ਖਿਡਾਰੀ ਦੇ ਪੰਜ ਭੈਣ-ਭਰਾ ਹਨ।
ਰਿੰਕੂ ਸਿੰਘ ਦਾ ਜਨਮ 12 ਅਕਤੂਬਰ 1997 ਨੂੰ ਅਲੀਗੜ੍ਹ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। 25 ਸਾਲਾ ਖਿਡਾਰੀ ਨੇ ਆਪਣਾ ਬਚਪਨ 2 ਕਮਰਿਆਂ ਵਾਲੇ ਘਰ ਵਿੱਚ ਬਿਤਾਇਆ।
ਰਿੰਕੂ ਸਿੰਘ ਬਹੁਤਾ ਪੜ੍ਹਿਆ-ਲਿਖਿਆ ਨਹੀਂ ਹੈ। ਉਹ 9ਵੀਂ ਜਮਾਤ ਵਿੱਚ ਹੀ ਫੇਲ੍ਹ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕਦੇ ਕਿਤਾਬਾਂ ਨਹੀਂ ਚੁੱਕੀਆਂ ਅਤੇ ਸਿਰਫ ਆਪਣੀ ਖੇਡ 'ਤੇ ਧਿਆਨ ਦਿੱਤਾ।
 Rinku Singh with his Mother
Rinku Singh with his Mother
ਰਿੰਕੂ ਇੱਕ ਗਰੀਬ ਪਰਿਵਾਰ ਤੋਂ ਹੋਣ ਕਰ ਕੇ ਘਰ ਦੇ ਗੁਜ਼ਾਰੇ ਆਦਿ ਲਈ ਬਹੁਤ ਜਲਦੀ ਹੀ ਪੈਸੇ ਕਮਾਉਣ ਦੀ ਜ਼ਿੰਮੇਵਾਰੀ ਉਸ 'ਤੇ ਆ ਗਈ। ਅਜਿਹੇ 'ਚ ਜਦੋਂ ਰਿੰਕੂ ਕੰਮ ਲੱਭਣ ਲਈ ਨਿਕਲਿਆ ਤਾਂ ਉਸ ਨੂੰ ਕੋਚਿੰਗ ਸੈਂਟਰ 'ਚ ਝਾੜੂ ਪੋਚਾ ਕਰਨ ਦਾ ਕੰਮ ਮਿਲ ਗਿਆ। ਖਾਸ ਗੱਲ ਇਹ ਹੈ ਕਿ ਉਸ ਨੇ ਇਹ ਕੰਮ ਲੰਬੇ ਸਮੇਂ ਤੱਕ ਨਹੀਂ ਕੀਤਾ।
2013 ਵਿੱਚ ਰਿੰਕੂ ਸਿੰਘ ਉੱਤਰ ਪ੍ਰਦੇਸ਼ ਦੀ ਅੰਡਰ-16 ਟੀਮ ਲਈ ਖੇਡਿਆ, ਕੁਝ ਸਾਲਾਂ ਬਾਅਦ ਉਸ ਨੂੰ ਅੰਡਰ-19 ਟੀਮ ਵਿੱਚ ਵੀ ਖੇਡਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਸ ਨੇ ਕੁਝ ਹੀ ਸਮੇਂ 'ਚ ਰਣਜੀ ਟੀਮ 'ਚ ਆਪਣੀ ਜਗ੍ਹਾ ਬਣਾ ਲਈ।
 Rinku Singh
Rinku Singh
ਆਈਪੀਐਲ 2017 ਦੀ ਨਿਲਾਮੀ ਵਿੱਚ ਰਿੰਕੂ ਸਿੰਘ ਨੂੰ ਪੰਜਾਬ ਕਿੰਗਜ਼ ਨੇ 10 ਲੱਖ ਰੁਪਏ ਵਿੱਚ ਖਰੀਦਿਆ ਸੀ। ਹਾਲਾਂਕਿ, ਇਸ ਤੋਂ ਬਾਅਦ, 2018 ਵਿੱਚ, ਕੇਕੇਆਰ ਨੇ 80 ਲੱਖ ਰੁਪਏ ਦੀ ਮੋਟੀ ਰਕਮ ਦੇ ਕੇ ਉਨ੍ਹਾਂ ਨੂੰ ਸ਼ਾਮਲ ਕੀਤਾ। ਉਥੋਂ ਉਸ ਦੀ ਕਿਸਮਤ ਬਦਲ ਗਈ। ਹਾਲਾਂਕਿ, ਰਿੰਕੂ ਪਿਛਲੇ ਸਾਲ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਧਮਾਕੇਦਾਰ ਪਾਰੀ ਖੇਡਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਆਇਆ ਸੀ। ਇਸ ਦੇ ਨਾਲ ਹੀ ਉਸ ਨੇ ਗੁਜਰਾਤ ਖ਼ਿਲਾਫ਼ ਪੰਜ ਛੱਕੇ ਜੜੇ।
 
 
                     
                
 
	                     
	                     
	                     
	                     
     
     
     
     
     
                     
                     
                     
                     
                    