
ਕਿਹਾ, 15 ਜੂਨ ਤਕ ਨਾ ਹੋਈ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਤਾਂ ਉਲੀਕੀ ਜਾਵੇਗੀ ਮੁੜ ਅੰਦੋਲਨ ਦੀ ਰਣਨੀਤੀ
ਸੋਨੀਪਤ :ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਪਹਿਲਵਾਨਾਂ ਨੇ ਕਿਸਾਨ, ਖਾਪ ਅਤੇ ਕਰਮਚਾਰੀ ਸੰਗਠਨਾਂ ਦੀ ਮੀਟਿੰਗ ਦੌਰਾਨ ਦਸਿਆ ਕਿ ਉਹ ਉਦੋਂ ਤਕ ਏਸ਼ੀਅਨ ਖੇਡਾਂ ਵਿਚ ਹਿੱਸਾ ਨਹੀਂ ਲੈਣਗੇ ਜਦੋਂ ਸਾਰੇ ਮਸਲੇ ਹੱਲ ਨਹੀਂ ਹੋ ਜਾਂਦੇ।
ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ ਦੇ ਹਾਂਗਜ਼ੂ ਵਿਚ ਹੋਣੀਆਂ ਹਨ ਜਦਕਿ ਟੀਮ ਦੀ ਚੋਣ 30 ਜੂਨ ਤੋਂ ਪਹਿਲਾਂ ਹੋਣੀ ਹੈ। ਇਸ ਮਹਾਪੰਚਾਇਤ 'ਚ ਸਾਕਸ਼ੀ ਮਲਿਕ, ਬਜਰੰਗ ਪੂਨੀਆ, ਸਾਕਸ਼ੀ ਦੇ ਪਤੀ ਸਤਿਆਵਰਤ ਕਾਦਿਆਨ ਅਤੇ ਵਿਨੇਸ਼ ਫੋਗਾਟ ਦੇ ਪਤੀ ਸੋਮਵੀਰ ਰਾਠੀ ਮੌਜੂਦ ਸਨ। ਇਹ ਪਹਿਲਵਾਨ ਖਾਪ ਪੰਚਾਇਤਾਂ ਨਾਲ ਮਿਲ ਕੇ ਮਹਾਪੰਚਾਇਤਾਂ ਕਰਵਾ ਰਹੇ ਹਨ।
ਇਸ ਮਹਾਪੰਚਾਇਤ 'ਚ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਜੇਕਰ 15 ਜੂਨ ਤਕ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ 16 ਅਤੇ 17 ਜੂਨ ਨੂੰ ਇਸ ਮੁੱਦੇ 'ਤੇ ਮੁੜ ਅੰਦੋਲਨ ਦੀ ਰਣਨੀਤੀ ਉਲੀਕੀ ਜਾਵੇਗੀ। ਉਲੰਪਿਕ ਤਮਗ਼ਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, ''ਅਸੀਂ ਏਸ਼ੀਆਈ ਖੇਡਾਂ 'ਚ ਉਦੋਂ ਹੀ ਹਿੱਸਾ ਲਵਾਂਗੇ ਜਦੋਂ ਇਹ ਸਾਰੇ ਮੁੱਦੇ ਹੱਲ ਹੋ ਜਾਣਗੇ। ਤੁਸੀਂ ਸਮਝ ਨਹੀਂ ਸਕਦੇ ਕਿ ਅਸੀਂ ਹਰ ਰੋਜ਼ ਮਾਨਸਿਕ ਤੌਰ 'ਤੇ ਕਿਹੜੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ।
ਇਹ ਵੀ ਪੜ੍ਹੋ: ਗਰਮੀਆਂ 'ਚ ਰਹਿਣਾ ਚਾਹੁੰਦੇ ਹੋ ਤਰੋਤਾਜ਼ਾ ਤਾਂ ਪੀਓ ਬੇਲ ਦਾ ਸ਼ਰਬਤ
ਸਾਕਸ਼ੀ ਨੇ ਪਹਿਲਵਾਨਾਂ ਵਿਚਾਲੇ ਕਿਸੇ ਤਰ੍ਹਾਂ ਦੇ ਮਤਭੇਦ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਕਿਹਾ, “ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਅਸੀਂ ਸਾਰੇ ਇਕ ਹਾਂ। ਮੈਂ, ਬਜਰੰਗ ਅਤੇ ਵਿਨੇਸ਼, ਅਸੀਂ ਸਾਰੇ ਇਕ ਹਾਂ।" ਉਨ੍ਹਾਂ ਇਹ ਵੀ ਕਿਹਾ ਕਿ ਬ੍ਰਿਜ ਭੂਸ਼ਣ ਦੀ ਹੁਣ ਤਕ ਗ੍ਰਿਫ਼ਤਾਰੀ ਨਾ ਹੋਣ ਕਾਰਨ ਜਾਂਚ ਪ੍ਰਭਾਵਤ ਹੋ ਰਹੀ ਹੈ।
ਬਜਰੰਗ ਨੇ ਦਸਿਆ ਕਿ ਮੀਟਿੰਗ ਵਿਚ ਉਹ ਕਿਸਾਨ, ਖਾਪ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਸਰਕਾਰ ਨਾਲ ਹੁਣ ਤਕ ਹੋਈ ਗੱਲਬਾਤ ਬਾਰੇ ਦੱਸਣਗੇ। ਸਰਕਾਰ ਵਲੋਂ ਬ੍ਰਿਜ ਭੂਸ਼ਣ 'ਤੇ ਕਾਰਵਾਈ ਦੇ ਦਿਤੇ ਭਰੋਸੇ ਤੋਂ ਲੈ ਕੇ ਹਰ ਚੀਜ਼ 'ਤੇ ਚਰਚਾ ਕੀਤੀ ਜਾਵੇਗੀ। ਉਸ ਤੋਂ ਬਾਅਦ ਅਸੀਂ ਅਗਲੀ ਰਣਨੀਤੀ 'ਤੇ ਵਿਚਾਰ ਕਰਾਂਗੇ।
ਉਨ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਖਾਪ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਉਨ੍ਹਾਂ ਦੇ ਅੰਦੋਲਨ ਵਿਚ ਪੂਰਾ ਯੋਗਦਾਨ ਪਾਇਆ ਹੈ। ਉਹ ਆਪਣੀ ਗੱਲ ਨੂੰ ਵਿਚਕਾਰ ਰੱਖ ਕੇ ਅੱਗੇ ਦੀ ਰਣਨੀਤੀ ਬਣਾਏਗਾ। ਇਸ ਮਹਾਪੰਚਾਇਤ ਦੇ ਮੁਖੀ ਰਾਜਿੰਦਰ ਖੱਤਰੀ ਨੇ ਕਿਹਾ ਹੈ ਕਿ 15 ਤਰੀਕ ਤੋਂ ਬਾਅਦ ਪਹਿਲਵਾਨ ਜੋ ਵੀ ਫ਼ੈਸਲਾ ਲੈਣਗੇ, ਖਾਪ ਪੰਚਾਇਤਾਂ ਪਹਿਲਵਾਨਾਂ ਦੇ ਸਮਰਥਨ 'ਚ ਅੱਗੇ ਆਉਣਗੀਆਂ।