
ਭਾਰਤ ਪਹਿਲੀ ਵਾਰ ਅੰਡਰ-19 ਵਿਸ਼ਵ ਕੱਪ ਫਾਈਨਲ ਵਿਚ ਆਸਟਰੇਲੀਆ ਤੋਂ ਹਾਰਿਆ,
ਬੇਨੋਨੀ (ਦਖਣੀ ਅਫ਼ਰੀਕਾ): ਪੰਜ ਵਾਰੀ ਦੀ ਅੰਡਰ-19 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਇਸ ਵਾਰ ਭਾਰਤੀ ਜੂਨੀਅਰ ਟੀਮ ਦਾ ਅੰਡਰ-19 ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਦਖਣੀ ਅਫ਼ਰੀਕਾ ’ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਆਸਟਰੇਲੀਆ ਨੇ ਭਾਰਤ ਨੂੰ 79 ਦੌੜਾਂ ਨਾਲ ਹਰਾ ਦਿਤਾ ਹੈ। ਕੰਗਾਰੂਆਂ ਨੇ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹਿਲੀ ਵਾਰ ਭਾਰਤ ਨੂੰ ਹਰਾਇਆ ਹੈ। ਆਸਟ੍ਰੇਲੀਆ ਦਾ ਇਹ ਚੌਥਾ ਅੰਡਰ-19 ਵਿਸ਼ਵ ਕੱਪ ਖਿਤਾਬ ਹੈ। ਇਸ ਤੋਂ ਪਹਿਲਾਂ 2010 'ਚ ਟੀਮ ਪਾਕਿਸਤਾਨ ਨੂੰ 25 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣੀ ਸੀ।
ਐਤਵਾਰ ਨੂੰ ਬੇਨੋਨੀ 'ਚ 254 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 43.5 ਓਵਰਾਂ 'ਚ 174 ਦੌੜਾਂ 'ਤੇ ਆਲ ਆਊਟ ਹੋ ਗਈ। ਸਲਾਮੀ ਬੱਲੇਬਾਜ਼ ਆਦਰਸ਼ ਸਿੰਘ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਕੰਗਾਰੂਆਂ ਲਈ ਰਾਫ ਮੈਕਮਿਲਨ ਅਤੇ ਮਾਹਲੀ ਬੀਅਰਡਮੈਨ ਨੇ 3-3 ਵਿਕਟਾਂ ਲਈਆਂ ਅਤੇ ਮਾਹਲੀ ਬੀਅਰਡਮੈਨ ਮੈਨ ਆਫ਼ ਦਾ ਮੈਚ ਰਿਹਾ।
ਇਸ ਤੋਂ ਪਹਿਲਾਂ ਕੰਗਾਰੂ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 7 ਵਿਕਟਾਂ 'ਤੇ 253 ਦੌੜਾਂ ਬਣਾਈਆਂ। ਹਰਜਸ ਸਿੰਘ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ। ਜਦਕਿ ਕਪਤਾਨ ਹਿਊਗ ਵਾਈਬਗਨ 48 ਦੌੜਾਂ ਬਣਾ ਕੇ ਆਊਟ ਹੋਏ ਅਤੇ ਹੈਰੀ ਡਿਕਸਨ 42 ਦੌੜਾਂ ਬਣਾ ਕੇ ਆਊਟ ਹੋਏ। ਰਾਜ ਲਿੰਬਾਨੀ ਨੇ 3 ਵਿਕਟਾਂ ਹਾਸਲ ਕੀਤੀਆਂ। ਜਦਕਿ ਨਮਨ ਤਿਵਾਰੀ ਨੂੰ 2 ਸਫਲਤਾ ਮਿਲੀਆਂ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਟੀਮ ਨਾਲ ਦੋ ਸਿੱਖ ਖਿਡਾਰੀ ਆਏ ਸਨ ਜਿਨ੍ਹਾਂ ’ਚੋਂ ਇਕ ਹਰਜਸ ਸਿੰਘ ਨੂੰ ਹੀ ਖੇਡਣ ਦਾ ਮੌਕਾ ਮਿਲਿਆ ਸੀ, ਜਿਸ ਦਾ ਫ਼ਾਈਨਲ ਮੈਚ ’ਚ ਉਸ ਨੇ ਭਰਪੂਰ ਲਾਹਾ ਲਿਆ। ਫ਼ਾਈਨਲ ਮੁਕਾਬਲੇ ’ਚ ਹਰਜਸ ਸਿੰਘ ਇਕਲੌਤਾ ਬੱਲੇਬਾਜ਼ ਸੀ ਜਿਸ ਨੇ ਅਪਣੀ ਟੀਮ ਲਈ ਮੁਸ਼ਕਲ ਹਾਲਾਤ ’ਚ ਅੱਧਾ ਸੈਂਕੜਾ ਜੜਿਆ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਹਾਲਾਂਕਿ ਟੂਰਨਾਮੈਂਟ ਦੀਆਂ ਪਹਿਲੀਆਂ 6 ਪਾਰੀਆਂ ਵਿਚ ਉਹ ਅਸਫ਼ਲ ਰਿਹਾ ਅਤੇ ਕੁਲ 49 ਦੌੜਾਂ ਹੀ ਬਣਾਈਆਂ, ਪਰ ਉਸ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ ਫ਼ਾਈਨਲ ਲਈ ਬਚਾ ਕੇ ਰਖਿਆ ਸੀ।