
ਏਸ਼ੀਅਨ ਸਨੂਕਰ ਚੈਂਪੀਅਨਸ਼ਿਪ 15 ਫ਼ਰਵਰੀ ਤੋਂ ਸ਼ੁਰੂ ਹੋਵੇਗੀ ਜਿਸ ਵਿੱਚ ਅਡਵਾਨੀ ਅਤੇ ਦਮਾਨੀ ਭਾਰਤ ਦੀ ਨੁਮਾਇੰਦਗੀ ਕਰਨਗੇ।
Pankaj Advani becomes Indian Snooker Champion: ਭਾਰਤ ਦੇ ਸਭ ਤੋਂ ਵੱਧ ਕਾਮਯਾਬ ਖਿਡਾਰੀ ਪੰਕਜ ਅਡਵਾਨੀ ਨੇ ਯਸ਼ਵੰਤ ਕਲੱਬ ਵਿਖੇ ਰਾਸ਼ਟਰੀ ਸਨੂਕਰ ਚੈਂਪੀਅਨਸ਼ਿਪ ਜਿੱਤਣ ਲਈ ਆਪਣੇ ਹੁਨਰ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ, ਜੋ ਕਿ ਉਨ੍ਹਾਂ ਦਾ ਕੁੱਲ 36ਵਾਂ ਰਾਸ਼ਟਰੀ ਖਿਤਾਬ ਅਤੇ ਉਨ੍ਹਾਂ ਦੇ ਕਰੀਅਰ ਦਾ 10ਵਾਂ ਪੁਰਸ਼ ਸਨੂਕਰ ਖਿਤਾਬ ਹੈ।
ਓਐਨਜੀਸੀ ਲਈ ਖੇਡ ਰਹੇ ਅਡਵਾਨੀ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਫਾਈਨਲ ਵਿੱਚ ਬ੍ਰਿਜੇਸ਼ ਦਮਾਨੀ ਨੂੰ ਹਰਾਇਆ। ਦਮਾਨੀ ਨੇ ਪਹਿਲਾ ਫਰੇਮ ਜਿੱਤ ਕੇ ਵਧੀਆ ਸ਼ੁਰੂਆਤ ਕੀਤੀ ਸੀ ਲੇਕਿਨ ਇਸ ਤੋਂ ਬਾਅਦ ਅਡਵਾਨੀ ਦੇ ਸਾਹਮਣੇ ਉਨ੍ਹਾਂ ਦੀ ਇੱਕ ਨਾ ਚੱਲੀ।
ਇਸ ਮੁਕਾਬਲੇ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਏਸ਼ੀਆਈ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ।
ਅਡਵਾਨੀ ਨੇ ਆਪਣੇ ਪ੍ਰਦਰਸ਼ਨ ਵਿੱਚ ਇਕਸਾਰਤਾ ਅਤੇ ਸ਼ੁੱਧਤਾ ਬਣਾਈ ਰੱਖੀ। ਇੱਕ ਫਰੇਮ ਪਿੱਛੇ ਰਹਿਣ ਦੇ ਬਾਵਜੂਦ, ਉਸ ਨੇ ਆਪਣਾ ਸੰਜਮ ਬਣਾਈ ਰੱਖਿਆ ਅਤੇ ਕੋਈ ਗ਼ਲਤੀ ਨਹੀਂ ਕੀਤੀ। ਅਡਵਾਨੀ ਨੇ ਆਖ਼ਰੀ ਫਰੇਮ ਵਿੱਚ 84 ਦਾ ਪ੍ਰਭਾਵਸ਼ਾਲੀ ਬ੍ਰੇਕ ਲਗਾ ਕੇ ਫਰੇਮ, ਮੈਚ ਅਤੇ ਚੈਂਪੀਅਨਸ਼ਿਪ ਜਿੱਤ ਲਈ।
ਅਡਵਾਨੀ ਨੇ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਕਿਹਾ, “ਇਹ ਇੱਕੋ ਇੱਕ ਮੁਕਾਬਲਾ ਸੀ ਜਿਸ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਭਾਰਤੀ ਪ੍ਰਤੀਨਿਧੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਚੁਣਿਆ ਜਾਵੇਗਾ। ਇਸ ਲਈ, ਇਸ ਮੁਕਾਬਲੇ ਵਿੱਚ ਬਹੁਤ ਕੁਝ ਦਾਅ 'ਤੇ ਲੱਗਿਆ ਹੋਇਆ ਸੀ।"
ਦਮਾਨੀ ਨੇ ਗਰੁੱਪ ਪੜਾਅ ਵਿੱਚ ਅਡਵਾਨੀ ਨੂੰ ਹਰਾਇਆ ਸੀ ਪਰ ਫ਼ਾਈਨਲ ਵਿੱਚ ਤਜਰਬੇਕਾਰ ਖਿਡਾਰੀ ਦੇ ਖ਼ਿਲਾਫ਼ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕਿਆ। ਅਡਵਾਨੀ ਗਰੁੱਪ ਪੜਾਅ ਦੇ ਮੈਚ ਵਿੱਚ ਦਮਾਨੀ ਖ਼ਿਲਾਫ਼ ਸਿਰਫ਼ ਇੱਕ ਫਰੇਮ ਜਿੱਤਣ ਵਿੱਚ ਕਾਮਯਾਬ ਰਿਹਾ।
ਅਡਵਾਨੀ ਨੇ ਕਿਹਾ, “ਇੱਥੇ ਸੋਨ ਤਗਮਾ ਜਿੱਤ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਮੁਕਾਬਲੇ ਦੇ ਇੱਕ ਸਮੇਂ ਮੈਂ ਬਾਹਰ ਹੋਣ ਦੀ ਕਗਾਰ 'ਤੇ ਸੀ। ਫਿਰ ਮੈਨੂੰ ਪਤਾ ਸੀ ਕਿ ਇਸ ਮਹੱਤਵਪੂਰਨ ਪਲ ਦਾ ਕੁਝ ਵੱਡਾ ਮਤਲਬ ਹੋਣਾ ਚਾਹੀਦਾ ਹੈ। ਮੈਨੂੰ ਬਿਲੀਅਰਡਸ ਅਤੇ ਸਨੂਕਰ ਦੋਵਾਂ ਵਿੱਚ ਫਿਰ ਤੋਂ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਪਾ ਕੇ ਮੈਂ ਬਹੁਤ ਖ਼ੁਸ਼ ਹਾਂ।"
ਏਸ਼ੀਅਨ ਸਨੂਕਰ ਚੈਂਪੀਅਨਸ਼ਿਪ 15 ਫ਼ਰਵਰੀ ਤੋਂ ਸ਼ੁਰੂ ਹੋਵੇਗੀ ਜਿਸ ਵਿੱਚ ਅਡਵਾਨੀ ਅਤੇ ਦਮਾਨੀ ਭਾਰਤ ਦੀ ਨੁਮਾਇੰਦਗੀ ਕਰਨਗੇ।