
ਆਰ.ਸੀ.ਬੀ. 12 ਮੈਚਾਂ ’ਚ 10 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ ਅਤੇ ਹੁਣ ਹਾਰਨ ਨਾਲ ਉਸ ਲਈ ਅੱਗੇ ਦਾ ਰਾਹ ਬੰਦ ਹੋ ਜਾਵੇਗਾ
ਬੈਂਗਲੁਰੂ: ਲਗਾਤਾਰ ਚਾਰ ਮੈਚ ਜਿੱਤ ਕੇ ਪਲੇਆਫ ਦੀ ਦੌੜ ’ਚ ਬਣੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੂੰ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੈਚ ’ਚ ਦਿੱਲੀ ਕੈਪੀਟਲਜ਼ ਨੂੰ ਹਰ ਹਾਲਤ ’ਚ ਹਰਾਉਣਾ ਹੋਵੇਗਾ। ਆਰ.ਸੀ.ਬੀ. ਨੇ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਉਣ ਤੋਂ ਇਲਾਵਾ ਗੁਜਰਾਤ ਟਾਈਟਨਜ਼ ਨੂੰ ਦੋ ਵਾਰ ਹਰਾਇਆ ਹੈ। ਗੁਜਰਾਤ ਅਤੇ ਪੰਜਾਬ ਤੋਂ ਆਰ.ਸੀ.ਬੀ. ਲਈ ਕੋਈ ਚੁਨੌਤੀ ਨਹੀਂ ਸੀ ਅਤੇ ਉਨ੍ਹਾਂ ਨੇ ਸਨਰਾਈਜ਼ਰਜ਼ ਨੂੰ ਨਜ਼ਦੀਕੀ ਮੈਚ ’ਚ ਹਰਾਇਆ।
ਦੂਜੇ ਪਾਸੇ ਦਿੱਲੀ ਦੇ ਪ੍ਰਦਰਸ਼ਨ ’ਚ ਨਿਰੰਤਰਤਾ ਦੀ ਕਮੀ ਹੈ। ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਵੀ ਐਤਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਰੁਧ ਹੋਣ ਵਾਲੇ ਅਹਿਮ ਮੈਚ ’ਚ ਨਹੀਂ ਖੇਡ ਸਕਣਗੇ ਕਿਉਂਕਿ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੌਜੂਦਾ ਸੀਜ਼ਨ ’ਚ ਤਿੰਨ ਵਾਰ ਹੌਲੀ ਓਵਰ ਰੇਟ ਕਾਰਨ ਇਕ ਮੈਚ ਲਈ ਮੁਅੱਤਲ ਕਰ ਦਿਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਅਕਸ਼ਰ ਪਟੇਲ ਟੀਮ ਦੀ ਅਗਵਾਈ ਕਰਨਗੇ।
ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਨੇ 27 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾ ਕੇ ਚਾਰ ਵਿਕਟਾਂ ’ਤੇ 257 ਦੌੜਾਂ ਬਣਾਈਆਂ ਸਨ ਅਤੇ 29 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਵਿਰੁਧ 9 ਵਿਕਟਾਂ ’ਤੇ 153 ਦੌੜਾਂ ਬਣਾਈਆਂ ਸਨ।
ਆਰ.ਸੀ.ਬੀ. 12 ਮੈਚਾਂ ’ਚ 10 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ ਅਤੇ ਹੁਣ ਹਾਰਨ ਨਾਲ ਉਸ ਲਈ ਅੱਗੇ ਦਾ ਰਾਹ ਬੰਦ ਹੋ ਜਾਵੇਗਾ। ਲਗਾਤਾਰ ਚਾਰ ਜਿੱਤਾਂ ਅਤੇ ਵਿਰਾਟ ਕੋਹਲੀ ਦੀ ਜ਼ਬਰਦਸਤ ਫਾਰਮ ਨੇ ਉਸ ਦਾ ਹੌਸਲਾ ਵਧਾ ਦਿਤਾ ਹੈ। ਕੋਹਲੀ ਨੇ ਇਸ ਸੀਜ਼ਨ ’ਚ 634 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 153 ਹੈ।
ਕੋਹਲੀ ਤੋਂ ਇਲਾਵਾ ਕਪਤਾਨ ਫਾਫ ਡੂ ਪਲੇਸਿਸ, ਰਜਤ ਪਾਟੀਦਾਰ, ਕੈਮਰੂਨ ਗ੍ਰੀਨ ਅਤੇ ਦਿਨੇਸ਼ ਕਾਰਤਿਕ ਨੇ ਵੀ ਚੰਗੀਆਂ ਪਾਰੀਆਂ ਖੇਡੀਆਂ ਹਨ। ਸ਼ੁਰੂਆਤੀ ਮੈਚਾਂ ਦੇ ਔਸਤ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਅਪਣਾ ਕੰਮ ਚੰਗੀ ਤਰ੍ਹਾਂ ਕੀਤਾ ਹੈ। ਪਿਛਲੇ ਚਾਰ ਮੈਚਾਂ ਵਿਚ ਮੁਹੰਮਦ ਸਿਰਾਜ ਨੇ ਅਪਣੀ ਲੈਅ ਹਾਸਲ ਕੀਤੀ ਹੈ ਜਦਕਿ ਯਸ਼ ਦਿਆਲ ਅਤੇ ਸਪਿਨਰ ਸਵਪਨਿਲ ਸਿੰਘ ਵੀ ਲਾਭਦਾਇਕ ਸਾਬਤ ਹੋਏ ਹਨ।
ਪੰਜਾਬ ਵਿਰੁਧ ਮੈਚ ਮਗਰੋਂ ਸਿਰਾਜ ਅਤੇ ਦਿਆਲ ਦਾ ਇਕਾਨਮੀ ਰੇਟ ਇਸ ਸੀਜ਼ਨ ’ਚ ਪਹਿਲੀ ਵਾਰ 10 ਤੋਂ ਹੇਠਾਂ ਚਲਾ ਗਿਆ। ਇਸ ਸੀਜ਼ਨ ’ਚ ਬਣਾਏ ਜਾ ਰਹੇ ਦੌੜਾਂ ਦੇ ਪਹਾੜ ਦਰਮਿਆਨ ਇਸ ਨੂੰ ਚੰਗਾ ਪ੍ਰਦਰਸ਼ਨ ਕਿਹਾ ਜਾਵੇਗਾ।
ਇਹ ਟੈਸਟ ਦਿੱਲੀ ਦੇ ਜੈਕ ਫਰੇਜ਼ਰ ਮੈਕਗੁਰਕ ਨਾਲ ਹੋਵੇਗਾ, ਜਿਨ੍ਹਾਂ ਨੇ 235 ਦੌੜਾਂ ਬਣਾਈਆਂ ਸਨ। ਉਸ ਨੇ ਸੱਤ ਮੈਚਾਂ ’ਚ 87 ਦੇ ਸਟ੍ਰਾਈਕ ਰੇਟ ਨਾਲ 309 ਦੌੜਾਂ ਬਣਾਈਆਂ ਹਨ। ਡੇਵਿਡ ਵਾਰਨਰ ਨੇ ਸੱਤ ਮੈਚਾਂ ਵਿਚ 135 ਦੀ ਸਟ੍ਰਾਈਕ ਰੇਟ ਨਾਲ 167 ਦੌੜਾਂ ਬਣਾਈਆਂ ਸਨ ਅਤੇ ਸੱਟ ਲੱਗਣ ਕਾਰਨ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਦੀ ਥਾਂ ’ਤੇ ਮੈਕਗੁਰਕ ਖੇਡ ਰਹੇ ਹਨ।
ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਨੇ ਵੀ 157 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ ਪਰ ਪ੍ਰਦਰਸ਼ਨ ਵਿਚ ਕੋਈ ਨਿਰੰਤਰਤਾ ਨਹੀਂ ਆਈ ਹੈ। ਕਪਤਾਨ ਪੰਤ ਅਤੇ ਟ੍ਰਿਸਟਨ ਸਟੱਬਸ ਨੇ ਚੰਗੀ ਪਾਰੀ ਖੇਡੀ ਹੈ ਅਤੇ ਆਰ.ਸੀ.ਬੀ. ਦੇ ਗੇਂਦਬਾਜ਼ਾਂ ਲਈ ਵੀ ਉਨ੍ਹਾਂ ਲਈ ਸਖਤ ਚੁਨੌਤੀ ਹੋਵੇਗੀ।
ਗੇਂਦਬਾਜ਼ੀ ’ਚ ਦਿੱਲੀ ਦਾ ਪਲੜਾ ਭਾਰੀ ਹੈ। ਉਸ ਕੋਲ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਵਰਗੇ ਸਪਿਨਰ ਹਨ, ਜਿਨ੍ਹਾਂ ਨੇ ਮਿਲ ਕੇ 24 ਵਿਕਟਾਂ ਲਈਆਂ ਹਨ। ਉਨ੍ਹਾਂ ਦੀ ਇਕਨਾਮੀ ਰੇਟ ਵੀ ਨੌਂ ਤੋਂ ਘੱਟ ਰਹੀ ਹੈ। ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ 14 ਅਤੇ ਮੁਕੇਸ਼ ਕੁਮਾਰ ਨੇ 15 ਵਿਕਟਾਂ ਲਈਆਂ ਹਨ ਅਤੇ ਦਿੱਲੀ ਨੂੰ ਉਨ੍ਹਾਂ ਤੋਂ ਸ਼ੁਰੂਆਤੀ ਸਫਲਤਾ ਦੀ ਉਮੀਦ ਹੋਵੇਗੀ।
ਟੀਮਾਂ:
ਰਾਇਲ ਚੈਲੇਂਜਰਜ਼ ਬੈਂਗਲੁਰੂ: ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈਲ, ਵਿਰਾਟ ਕੋਹਲੀ, ਰਜਤ ਪਾਟੀਦਾਰ, ਅਨੁਜ ਰਾਵਤ, ਦਿਨੇਸ਼ ਕਾਰਤਿਕ, ਸੁਯਸ਼ ਪ੍ਰਭੂਦੇਸਾਈ, ਵਿਲ ਜੈਕਸ, ਮਹੀਪਾਲ ਲੋਮਰੋਰ, ਕਰਨ ਸ਼ਰਮਾ, ਮਨੋਜ ਭੰਡਾਰੇ, ਮਯੰਕ ਡਾਗਰ, ਵਿਜੇ ਕੁਮਾਰ ਵਿਸ਼ਾਕ, ਆਕਾਸ਼ ਦੀਪ। ਮੁਹੰਮਦ ਸਿਰਾਜ, ਰੀਸ ਟੋਪਲੇ, ਹਿਮਾਂਸ਼ੂ ਸ਼ਰਮਾ, ਰਾਜਨ ਕੁਮਾਰ, ਕੈਮਰੂਨ ਗ੍ਰੀਨ, ਅਲਜ਼ਾਰੀ ਜੋਸਫ, ਯਸ਼ ਦਿਆਲ, ਟੌਮ ਕੁਰਨ, ਲੋਕੀ ਫਰਗੂਸਨ, ਸਵਪਨਿਲ ਸਿੰਘ, ਸੌਰਵ ਚੌਹਾਨ।
ਦਿੱਲੀ ਕੈਪੀਟਲਜ਼ : ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ, ਇਸ ਮੈਚ ’ਚ ਮੁਅੱਤਲ), ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਯਸ਼ ਧੂਲ, ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਲਲਿਤ ਯਾਦਵ, ਮਿਸ਼ੇਲ ਮਾਰਸ਼, ਪ੍ਰਵੀਨ ਦੂਬੇ, ਵਿੱਕੀ ਓਸਟਵੈਲ, ਐਨਰਿਚ ਨੋਰਟਜੇ, ਕੁਲਦੀਪ ਯਾਦਵ, ਜੈਕ ਫਰੇਜ਼ਰ-ਮੈਕਗਰਕ, ਖਲੀਲ ਅਹਿਮਦ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ, ਟ੍ਰਿਸਟਨ ਸਟੱਬਸ, ਰਿਕੀ ਭੂਈ ਕੁਮਾਰ, ਕੁਸ਼ਾਗਰਾ, ਰਸਿੱਖ ਡਾਰ, ਝਾਏ ਰਿਚਰਡਸਨ, ਸੁਮਿਤ ਕੁਮਾਰ, ਸਵਾਸਤਿਕ ਚਿਕਾਰਾ, ਸ਼ਾਈ ਹੋਪ।
ਮੈਚ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। (ਪੀਟੀਆਈ)