
ਮੈਚ ਰੱਦ ਹੋਣ 'ਤੇ ਕਿਸ ਨੂੰ ਹੋਵੇਗਾ ਫਾਇਦਾ, ਜਾਣੋ ਸਭ ਕੁਝ
ਨਵੀਂ ਦਿੱਲੀ - ਏਸ਼ੀਆ ਕੱਪ 2023 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮ ਮੈਚ ਰਿਜ਼ਰਵ ਡੇਅ 'ਤੇ ਖੇਡਿਆ ਜਾਵੇਗਾ। 10 ਸਤੰਬਰ ਨੂੰ ਸ਼ੁਰੂ ਹੋਏ ਏਸ਼ੀਅਨ ਸੁਪਰ-4 ਦੇ ਇਸ ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੀਂਹ ਕਾਰਨ ਖੇਡ ਰੁਕਣ ਤੱਕ ਟੀਮ ਇੰਡੀਆ ਨੇ ਪਹਿਲਾਂ ਖੇਡਦੇ ਹੋਏ 24.1 ਓਵਰਾਂ 'ਚ 2 ਵਿਕਟਾਂ 'ਤੇ 147 ਦੌੜਾਂ ਬਣਾ ਲਈਆਂ ਸਨ।
ਅੱਜ ਖੇਡ ਇੱਥੋਂ ਹੀ ਸ਼ੁਰੂ ਹੋਵੇਗੀ। ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੋਣ ਵਾਲਾ ਹੈ, ਜਿਹੜੀ ਵੀ ਟੀਮ ਹਾਰੇਗੀ, ਉਸ ਲਈ ਫਾਈਨਲ 'ਚ ਪਹੁੰਚਣਾ ਕਾਫ਼ੀ ਮੁਸ਼ਕਲ ਹੋਵੇਗਾ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ 56 ਅਤੇ ਸ਼ੁਭਮਨ ਗਿੱਲ ਨੇ 58 ਦੌੜਾਂ ਬਣਾਈਆਂ। ਕੇਐੱਲ ਰਾਹੁਲ 17 ਦੌੜਾਂ 'ਤੇ ਅਤੇ ਵਿਰਾਟ ਕੋਹਲੀ 8 ਦੌੜਾਂ 'ਤੇ ਖੇਡ ਰਹੇ ਹਨ। ਪਤਾ ਲੱਗਿਆ ਹੈ ਕਿ ਪਾਕਿਸਤਾਨ ਦਾ ਇਹ ਦੂਜਾ ਸੁਪਰ-4 ਮੈਚ ਹੈ ਜਦਕਿ ਭਾਰਤੀ ਟੀਮ ਦਾ ਪਹਿਲਾ ਮੈਚ ਹੈ। ਪਾਕਿਸਤਾਨ ਨੇ ਸੁਪਰ-4 ਦੇ ਆਪਣੇ ਪਹਿਲੇ ਮੈਚ ਵਿਚ ਬੰਗਲਾਦੇਸ਼ ਨੂੰ ਹਰਾਇਆ ਸੀ।
ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਸੋਮਵਾਰ ਸਵੇਰ ਦੀ ਗੱਲ ਕਰੀਏ ਤਾਂ ਇੱਥੇ ਹਲਕੀ ਬਾਰਿਸ਼ ਹੋਈ ਹੈ ਅਤੇ ਬੱਦਲਵਾਈ ਵੀ ਹੈ। ਅੱਜ ਫਿਰ 90 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਅੱਜ ਵੀ ਮੈਚ ਵਿਚ ਰੁਕਾਵਟ ਆ ਸਕਦੀ ਹੈ। ਜੇਕਰ ਮੈਚ ਘੱਟ ਓਵਰਾਂ 'ਚ ਖੇਡਿਆ ਜਾਵੇ ਤਾਂ ਪਾਕਿਸਤਾਨ 20 ਓਵਰਾਂ 'ਚ 181 ਦੌੜਾਂ ਦਾ ਟੀਚਾ ਹਾਸਲ ਕਰ ਸਕਦਾ ਹੈ। ਇਸ ਮੈਚ ਵਿਚ ਜੋ ਵੀ ਟੀਮ ਹਾਰੇਗੀ, ਉਸ ਲਈ ਫਾਈਨਲ ਵਿਚ ਪਹੁੰਚਣਾ ਬਹੁਤ ਮੁਸ਼ਕਲ ਹੋਵੇਗਾ। ਇਹ ਮੈਚ ਖ਼ਾਸ ਤੌਰ 'ਤੇ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਹੈ।
ਸੁਪਰ-4 ਦੀ ਗੱਲ ਕਰੀਏ ਤਾਂ ਇਸ ਰਾਊਂਡ 'ਚ ਸਾਰੀਆਂ ਚਾਰ ਟੀਮਾਂ ਨੂੰ 3-3 ਮੈਚ ਖੇਡਣੇ ਹਨ। ਪਾਕਿਸਤਾਨ ਅਤੇ ਸ਼੍ਰੀਲੰਕਾ ਨੇ ਆਪਣੇ ਪਹਿਲੇ ਮੈਚ ਜਿੱਤੇ ਹਨ। ਦੋਵਾਂ ਟੀਮਾਂ ਦੇ ਇਸ ਸਮੇਂ 2-2 ਅੰਕ ਹਨ। ਅਜਿਹੇ 'ਚ ਜੇਕਰ ਭਾਰਤੀ ਟੀਮ ਅੱਜ ਦਾ ਮੈਚ ਹਾਰ ਜਾਂਦੀ ਹੈ ਤਾਂ ਉਸ ਦਾ ਫਾਈਨਲ 'ਚ ਪਹੁੰਚਣ ਦਾ ਰਾਹ ਮੁਸ਼ਕਿਲ ਹੋ ਜਾਵੇਗਾ।