
ਭਾਰਤ ਦੀ ਮੁਹਿੰਮ 7 ਤਗ਼ਮਿਆਂ ਨਾਲ ਖ਼ਤਮ
Deepika and Parth win bronze medals in Archery World Cup
ਭਾਰਤ ਦੀ ਸਭ ਤੋਂ ਸਫ਼ਲ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸੈਮੀਫਾਈਨਲ ਵਿੱਚ ਮਿਲੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਦੀ ਰਿਕਰਵ ਈਵੈਂਟ ਵਿਚ ਕਾਂਸੀ ਤਗ਼ਮਾ ਜਿੱਤ ਕੇ ਆਪਣਾ ਸਨਮਾਨ ਬਚਾਉਣ ਵਿਚ ਸਫ਼ਲ ਰਹੀ, ਜਦੋਂ ਕਿ ਪਾਰਥ ਸਾਲੂਂਖੇ ਨੇ ਪਹਿਲੀ ਵਾਰ ਪੋਡੀਅਮ ਵਿਚ ਜਗ੍ਹਾ ਬਣਾਈ। ਭਾਰਤ ਦਾ ਅਭਿਆਨ ਇਸ ਤਰ੍ਹਾਂ ਨਾਲ 7 ਤਗ਼ਮਿਆਂ ਨਾਲ ਖ਼ਤਮ ਹੋਇਆ।
ਕੰਪਾਊਂਡ ਤੀਰਅੰਦਾਜ਼ਾਂ ਨੇ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੋ ਸੋਨ ਤਗਮਿਆਂ ਸਮੇਤ ਪੰਜ ਤਗਮੇ ਜਿੱਤ ਕੇ ਦਬਦਬਾ ਬਣਾਇਆ ਸੀ। ਮਧੁਰਾ ਧਮਾਂਗਾਂਕਰ ਨੇ ਤਿੰਨ ਤਗਮਿਆਂ ਵਿੱਚ ਯੋਗਦਾਨ ਪਾਇਆ। ਉਸ ਨੇ ਤਿੰਨ ਸਾਲਾਂ ਬਾਅਦ ਰਾਸ਼ਟਰੀ ਟੀਮ ਵਿੱਚ ਆਪਣੀ ਵਾਪਸੀ ਦਾ ਜਸ਼ਨ ਮਹਿਲਾ ਅਤੇ ਮਿਕਸਡ ਟੀਮ ਮੁਕਾਬਲਿਆਂ ਵਿੱਚ ਇੱਕ ਵਿਅਕਤੀਗਤ ਸੋਨ ਤਗ਼ਮਾ ਜਿੱਤ ਕੇ ਮਨਾਇਆ। ਦੀਪਿਕਾ ਨੂੰ ਮਹਿਲਾ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਲਿਮ ਸਿਹੀਓਨ ਨੇ ਆਖ਼ਰੀ ਚਾਰ ਮੈਚਾਂ ਵਿੱਚ 7-1 ਦੇ ਫ਼ਰਕ ਨਾਲ ਹਰਾਇਆ।
21 ਸਾਲਾ ਮੌਜੂਦਾ ਓਲੰਪਿਕ ਚੈਂਪੀਅਨ ਨੇ ਪਿਛਲੇ ਸਾਲ ਯੇਚਿਓਨ ਵਿਸ਼ਵ ਕੱਪ ਦੇ ਆਖ਼ਰੀ ਚਾਰ ਵਿੱਚ ਵੀ ਭਾਰਤੀ ਤੀਰਅੰਦਾਜ਼ ਨੂੰ ਹਰਾਇਆ ਸੀ। ਹਾਲਾਂਕਿ, 30 ਸਾਲਾ ਭਾਰਤੀ ਤੀਰਅੰਦਾਜ਼ ਨੇ ਸੈਮੀਫ਼ਾਈਨਲ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਕਾਂਸੀ ਦੇ ਤਗ਼ਮੇ ਦੇ ਮੈਚ ਵਿੱਚ ਇੱਕ ਹੋਰ ਕੋਰੀਆਈ ਖਿਡਾਰਨ ਕਾਂਗ ਚਾਨ ਯੋਂਗ ਨੂੰ 7-3 ਨਾਲ ਹਰਾ ਕੇ ਪੋਡੀਅਮ 'ਤੇ ਆਪਣੀ ਜਗ੍ਹਾ ਪੱਕੀ ਕਰ ਲਈ। ਸੈਮੀਫ਼ਾਈਨਲ ਵਿੱਚ ਹਾਰ ਤੋਂ ਬਾਅਦ ਦੀਪਿਕਾ ਨੇ ਕਾਂਸੀ ਦੇ ਤਗ਼ਮੇ ਦੇ ਮੈਚ ਵਿੱਚ ਵਧੇਰੇ ਸੰਜਮ ਅਤੇ ਰਣਨੀਤਕ ਸਪੱਸ਼ਟਤਾ ਦਿਖਾਈ।
ਪਹਿਲਾ ਸੈੱਟ 27-27 ਦੇ ਡਰਾਅ 'ਤੇ ਖ਼ਤਮ ਹੋਇਆ ਪਰ ਦੀਪਿਕਾ ਨੇ ਦੂਜੇ ਸੈੱਟ ਵਿੱਚ 28 ਅੰਕ ਬਣਾ ਕੇ 3-1 ਦੀ ਬੜ੍ਹਤ ਬਣਾ ਲਈ। ਸਾਬਕਾ ਵਿਸ਼ਵ ਚੈਂਪੀਅਨ ਕਾਂਗ ਨੇ ਵਾਪਸੀ ਕੀਤੀ ਅਤੇ ਦੀਪਿਕਾ ਦੇ 27 ਦੇ ਮੁਕਾਬਲੇ 30 ਅੰਕਾਂ ਨਾਲ ਸਕੋਰ 3-3 'ਤੇ ਬਰਾਬਰ ਕਰ ਦਿੱਤਾ। ਚਾਰ ਵਾਰ ਦੀ ਓਲੰਪੀਅਨ ਦੀਪਿਕਾ ਨੇ ਆਪਣੇ ਤਜ਼ਰਬੇ ਦਾ ਸ਼ਾਨਦਾਰ ਇਸਤੇਮਾਲ ਕੀਤਾ ਅਤੇ 10 ਅੰਕਾਂ ਲਈ ਤਿੰਨੋਂ ਟੀਚਿਆਂ ਨੂੰ ਨਿਸ਼ਾਨਾ ਬਣਾ ਕੇ 5-3 ਦੀ ਬੜ੍ਹਤ ਬਣਾਈ। ਫਿਰ ਉਸ ਨੇ ਕਾਂਗ ਦੇ 28 ਦੇ ਮੁਕਾਬਲੇ 29 ਅੰਕ ਬਣਾ ਕੇ ਆਪਣੀ ਜਿੱਤ 'ਤੇ ਮੋਹਰ ਲਗਾ ਦਿੱਤੀ।
ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਪਾਰਥ ਜੋ ਕੁਆਲੀਫਾਇੰਗ ਵਿੱਚ 60ਵੇਂ ਸਥਾਨ 'ਤੇ ਰਿਹਾ, ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਜਿਸ ਨਾਲ ਦੇਸ਼ ਦਾ 7ਵਾਂ ਤਗਮਾ ਪੱਕਾ ਹੋਇਆ। 21 ਸਾਲਾ ਖਿਡਾਰੀ ਨੇ ਕੋਰੀਆਈ ਖਿਡਾਰੀ ਕਿਮ ਵੂਜਿਨ ਤੋਂ ਸੈਮੀਫ਼ਾਈਨਲ ਵਿੱਚ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਉੱਚ ਦਰਜਾ ਪ੍ਰਾਪਤ ਫ਼ਰਾਂਸੀਸੀ ਤੀਰਅੰਦਾਜ਼ ਬੈਪਟਿਸਟ ਐਡਿਸ ਨੂੰ 5 ਸੈੱਟਾਂ ਦੇ ਰੋਮਾਂਚਕ ਮੈਚ ਵਿੱਚ 6-4 ਨਾਲ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਤਗਮਾ ਜਿੱਤਿਆ।