
ਅੰਪਾਇਰ ਦੇ ਫ਼ੈਸਲੇ ਵਿਰੁਧ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਵਿਖਾਉਣ ਲਈ ਮੈਚ ਦੀ 15 ਫ਼ੀ ਸਦੀ ਫ਼ੀਸ ਦਾ ਜੁਰਮਾਨਾ ਲਾਇਆ
ਦੁਬਈ: ਭਾਰਤੀ ਖਿਡਾਰੀਆਂ ’ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਦੌਰਾਨ ਹੌਲੀ ਓਵਰ ਗਤੀ ਲਈ ਪੂਰੀ ਮੈਚ ਫ਼ੀਸ ਦਾ ਜੁਰਮਾਨਾ ਲਾਇਆ ਗਿਆ ਹੈ। ਜਦਕਿ ਅੰਪਾਇਰ ਵਲੋਂ ਇਕ ਵਿਵਾਦਿਤ ਫ਼ੈਸਲੇ ’ਚ ਸ਼ੁਭਮਨ ਗਿੱਲ ਨੂੰ ਆਊਟ ਕਰਾਰ ਦੇਣ ਦੇ ਫ਼ੈਸਲੇ ਦੀ ਆਲੋਚਨਾ ਕਰਨ ਵਾਲੇ ਸ਼ੁਭਮਨ ਗਿੱਲ ’ਤੇ ਹੋਰ 15 ਫ਼ੀ ਸਦੀ ਫ਼ੀਸ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਤਰ੍ਹਾਂ ਸ਼ੁਭਮਨ ਨੂੰ ਮੈਚ ਫ਼ੀਸ ਦਾ ਕੁਲ 115 ਫ਼ੀ ਸਦੀ ਜੁਰਮਾਨਾ ਭਰਨਾ ਪਵੇਗਾ।
ਗਿੱਲ ਨੂੰ ਧਾਰਾ 2.7 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਜੋ ਕੌਮਾਂਤਰੀ ਮੈਚ ਦੌਰਾਨ ਕਿਸੇ ਘਟਨਾ ਦੀ ਜਨਤਕ ਨਿੰਦਾ ਜਾਂ ਗ਼ੈਰਜ਼ਰੂਰੀ ਬਿਆਨ ਨਾਲ ਸਬੰਧਤ ਹੈ।
ਭਾਰਤ ਦੀ ਦੂਜੀ ਪਾਰੀ ਦੌਰਾਨ ਟੀ.ਵੀ. ਅੰਪਾਇਰ ਰੀਚਰਡ ਕੇਟਲਬਰੋ ਨ ਗਿੱਲ ਨੂੰ ਆਊਟ ਕਰਾਰ ਦਿਤਾ ਸੀ ਜਿਨ੍ਹਾਂ ਦਾ ਕੈਚ ਫੜਦੇ ਸਮੇਂ ਗ੍ਰੀਨ ਦਾ ਹੱਥ ਜ਼ਮੀਨ ਨੂੰ ਛੂਹ ਗਿਆ ਸੀ। ਉਸ ਦਿਨ ਖੇਡ ਖ਼ਤਮ ਹੋਣ ਤੋਂ ਬਾਅਦ ਗਿੱਲ ਨੇ ਟੀ.ਵੀ. ਸਕ੍ਰੀਨ ਦਾ ਰੀਪਲੇ ਸ਼ਾਟ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਸੀ।
ਗਿੱਲ ਵਿਰੁਧ ਇਕ ਡੀਮੈਰਿਟ ਅੰਕ ਵੀ ਜੋੜ ਦਿਤਾ ਗਿਆ ਹੈ। ਜਦੋਂ ਕਿਸੇ ਖਿਡਾਰੀ ਵਿਰੁਧ 24 ਮਹੀਨਿਆਂ ਦੇ ਸਮੇਂ ਦੌਰਾਨ ਚਾਰ ਜਾਂ ਇਸ ਤੋਂ ਵੱਧ ਡੀਮੈਰਿਟ ਅੰਕ ਹੋ ਜਾਂਦੇ ਹਨ ਤਾਂ ਉਸ ਵਿਰੁਧ ਪਾਬੰਦੀ ਲਾ ਦਿਤੀ ਜਾਂਦੀ ਹੈ। ਦੋ ਅੰਕ ਹੋਣ ’ਤੇ ਖਿਡਾਰੀ ਨੂੰ ਇਕ ਟੈਸਟ ਜਾਂ ਇਕ ਦਿਨਾ ਮੈਚ ਜਾਂ ਦੋ ਟੀ20 ਮੈਚਾਂ ’ਚ ਖੇਡਣ ਤੋਂ ਰੋਕ ਦਿਤਾ ਜਾਂਦਾ ਹੈ।
ਆਈ.ਸੀ.ਸੀ. ਨੇ ਕਿਹਾ ਕਿ ਗਿੱਲ ਨੇ ਫ਼ੈਸਲੇ ਨੂੰ ਮਨਜ਼ੂਰ ਕਰ ਲਿਆ ਹੈ ਇਸ ਲਈ ਮਾਮਲੇ ’ਚ ਕੋਈ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਹੈ।
ਆਸਟ੍ਰੇਲੀਆਈ ਖਿਡਾਰੀਆਂ ’ਤੇ ਵੀ ਹੌਲੀ ਓਵਰ ਕਰਨ ਲਈ ਮੈਚ ਫ਼ੀਸ ਦਾ 80 ਫ਼ੀ ਸਦੀ ਜੁਰਮਾਨਾ ਲਾਇਆ ਗਿਆ ਹੈ। ਆਸਟ੍ਰੇਲੀਆ ਨੇ ਇਹ ਮੈਚ 209 ਦੌੜਾਂ ਨਾਲ ਜਿੱਤ ਲਿਆ ਸੀ।
ਆਈ.ਸੀ.ਸੀ. ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ, ‘‘ਐਤਵਾਰ ਨੂੰ ਆਖ਼ਰੀ ਦਿਨ ਦਾ ਖੇਡ ਖ਼ਤਮ ਹੋਣ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋ ਗਈ ਕਿ ਹੌਲੀ ਓਵਰ ਗਤੀ ਲਈ ਭਾਰਤ ਪੂਰੀ ਮੈਚ ਫ਼ੀਸ ਅਤੇ ਆਸਟ੍ਰੇਲੀਆ 80 ਫ਼ੀ ਸਦੀ ਮੈਚ ਫ਼ੀਸ ਗੁਆਏਗਾ।’’
ਇਸ ’ਚ ਅੱਗੇ ਕਿਹਾ ਗਿਆ, ‘‘ਆਈ.ਸੀ.ਸੀ. ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੀ ਆਚਾਰ ਸੰਹਿਤਾ ਦੀ ਧਾਰਾ 2.22 ਤਹਿਤ ਖਿਡਾਰੀਆਂ ’ਤੇ ਨਿਰਧਾਰਤ ਸਮੇਂ ਅੰਦਰ ਓਵਰ ਪੂਰੇ ਨਾ ਕਰਨ ’ਤੇ ਪ੍ਰਤੀ ਓਵਰ 20 ਫ਼ੀ ਸਦੀ ਦਾ ਜੁਰਮਾਨਾ ਲਾਇਆ ਗਿਆ ਹੈ।’’
ਭਾਰਤੀ ਟੀਮ ਨਿਰਧਾਰਤ ਸਮੇਂ ਅੰਦਰ ਪੰਜ ਓਵਰ ਪਿੱਛੇ ਸੀ ਜਦਕਿ ਆਸਟ੍ਰੇਲੀਆ ਚਾਰ ਓਵਰ ਪਿੱਛੇ ਰਹਿ ਗਿਆ ਸੀ। ਭਾਰਤ ਦੇ ਮੈਚ ਖੇਡ ਰਹੇ 11 ਖਿਡਾਰੀਆਂ ਨੂੰ 15 ਲੱਖ ਰੁਪਏ ਪ੍ਰਤੀ ਟੈਸਟ ਮੈਚ ਅਤੇ ਰੀਜ਼ਰਵ ਖਿਡਾਰੀਆਂ ਨੂੰ ਸਾਢੇ ਸੱਤ ਲੱਖ ਰੁਪਏ ਮਿਲਦੇ ਹਨ।