
ਜਵਾਈ ਨੂੰ ਦਿਤੀ ਰੂਹ-ਕੰਬਾਊ ਸਜ਼ਾ
ਲੁਧਿਆਣਾ : ਭਾਵੇਂ ਕਿ ਅਸੀਂ ਆਜ਼ਾਦ ਦੇਸ਼ ਵਿਚ ਰਹਿ ਰਹੇ ਹਾਂ ਪਰ ਅਜੇ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਸਾਬਤ ਕਰਦਿਆਂ ਹਨ ਕਿ ਬਚੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਲੈ ਸਕਦੇ। ਭਾਵੇਂ ਕਿ ਮਾਪੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਕੁਝ ਵੀ ਅਜਿਹਾ ਕਰਨ ਤੋਂ ਰੋਕਦੇ ਹਨ ਜੋ ਉਨ੍ਹਾਂ ਲਈ ਗਲਤ ਹੋਵੇ ਪਰ ਕਈ ਵਾਰ ਉਹ ਅਜਿਹੇ ਫ਼ੈਸਲੇ ਵੀ ਲੈ ਲੈਂਦੇ ਹਨ ਜਿਸ ਨਾਲ ਉਹ ਆਪਣੇ ਬੱਚਿਆਂ ਦੀ ਤਕਲੀਫ਼ ਦਾ ਕਾਰਨ ਬਣ ਜਾਂਦੇ ਹਨ।
ਅਜਿਹਾ ਹੀ ਮਾਮਲਾ ਲੁਧਿਆਣਾ ਦੇ ਜਮਾਲਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਪਿਤਾ ਨੇ ਆਪਣੀ ਧੀ ਦੇ ਪ੍ਰੇਮ ਵਿਆਹ ਤੋਂ ਗੁੱਸੇ ਵਿਚ ਆ ਕੇ ਆਪਣੇ ਜਵਾਈ ਨੂੰ ਪਹਿਲਾਂ ਅਗਵਾ ਕੀਤਾ ਅਤੇ ਫਿਰ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਸਗੋਂ ਆਪਣਾ ਗੁੱਸਾ ਕੱਢਣ ਮਗਰੋਂ ਉਹ ਲੜਕੇ ਨੂੰ ਅਧਮਾਈ ਹਾਲਤ ਵਿਚ ਥਾਣਾ ਜਮਾਲਪੁਰ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਿਆ।
ਜਿਸ ਮਗਰੋਂ ਲੜਕੇ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਜਮਾਲਪੁਰ ਏਐਸਆਈ ਬਲਵੀਰ ਸਿੰਘ ਨੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿੰਦਰਾ ਕਾਲੋਨੀ ਦੀ ਗਲੀ ਨੰਬਰ 3 ਦੇ ਵਸਨੀਕ ਸੋਨੂੰ ਕੁਮਾਰ ਦੀ ਸ਼ਿਕਾਇਤ ’ਤੇ ਬੱਬਾ, ਅਜੇ ਅਰੋੜਾ, ਪੂਜਾ, ਜੋਤੀ, ਪਿੰਕੀ, ਦੀਪ ਬਾਦਸ਼ਾਹ ਤੇ ਉਨ੍ਹਾਂ ਦੇ 4 ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।