
ਫਿਲਹਾਲ ਮਾਮਲੇ ਦਾ ਪਤਾ ਨਹੀਂ ਚੱਲ ਸਕਿਆ ਕਿ ਇਹ ਮੈਚ ਦੌਰਾਨ ਦਾ ਮਾਮਲਾ ਹੈ, ਪਹਿਲਾਂ ਦਾ ਹੈ ਜਾਂ ਫਿਰ ਮੈਚ ਤੋਂ ਬਾਅਦ ਦਾ।
ਨਵੀਂ ਦਿੱਲੀ - ਵਨਡੇ ਵਿਸ਼ਵ ਕੱਪ 2023 ਦਾ 9ਵਾਂ ਮੈਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਗਿਆ। ਮੈਚ 'ਚ ਭਾਰਤੀ ਟੀਮ ਨੇ ਅਫ਼ਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਅਰੁਣ ਜੇਤਲੀ ਸਟੇਡੀਅਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਜਿਸ 'ਚ ਸਟੈਂਡ 'ਤੇ ਬੈਠੇ ਦਰਸ਼ਕਾਂ ਵਿਚਾਲੇ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਾਮਲਾ ਸਿਰਫ਼ ਝੜਪ ਤੱਕ ਹੀ ਸੀਮਤ ਨਹੀਂ ਹੈ ਸਗੋਂ ਕੁਝ ਲੋਕ ਇਕ-ਦੂਜੇ 'ਤੇ ਹੱਥੋਪਾਈ ਵੀ ਸ਼ੁਰੂ ਕਰ ਦਿੰਦੇ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲੜਾਈ ਪ੍ਰਸ਼ੰਸਕਾਂ ਵਿਚਾਲੇ ਕਿਉਂ ਹੋਈ।
ਵੀਡੀਓ ਦੀ ਗੱਲ ਕਰੀਏ ਤਾਂ ਸਟੈਂਡ 'ਤੇ ਬੈਠੇ ਦਰਸ਼ਕ ਅਚਾਨਕ ਇਕ ਦੂਜੇ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਲੜਾਈ ਦੌਰਾਨ ਨੇੜੇ ਬੈਠੇ ਦਰਸ਼ਕ ਦੂਰ ਚਲੇ ਜਾਂਦੇ ਹਨ। ਹਾਲਾਂਕਿ ਵੀਡੀਓ 'ਚ ਕੁਝ ਲੋਕ ਲੜਾਈ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ। ਫਿਲਹਾਲ ਮਾਮਲੇ ਦਾ ਪਤਾ ਨਹੀਂ ਚੱਲ ਸਕਿਆ ਕਿ ਇਹ ਮੈਚ ਦੌਰਾਨ ਦਾ ਮਾਮਲਾ ਹੈ, ਪਹਿਲਾਂ ਦਾ ਹੈ ਜਾਂ ਫਿਰ ਮੈਚ ਤੋਂ ਬਾਅਦ ਦਾ।
ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਦਰਸ਼ਕਾਂ ਵੱਲੋਂ ਦਿਲਚਸਪ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕਾਂ ਨੇ ਵਿਰਾਟ ਕੋਹਲੀ ਅਤੇ ਨਵੀਨ ਉਲ ਹੱਕ ਦੀ ਉਦਾਹਰਣ ਦਿੰਦੇ ਹੋਏ ਪ੍ਰਤੀਕਿਰਿਆ ਦਿੱਤੀ। ਕੋਹਲੀ ਅਤੇ ਨਵੀਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ "ਉਹ ਦੋਸਤ ਬਣ ਗਏ ਹਨ, ਉਹ ਲੜ ਰਹੇ ਹਨ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਇਹ ਸੰਭਵ ਨਹੀਂ ਹੈ ਕਿ ਦਿੱਲੀ ਵਿਚ ਮੈਚ ਹੋਵੇ ਅਤੇ ਕੋਈ ਲੜਾਈ ਨਾ ਹੋਵੇ।" ਇਸੇ ਤਰ੍ਹਾਂ ਪ੍ਰਸ਼ੰਸਕਾਂ ਨੇ ਕਈ ਦਿਲਚਸਪ ਪ੍ਰਤੀਕਿਰਿਆਵਾਂ ਦਿੱਤੀਆਂ।