
ਕਿਹਾ, ਨਿਊਜ਼ੀਲੈਂਡ ਦੀ ਟੀਮ ’ਚ ਕਈ ਸ਼ਾਨਦਾਰ ਖਿਡਾਰੀ ਹਨ, ਜਿਨ੍ਹਾਂ ਨੂੰ ਵੱਡੇ ਮੈਚਾਂ ’ਚ ਖੇਡਣ ਦਾ ਤਜਰਬਾ ਹੈ
Rachin Ravindra : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਦੀ ਨਵੀਂ ਸਨਸਨੀ ਰਚਿਨ ਰਵਿੰਦਰਾ ਲਈ ਵਾਨਖੇੜੇ ਦੇ ਨੱਕੋ-ਨੱਕ ਭਰੇ ਸਟੇਡੀਅਮ ਵਿਚ ਭਾਰਤ ਵਿਰੁਧ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਖੇਡਣਾ ਇਕ ਸੁਪਨਾ ਸੱਚ ਹੋਣ ਵਰਗਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਬੁਧਵਾਰ ਨੂੰ ਹੋਣ ਵਾਲੇ ਇਸ ਮੈਚ ’ਚ ਉਨ੍ਹਾਂ ਦੀ ਟੀਮ ਮੇਜ਼ਬਾਨ ਟੀਮ ਨੂੰ ਬਰਾਬਰ ਦੀ ਟੱਕਰ ਦੇਵੇਗੀ।
ਰਵਿੰਦਰਾ ਨੇ ਵਿਸ਼ਵ ਕੱਪ ’ਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦੇ ਨਾਂ ਤਿੰਨ ਸੈਂਕੜੇ ਦਰਜ ਹਨ। ਉਹ ਇਸ ਸਮੇਂ ਵਿਸ਼ਵ ਕੱਪ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਦਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਰਵਿੰਦਰਾ ਨੇ ਨਿਊਜ਼ੀਲੈਂਡ ਕ੍ਰਿਕੇਟ ਤੋਂ ਕਿਹਾ, ‘‘ਤੁਸੀਂ ਭਾਰਤ ਵਿਰੁਧ ਨੱਕੋ-ਨੱਕ ਭਰੇ ਸਟੇਡੀਅਮ ’ਚ ਖੇਡਣ ਦਾ ਸੁਪਨਾਂ ਵੇਖਦੇ ਹੋ। ਭਾਰਤ ਵਾਨਖੇੜੇ ਸਟੇਡੀਅਮ ’ਚ ਅਜੇਤੂ ਰਿਹਾ ਹੈ। ਅਜਿਹਾ ਮੈਦਾਨ ਜਿਸ ਦਾ ਅਪਣਾ ਇਤਿਹਾਸ ਰਿਹਾ ਹੈ। ਅਸੀਂ ਬਰਾਬਰ ਦੀ ਟੱਕਰ ਦੇਵਾਂਗੇ। ਅਸੀਂ ਅਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।’’
ਨਿਊਜ਼ੀਲੈਂਡ ਕੋਲ ਵੱਡੇ ਮੈਚ ਖੇਡਣ ਦਾ ਤਜਰਬਾ
ਉਨ੍ਹਾਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਤੁਸੀਂ ਕ੍ਰਿਕਟ ’ਚ ਹਰ ਮੈਚ ਨਹੀਂ ਜਿੱਤ ਸਕਦੇ। ਤੁਸੀਂ ਹਾਰ ਸਕਦੇ ਹੋ ਜਾਂ ਜਿੱਤ ਸਕਦੇ ਹੋ, ਇਸ ਲਈ ਅਸੀਂ ਵੇਖਾਂਗੇ ਕਿ ਖੇਡ ਕਿਵੇਂ ਚਲਦੀ ਹੈ।’’ ਬੈਂਗਲੁਰੂ ’ਚ ਅਪਣੇ ਦਾਦਾ-ਦਾਦੀ ਸਾਹਮਣੇ ਪਾਕਿਸਤਾਨ ਵਿਰੁਧ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਰਵਿੰਦਰਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ’ਚ ਕਈ ਸ਼ਾਨਦਾਰ ਖਿਡਾਰੀ ਹਨ, ਜਿਨ੍ਹਾਂ ਨੂੰ ਵੱਡੇ ਮੈਚਾਂ ’ਚ ਖੇਡਣ ਦਾ ਤਜਰਬਾ ਹੈ। ਉਸ ਨੇ ਕਿਹਾ, ‘‘ਅਸੀਂ ਪਿਛਲੇ ਦੋ ਵਿਸ਼ਵ ਕੱਪਾਂ ਬਾਰੇ ਸੋਚ ਰਹੇ ਹਾਂ। ਸਾਡੇ ਕੋਲ ਵੱਡੇ ਮੈਚ ਖੇਡਣ ਦਾ ਤਜਰਬਾ ਹੈ। ਤੁਸੀਂ ਐਮ.ਸੀ.ਜੀ. ’ਚ ਆਸਟਰੇਲੀਆ ਵਿਰੁਧ ਖੇਡਦੇ ਹੋ, ਹੁਣ ਤੁਸੀਂ ਲਾਰਡਸ ’ਚ ਇੰਗਲੈਂਡ ਵਿਰੁਧ ਖੇਡਦੇ ਹੋ ਅਤੇ ਹੁਣ ਤੁਸੀਂ ਵਾਨਖੇੜੇ ’ਚ ਭਾਰਤ ਨਾਲ ਖੇਡ ਰਹੇ ਹੋ। ਇਹ ਸਾਰੇ ਵੱਡੇ ਮੈਚ ਹਨ। ਇਹ ਹੈਰਾਨੀਜਨਕ ਹੈ ਕਿ ਸਾਡੀ ਟੀਮ ’ਚ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਅਜਿਹੇ ਮੈਚ ਖੇਡਣ ਦਾ ਤਜਰਬਾ ਹੈ।’’
ਨਿਊਜ਼ੀਲੈਂਡ ਐਮ.ਸੀ.ਜੀ. ’ਚ 2015 ਵਿਸ਼ਵ ਕੱਪ ਫਾਈਨਲ ’ਚ ਆਸਟਰੇਲੀਆ ਤੋਂ ਹਾਰ ਗਿਆ ਸੀ। ਚਾਰ ਸਾਲ ਬਾਅਦ ਉਸ ਨੂੰ ਲਾਰਡਸ ’ਚ ਇੰਗਲੈਂਡ ਵਿਰੁਧ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਰਵਿੰਦਰ ਨੇ ਕਿਹਾ, ‘‘ਤੁਸੀਂ ਬਚਪਨ ’ਚ ਨਾਕਆਊਟ ਗੇੜ ’ਚ ਵੱਡੇ ਮੈਚ ਖੇਡਣ ਦਾ ਸੁਪਨਾ ਵੇਖਦੇ ਹੋ ਅਤੇ ਮੈਂ ਵੀ ਭਾਰਤ ਵਿਰੁਧ ਮੈਚ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।’’
(For more news apart from Rachin Ravindra, stay tuned to Rozana Spokesman)