
ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਬੁਧਵਾਰ ਨੂੰ ਆਪਣੇ ਚਮਕਦਾਰ ਕਰੀਅਰ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲੈ ਲਿਆ ਹੈ............
ਨਵੀਂ ਦਿੱਲੀ : ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਬੁਧਵਾਰ ਨੂੰ ਆਪਣੇ ਚਮਕਦਾਰ ਕਰੀਅਰ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲੈ ਲਿਆ ਹੈ। ਸਰਦਾਰ ਨੇ ਕਿਹਾ ਕਿ ਏਸ਼ੀਆਈ ਖੇਡਾਂ ਵਿਚ ਨਿਰਾਸ਼ ਕਰ ਦੇਣ ਵਾਲੇ ਪ੍ਰਦਰਸ਼ਨ ਤੋਂ ਬਾਦ ਇਹ ਫ਼ੈਸਲਾ ਕੀਤਾ ਹੈ। ਏਸ਼ੀਆਈ ਖੇਡਾਂ ਵਿਚ ਭਾਰਤ ਨੂੰ ਤਾਂਬੇ ਦੇ ਤਮਗ਼ੇ ਨਾਲ ਹੀ ਸਬਰ ਕਰਨਾ ਪਿਆ ਸੀ। ਸਰਦਾਰ ਦੀ ਵਧਦੀ ਉਮਰ ਕਰਕੇ ਉਨ੍ਹਾਂ ਦੀ ਖੇਡ ਵਿਚ ਹੁਣ ਪਹਿਲਾਂ ਵਰਗੀ ਫ਼ੁਰਤੀ ਨਹੀਂ ਰਹੀ ਜਿਸ ਕਰੇ ਏਸ਼ੀਆ ਖੇਡਾਂ ਦੌਰਾਨ ਉਨ੍ਹਾਂ ਦੇ ਖ਼ਰਾਬ ਪ੍ਰਦਰਸ਼ਨ ਦੀ ਕਾਫ਼ੀ ਆਲੋਚਨਾ ਹੋਈ ਸੀ।
ਸਾਬਕਾ ਕਪਤਾਨ ਨੇ ਕਿਹਾ ਕਿ ਮੈਂ ਅੰਤਰ-ਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕਰ ਲਿਆ ਹੈ। ਮੈਂ ਆਪਣੇ ਕੈਰੀਅਰ ਦੇ 12 ਸਾਲਾ ਦੌਰਾਨ ਰੱਜ ਕੇ ਹਾਕੀ ਖੇਡਿਆ ਹਾਂ। ਹੁਣ ਭਵਿੱਖ ਦੀ ਜਿੰਮੇਵਾਰੀ ਨਵੀਂ ਪੀੜ੍ਹੀ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ। ਮੈਂ ਆਪਣੇ ਪਰਿਵਾਰ, ਟੀਮ ਅਤੇ ਦੋਸਤਾਂ ਨਾਲ ਸਲਾਹ ਕਰਨ ਤੋਂ ਬਾਦ ਹੀ ਇਹ ਫ਼ੈਸਲਾ ਲਿਆ ਹੈ। ਮੈਨੂੰ ਲਗਦਾ ਹੈ ਕਿ ਇਸ ਫ਼ੈਸਲੇ ਬਾਰੇ ਇਹੀ ਸਹੀ ਸਮਾਂ ਹੈ।ਜਾਣਕਾਰੀ ਮੁਤਾਬਕ ਸਰਦਾਰ ਨੇ ਏਸ਼ੀਆਈ ਖੇਡਾਂ ਦੌਰਾਨ ਕਿਹਾ ਸੀ ਕਿ ਉਸ ਅੰਦਰ ਕਾਫ਼ੀ ਹਾਕੀ ਬਚੀ ਹੋਈ ਹੈ ਅਤੇ ਹੁਣ ਤਾਂ ਟੋਕਿਓ 2020 ਦੀਆਂ ਓਲੰਪਿਕ ਖੇਡਾਂ ਹੀ ਮੇਰੀ ਹਾਕੀ ਹੋਵੇਗੀ।
32 ਸਾਲਾ ਸਰਦਾਰ ਨੇ ਦੇਸ਼ ਲਈ 350 ਅੰਤਰ-ਰਾਸ਼ਟਰੀ ਮੈਚ ਖੇਡੇ ਹਨ ਅਤੇ ਸਾਲ 2008 ਤੋਂ ਲੈ ਕੇ ਸਾਲ 2016 ਤਕ ਕਪਤਾਨੀ ਵੀ ਕੀਤੀ ਹੈ। ਸਰਦਾਰ ਨੂੰ 2012 ਵਿਚ ਅਰਜੁਨ ਪੁਰਸਕਾਰ ਅਤੇ 2015 ਵਿਚ ਪਦਮ ਸ਼੍ਰੀ ਨਾਲ ਵੀ ਨਵਾਜਿਆ ਗਿਆ ਹੈ। ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਤੋਂ ਟੀਮ ਤੋਂ ਬਾਹਰ ਕੱਢੇ ਜਾਣ ਤੋਂ ਬਾਦ ਸਰਦਾਰ ਨੇ ਕਾਫ਼ੀ ਮਿਹਨਤ ਕੀਤੀ ਅਤੇ ਚੈਂਪਿਅਨਸ ਟ੍ਰਾਫ਼ੀ ਵਿਚ ਦੇਸ਼ ਦੇ ਹਿੱਸੇ ਇਕ ਚਾਂਦੀ ਦਾ ਤਮਗ਼ਾ ਵੀ ਪਾਇਆ। ਹਾਲਾਂਕਿ ਸਰਦਾਰ ਉਮਰ ਮੁਤਾਬਕ ਥੋੜੇ ਹੋਲੀ ਹੋ ਗਏ ਹਨ ਪਰ ਫੇਰ ਵੀ ਭਾਰਤ ਟੀਮ ਦੇ ਸਭ ਤੋਂ ਫਿੱਟ ਖਿਡਾਰੀਆਂ ਵਿਚੋਂ ਇਕ ਹਨ।
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਕਾਰਨ ਫਿੱਟਨੈਸ ਦਾ ਪੱਧਰ ਨਹੀਂ ਹੈ। ਮੈਂ ਹਾਲੇ ਵੀ ਹਾਕੀ ਖੇਡਣ ਲਈ ਫਿੱਟ ਹਾਂ ਪਰ ਹਰ ਇਕ ਚੀਜ਼ ਦਾ ਸਮਾਂ ਹੁੰਦਾ ਹੈ। ਸਰਦਾਰ ਨੇ ਕਿਹਾ ਕਿ ਉਸ ਨੇ ਆਪਣੇ ਫ਼ੈਸਲੇ ਬਾਰੇ ਕੋਚ ਹਰਿੰਦਰ ਸਿੰਘ ਨੂੰ ਵੀ ਦਸ ਦਿਤਾ ਹੈ ਅਤੇ ਉਨ੍ਹਾਂ ਕਿਹਾ ਕਿ ਘਰੇਲੂ ਮੈਦਾਨਾਂ 'ਤੇ ਹਾਕੀ ਖੇਡਣਾ ਨਾ ਛੱਡੀ। ਜਾਣਕਾਰੀ ਮੁਤਾਬਕ ਹਰਿਆਣਾ ਦੇ ਸਿਰਸਾ ਦੇ ਇਸ ਖਿਡਾਰੀ ਦਾ ਕਰੀਅਰ ਵਿਵਾਦਾਂ ਤੋਂ ਵੀ ਦੂਰ ਨਹੀਂ ਰਿਹਾ ਹੈ। ਭਾਰਤ ਦੀ ਬ੍ਰਿਟਿਸ਼ ਔਰਤ ਨੇ ਸਰਦਾਰ 'ਤੇ ਬਲਾਤਕਾਰ ਦੇ ਦੋਸ਼ ਲਾਏ ਹਨ ਪਰ ਸਰਕਾਰ ਨੇ ਇਸ ਤੋਂ ਹਮੇਸ਼ਾ ਹੀ ਇੰਨਕਾਰ ਕੀਤਾ ਹੈ। ਲੁਧਿਆਣਾ ਪੁਲਿਸ ਨੇ ਇਸ ਮਾਮਲੇ ਸਬੰਧੀ ਸਰਦਾਰ ਨੂੰ ਕਲੀਨ ਚਿੱਟ ਵੀ ਦਿਤੀ ਹੈ।
(ਪੀਟੀਆਈ)