
ਐਲਐਲਸੀ ਦੇ ਦੂਜੇ ਸੀਜ਼ਨ ਵਿਚ ਚਾਰ ਟੀਮਾਂ ਅਤੇ 110 ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਸ਼ਾਮਲ ਹੋਣਗੇ।
ਨਵੀਂ ਦਿੱਲੀ: ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਸਤੰਬਰ ਵਿਚ ਕ੍ਰਿਕਟ ਦੇ ਮੈਦਾਨ ਵਿਚ ਵਾਪਸੀ ਕਰਨਗੇ। ਦਰਅਸਲ ਉਹ ਲੀਜੈਂਡਜ਼ ਲੀਗ ਕ੍ਰਿਕਟ (LLC) ਦੇ ਦੂਜੇ ਸੀਜ਼ਨ ਵਿਚ ਹਿੱਸਾ ਲੈਣਗੇ। ਹਰਭਜਨ ਦੇ ਨਾਲ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਇਰਫਾਨ ਪਠਾਨ, ਯੂਸਫ ਪਠਾਨ, ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਬ੍ਰੇਟ ਲੀ, ਸਪਿਨ ਲੀਜੈਂਡ ਮੁਥੱਈਆ ਮੁਰਲੀਧਰਨ ਅਤੇ ਵਿਸ਼ਵ ਕੱਪ ਜੇਤੂ ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ ਸ਼ਾਮਲ ਹੋਣਗੇ।
ਐਲਐਲਸੀ ਦੇ ਦੂਜੇ ਸੀਜ਼ਨ ਵਿਚ ਚਾਰ ਟੀਮਾਂ ਅਤੇ 110 ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਸ਼ਾਮਲ ਹੋਣਗੇ। ਇਹ 20 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਫਾਈਨਲ 10 ਅਕਤੂਬਰ ਨੂੰ ਹੋਵੇਗਾ। ਹਰਭਜਨ ਨੇ ਕਿਹਾ ਕਿ ਮੈਂ ਮੈਦਾਨ 'ਤੇ ਵਾਪਸ ਆਉਣ ਅਤੇ ਖੇਡ ਦੇ ਗਲੋਬਲ ਦਿੱਗਜਾਂ ਦੇ ਨਾਲ ਖੇਡਣ ਲਈ ਸਤੰਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।
Harbhajan Singh Announce Retirement
ਹਰਭਜਨ ਤੋਂ ਇਲਾਵਾ ਬੰਗਲਾਦੇਸ਼ ਦੇ ਸਾਬਕਾ ਕਪਤਾਨ ਮਸ਼ਰਫੇ ਮੁਰਤਜ਼ਾ ਨੇ ਵੀ ਐਲਐਲਸੀ ਦੇ ਆਗਾਮੀ ਐਡੀਸ਼ਨ ਵਿਚ ਭਾਗ ਲੈਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਲੇਂਡਲ ਸਿਮੰਸ ਅਤੇ ਦਿਨੇਸ਼ ਰਾਮਦੀਨ ਆਉਣ ਵਾਲੇ ਸੀਜ਼ਨ ਲਈ ਲੀਗ ਦੇ ਪਲੇਅਰ ਡਰਾਫਟ ਵਿਚ ਸ਼ਾਮਲ ਹੋ ਗਏ ਹਨ। ਟੂਰਨਾਮੈਂਟ ਦੇ ਉਦਘਾਟਨੀ ਐਡੀਸ਼ਨ ਵਿਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਆਸਟਰੇਲੀਆ ਅਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰਾਂ ਨੂੰ ਕ੍ਰਮਵਾਰ ਭਾਰਤ, ਏਸ਼ੀਆ ਅਤੇ ਬਾਕੀ ਵਿਸ਼ਵ ਦੀ ਨੁਮਾਇੰਦਗੀ ਕਰਨ ਵਾਲੀਆਂ ਤਿੰਨ ਟੀਮਾਂ ਵਿਚ ਵੰਡਿਆ ਗਿਆ।
ਲੀਜੈਂਡਜ਼ ਲੀਗ ਕ੍ਰਿਕਟ ਦੇ ਸਹਿ-ਸੰਸਥਾਪਕ ਅਤੇ ਸੀਈਓ ਰਮਨ ਰਹੇਜਾ ਨੇ ਹਰਭਜਨ ਦੇ ਲੀਗ ਦੇ ਸੀਜ਼ਨ 2 ਵਿਚ ਸ਼ਾਮਲ ਹੋਣ ਬਾਰੇ ਕਿਹਾ, “ਅਸੀਂ ਹਰਭਜਨ ਦਾ ਟੀਮ ਵਿਚ ਸਵਾਗਤ ਕਰਦੇ ਹਾਂ। ਅਸੀਂ ਜਨਵਰੀ ਵਿਚ ਕੋਵਿਡ ਕਾਰਨ ਉਹਨਾਂ ਦੀ ਕਮੀ ਮਹਿਸੂਸ ਕੀਤੀ ਸੀ ਅਤੇ ਹੁਣ ਦੁਬਾਰਾ ਮੈਦਾਨ ਵਿਚ ਉਹਨਾਂ ਦੀ ਸਪਿਨ ਗੇਂਦਬਾਜ਼ੀ ਦੇ ਜਾਦੂ ਦਾ ਅਨੁਭਵ ਕਰਨ ਦੀ ਉਮੀਦ ਕਰ ਰਹੇ ਹਾਂ।”