
ਪਹਿਲਵਾਨ ਦਲੀਪ ਸਿੰਘ ਖਲੀ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਆਪਣਾ ਪੱਖ ਰੱਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਚੰਡੀਗੜ੍ਹ: ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪਹਿਲਵਾਨ ਦਲੀਪ ਸਿੰਘ ਖਲੀ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਆਪਣਾ ਪੱਖ ਰੱਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਦਲੀਪ ਸਿੰਘ ਨੇ ਕਿਹਾ ਕਿ 17 ਜੁਲਾਈ ਨੂੰ ਜਦੋਂ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸੀ ਤਾਂ ਫਿਲੌਰ ਦੇ ਟੋਲ ਕਰਮਚਾਰੀ ਨੇ ਉਹਨਾਂ ਨੂੰ ਸੈਲਫੀ ਲੈਣ ਲਈ ਕਿਹਾ ਅਤੇ ਉਸ ਨੇ ਮਾੜਾ ਵਤੀਰਾ ਕੀਤਾ। ਇਸ ਦੌਰਾਨ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਲੱਤਾਂ ਤੋੜਨ ਦੀ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ’ਤੇ ਵੀ ਸਵਾਲ ਚੁੱਕੇ ਹਨ।
ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, “ ਮੈ ਦਲੀਪ ਸਿੰਘ ਰਾਣਾ ਉਰਫ਼ ‘ਦ ਗ੍ਰੇਟ ਖਲੀ’ ਅੰਤਰਰਾਸ਼ਟਰੀ ਪਹਿਲਵਾਨ ਹਾਂ,
ਦਲੀਪ ਸਿੰਘ ਨੇ ਅੱਗੇ ਲਿਖਿਆ, “ਮੈ ਉਸ ਦਾ ਮਾੜਾ ਵਤੀਰਾ ਦੇਖ ਕੇ ਹੀ ਫੋਟੋ ਲਈ ਮਨਾ ਕੀਤਾ ਸੀ। ਉਸ ਤੋਂ ਤੁਰੰਤ ਬਾਅਦ ਮੈਂ ਟੋਲ ਕਰਮਚਾਰੀਆਂ ਨੂੰ ਮੈਨੂੰ ਉੱਥੋਂ ਜਾਣ ਦੇਣ ਲਈ ਆਖਿਆ। ਉਸੇ ਵਕਤ ਓਸ ਕਰਮਚਾਰੀ ਨੇ ਆਪਣੇ ਸਹਿਕਰਮਚਰੀਆ ਨੂੰ ਬੁਲਾ ਕੇ ਮੇਰੀ ਗੱਡੀ ਸੜਕ ਵਿਚਕਾਰ ਰੁਕਵਾ ਲਈ ਅਤੇ ਮੈਨੂੰ ਗੱਲਾਂ ਕੱਢੀਆਂ ਅਤੇ ਲੱਤਾਂ ਤੋੜਨ ਦੀ ਧਮਕੀਆਂ ਦਿੱਤੀਆਂ। ਆਪਣੀ ਗਲਤੀ ਲੁਕਾਉਣ ਲਈ ਮੇਰੇ ’ਤੇ ਇਲਜ਼ਾਮ ਵੀ ਲਗਾਏ”। ਦਲੀਪ ਸਿੰਘ ਖਲੀ ਨੇ ਸਵਾਲ ਕਰਦਿਆਂ ਕਿਹਾ ਕਿ ਉੱਥੇ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੀ ਮੌਜੂਦ ਹੁੰਦਾ ਹੈ ਫਿਰ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਕਿਉਂ ਕੀਤੀ ਗਈ, ਦਿਨ ਦਿਹਾੜੇ ਇਸ ਤਰ੍ਹਾਂ ਧਮਕੀਆਂ ਦੇਣੀਆਂ ਕਿਸ ਵਰਤਾਅ ਦਾ ਪ੍ਰਤੀਕ ਹੈ?
ਉਹਨਾਂ ਕਿਹਾ, “ਮੇਰੇ ਹੀ ਦੇਸ਼ ਵਿਚ ਦਿਨ ਦਿਹਾੜੇ ਮੇਰੇ ਨਾਲ ਇਹ ਘਟਨਾ ਹੋਣ ਬਾਰੇ ਮੈ ਕਦੇ ਵੀ ਕਲਪਨਾ ਨਹੀਂ ਕੀਤੀ ਸੀ, ਇਸ ਘਟਨਾ ਤੋਂ ਬਾਅਦ ਮੇਰਾ ਪਰਿਵਾਰ, ਮੇਰੇ ਦੋਸਤ ਤੇ ਮੇਰੇ ਪ੍ਰਸ਼ੰਸ਼ਕ ਕਾਫੀ ਰੋਹ ਵਿਚ ਅਤੇ ਨਿਰਾਸ਼ ਹਨ। ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਕਿਸੇ ਨਾਲ ਵੀ ਅਜਿਹਾ ਵਤੀਰਾ ਨਾ ਹੋਵੇ। ਮੈਨੂੰ ਨਿਆਂ ਮਿਲਣ ਦੀ ਪੂਰਨ ਆਸ ਹੈ”। ਦੱਸ ਦੇਈਏ ਕਿ ਹਾਲ ਹੀ ਵਿਚ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ ‘ਦਿ ਗ੍ਰੇਟ ਖਲੀ’ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਵਿਚ ਉਹਨਾਂ ਦੀ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਹੋ ਰਹੀ ਹੈ। ਇਸ ਦੌਰਾਨ ਇਲਜ਼ਾਮ ਲਗਾਏ ਗਏ ਸਨ ਕਿ ਖਲੀ ਨੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਆਈਡੀ ਕਾਰਡ ਮੰਗਣ 'ਤੇ ਥੱਪੜ ਮਾਰਿਆ ਸੀ।