
10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ
ਨਵੀਂ ਦਿੱਲੀ : ਭਾਰਤ ਦੇ ਨਿਸ਼ਾਨੇਬਾਜ਼ ਰੁਦਰਾਕਸ਼ ਪਾਟਿਲ ਨੇ ਕਾਹਿਰਾ ਵਿੱਚ ਸ਼ੂਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤ ਕੇ ਵੱਡਾ ਨਾਮਣਾ ਖੱਟਿਆ ਹੈ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਹ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਚੈਂਪੀਅਨ ਬਣੇ ਹਨ। ਰੁਦਰਾਕਸ਼ ਪਾਟਿਲ ਦਿੱਗਜ਼ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਅਜਿਹਾ ਕਰਨ ਵਾਲਾ ਦੂਜਾ ਭਾਰਤੀ ਨਿਸ਼ਾਨੇਬਾਜ਼ ਹੈ।
ਇਸ ਜਿੱਤ ਨਾਲ ਪਾਟਿਲ ਨੂੰ ਪੈਰਿਸ ਓਲੰਪਿਕ ਦੀ ਟਿਕਟ ਵੀ ਮਿਲ ਗਈ ਹੈ। ਇਹ ਭਾਰਤ ਦਾ ਦੂਜਾ ਓਲੰਪਿਕ ਕੋਟਾ ਹੈ। 18 ਸਾਲਾ ਰੁਦਰਾਕਸ਼ ਪਾਟਿਲ ਨੇ ਇਟਲੀ ਦੇ ਡੇਨੀਲੋ ਡੇਨਿਸ ਸੋਲਾਜ਼ੋ ਨੂੰ 17-13 ਨਾਲ ਹਰਾਇਆ। ਇੱਕ ਸਮੇਂ ਉਹ ਫਾਈਨਲ ਮੈਚ ਵਿੱਚ ਪਛੜ ਰਿਹਾ ਸੀ ਪਰ ਫਿਰ ਸ਼ਾਨਦਾਰ ਵਾਪਸੀ ਕਰ ਕੇ ਮੈਚ ਜਿੱਤ ਲਿਆ। ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਓਲੰਪਿਕ ਲਈ ਚਾਰ ਕੋਟਾ ਉਪਲਬਧ ਹਨ।
ਭਾਰਤ ਨੇ ਹਾਲ ਹੀ ਵਿੱਚ ਕ੍ਰੋਏਸ਼ੀਆ ਵਿੱਚ ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਟਰੈਪ ਮੁਕਾਬਲੇ ਵਿੱਚ ਭੌਨੀਸ਼ ਮੈਂਦਿਰੱਤਾ ਦੇ ਜ਼ਰੀਏ ਆਪਣਾ ਪਹਿਲਾ ਕੋਟਾ ਹਾਸਲ ਕੀਤਾ। ਰੁਦਰਾਕਸ਼ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਹੈ। ਮੈਚ ਵਿੱਚ ਇੱਕ ਸਮੇਂ ਉਹ 4-10 ਨਾਲ ਪਿੱਛੇ ਸੀ। ਇਟਲੀ ਦੇ ਨਿਸ਼ਾਨੇਬਾਜ਼ ਨੇ ਫਾਈਨਲ ਵਿਚ ਜ਼ਿਆਦਾਤਰ ਮੌਕਿਆਂ 'ਤੇ ਬੜ੍ਹਤ ਬਣਾਈ ਰੱਖੀ ਪਰ ਅੰਤ ਵਿਚ ਰੁਦਰਾਕਸ਼ ਪਾਟਿਲ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਜਿੱਤ ਆਪਣੇ ਨਾਮ ਕਰ ਲਈ।
ਰੁਦਰਾਕਸ਼ ਪਾਟਿਲ ਨੇ ਕੁਆਲੀਫਿਕੇਸ਼ਨ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਸੀ ਅਤੇ ਰੈਂਕਿੰਗ ਰਾਊਂਡ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਓਲੰਪਿਕ ਕੋਟਾ ਹਾਸਲ ਕੀਤਾ ਸੀ। ਬੀਜਿੰਗ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੇ 2006 ਵਿੱਚ ਕ੍ਰੋਏਸ਼ੀਆ ਦੇ ਜ਼ਗਰੇਬ ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਮਗ਼ਾ ਜਿੱਤਿਆ ਸੀ।