
ਦੂਜੇ ਦਿਨ 7 ਵਿਕਟਾਂ ਗਵਾ ਕੇ ਬਣਾਈਆਂ 405 ਦੌੜਾਂ
ਬ੍ਰਿਸਬੇਨ : ਭਾਰਤ ਤੇ ਆਸਟਰੇਲੀਆ ਦਰਮਿਆਨ ਪੰਜ ਟੈਸਟ ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ ਦੇ ਤੀਜੇ ਮੈਚ ਦੇ ਦੂਜੇ ਦਿਨ ਦੀ ਖੇਡ ਅੱਜ ਬ੍ਰਿਸਬੇਨ ਦੇ ਗਾਬਾ ਕ੍ਰਿਕਟ ਸਟੇਡੀਅਮ ਵਿਖੇ ਖੇਡੀ ਗਈ। ਦਿਨ ਦੀ ਖੇਡ ਖ਼ਤਮ ਹੋਣ ਸਮੇਂ ਤਕ ਆਸਟਰੇਲੀਆ ਮਜ਼ਬੂਤ ਸਥਿਤੀ ’ਚ ਪਹੁੰਚ ਗਿਆ ਸੀ। ਆਸਟਰੇਲੀਆ ਨੇ ਅਪਣੀ ਪਹਿਲੀ ਪਾਰੀ ਖੇਡਦੇ ਹੋਏ ਟਰੈਵਿਸ ਹੈੱਡ ਦੀਆਂ 152 ਦੌੜਾਂ ਤੇ ਸਟੀਵ ਸਮਿਥ ਦੀਆਂ 101 ਦੌੜਾਂ ਦੀ ਬਦੌਲਤ 7 ਵਿਕਟਾਂ ਗੁਆ ਕੇ 405 ਦੌੜਾਂ ਬਣਾ ਲਈਆਂ ਸਨ। ਇਸ ਦੌਰਾਨ ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ ਸੱਭ ਤੋਂ ਵੱਧ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਕਲ ਮੈਚ ਦੇ ਪਹਿਲੇ ਦਿਨ ਮੀਂਹ ਕਾਰਨ 13.2 ਓਵਰਾਂ ਦੀ ਖੇਡ ਹੀ ਖੇਡੀ ਜਾ ਸਕੀ ਸੀ ਤੇ ਇਸ ਦੌਰਾਨ ਆਸਟਰੇਲੀਆ ਨੇ 28 ਦੌੜਾਂ ਬਣਾਈਆਂ ਸਨ। ਅੱਜ ਦੀ ਖੇਡ ਸ਼ੁਰੂ ਹੁੰਦਿਆਂ ਭਾਵੇਂ ਆਸਟਰੇਲੀਆ ਨੂੰ ਤਿੰਨ ਝਟਕੇ ਲੱਗ ਗਏ ਸਨ ਪਰ ਜਿਵੇਂ ਹੀ ਸਮਿਥ ਤੇ ਹੈੱਡ ਮੈਦਾਨ ’ਤੇ ਆਏ ਤਾਂ ਉਨ੍ਹਾਂ ਭਾਰਤੀ ਗੇਂਦਬਾਜ਼ਾਂ ਨੂੰ ਖ਼ੂਬ ਕੁਟਾਪਾ ਚਾੜਿ੍ਹਆ ਤੇ ਦੇਖਦੇ ਹੀ ਦੇਖਦੇ ਉਨ੍ਹਾਂ ਅਪਣੇ ਸੈਂਕੜੇ ਪੂਰੇ ਕਰ ਲਏ। ਉਨ੍ਹਾਂ ਭਾਵੇਂ ਬੁਮਰਾਹ ’ਤੇ ਘੱਟ ਹਮਲਾ ਕੀਤਾ ਪਰ ਬਾਕੀ ਕਿਸੇ ਗੇਂਦਬਾਜ਼ ਨੂੰ ਨਹੀਂ ਬਖ਼ਸ਼ਿਆ। (ਏਜੰਸੀ)
ਬੀ.ਸੀ.ਸੀ.ਆਈ ਨੇ ਆਸਟਰੇਲੀਆ ਤੋਂ ਵਾਪਸ ਬੁਲਾਏ ਤਿੰਨ ਖਿਡਾਰੀ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਆਸਟਰੇਲੀਆ ਵਿਰੁਧ ਚੱਲ ਰਹੇ ਤੀਜੇ ਟੈਸਟ ਮੈਚ ਦੌਰਾਨ ਅਪਣੇ ਤਿੰਨ ਖਿਡਾਰੀਆਂ ਨੂੰ ਭਾਰਤ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਤਿੰਨੇ ਤੇਜ਼ ਗੇਂਦਬਾਜ਼ ਹਨ ਅਤੇ ਉਨ੍ਹਾਂ ਨੂੰ ਆਸਟਰੇਲੀਆ ‘ਚ ਚੱਲ ਰਹੀ ਟੈਸਟ ਲੜੀ ’ਚ ਖੇਡੇ ਗਏ ਤਿੰਨ ਮੈਚਾਂ ’ਚ ਮੌਕਾ ਨਹੀਂ ਮਿਲਿਆ। ਦੇਸ਼ ਪਰਤਣ ਤੋਂ ਬਾਅਦ ਇਹ ਖਿਡਾਰੀ ਵਿਜੇ ਹਜ਼ਾਰੇ ਟਰਾਫ਼ੀ ਜੋ ਕਿ 21 ਦਸੰਬਰ ਤੋਂ ਸ਼ੁਰੂ ਹੋ ਕੇ 18 ਜਨਵਰੀ ਚੱਲੇਗੀ ਉਸ ਵਿਚ ਖੇਡਦੇ ਨਜ਼ਰ ਆਉਣਗੇ। ਇਨ੍ਹਾਂ ਖਿਡਾਰੀਆਂ ’ਚ ਮੁਕੇਸ਼ ਕੁਮਾਰ, ਯਸ਼ ਦਿਆਲ ਅਤੇ ਨਵਦੀਪ ਸੈਣੀ ਸ਼ਾਮਲ ਹਨ, ਜਿਨ੍ਹਾਂ ਨੂੰ ਟੀਮ ਇੰਡੀਆ ’ਚ ਰਿਜ਼ਰਵ ਖਿਡਾਰੀਆਂ ਵਜੋਂ ਰਖਿਆ ਗਿਆ ਸੀ।
ਤਿੰਨਾਂ ਗੇਂਦਬਾਜ਼ਾਂ ਨੂੰ ਆਸਟਰੇਲੀਆ ਵਿਰੁਧ ਬਾਕੀ ਦੋ ਟੈਸਟ ਮੈਚਾਂ ਵਿਚ ਮੌਕਾ ਮਿਲਣਾ ਮੁਸ਼ਕਲ ਸੀ, ਅਜਿਹੇ ਵਿਚ ਭਾਰਤੀ ਬੋਰਡ ਨੇ ਇਨ੍ਹਾਂ ਗੇਂਦਬਾਜ਼ਾਂ ਨੂੰ ਵਾਪਸ ਭਾਰਤ ਸੱਦਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ ਨੇ ਇਨ੍ਹਾਂ ਤਿੰਨਾਂ ਨੂੰ ਪਹਿਲਾਂ ਇਸ ਲਈ ਬੁਲਾ ਲਿਆ ਹੈ ਤਾਕਿ ਉਹ ਭਾਰਤ ਪਰਤ ਕੇ ਵਿਜੇ ਹਜ਼ਾਰੇ ਟਰਾਫੀ ਤੋਂ ਪਹਿਲਾਂ ਢੁਕਵਾਂ ਅਭਿਆਸ ਕਰ ਸਕਣ। ਬੰਗਾਲ ਦੀ ਟੀਮ ਨੇ ਮੁਕੇਸ਼ ਕੁਮਾਰ ਨੂੰ ਅਪਣੀ ਟੀਮ ਵਿਚ ਜਗ੍ਹਾ ਦਿਤੀ ਹੈ। ਵਿਜੇ ਹਜ਼ਾਰੇ ਟਰਾਫੀ ਲਈ ਬੰਗਾਲ ਨੇ ਮੁਹੰਮਦ ਸ਼ਮੀ ਨੂੰ ਵੀ ਅਪਣੀ ਟੀਮ ’ਚ ਸ਼ਾਮਲ ਕੀਤਾ ਹੈ, ਜੋ ਅਪਣੀ ਫਿਟਨੈੱਸ ਸਾਬਤ ਕਰਦੇ ਨਜ਼ਰ ਆਉਣਗੇ। ਸ਼ਮੀ ਦੇ ਆਸਟਰੇਲੀਆ ਜਾਣ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ।