
ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ 17 ਮਈ ਤੋਂ ਟੂਰਨਾਮੈਂਟ ਮੁੜ ਸ਼ੁਰੂ ਕੀਤਾ ਜਾਵੇਗਾ
ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਬਾਕੀ ਮੈਚਾਂ ਲਈ ਭਾਰਤ ਨਾ ਪਰਤਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਉਸ ਦੀ ਟੀਮ ਦਿੱਲੀ ਕੈਪੀਟਲਜ਼ ਦੇ ਪਲੇਆਫ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਿਆ ਹੈ।
'ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈਸ' ਦੇ ਅਨੁਸਾਰ, ਸਟਾਰਕ ਨੇ ਫਰੈਂਚਾਇਜ਼ੀ ਨੂੰ ਕਿਹਾ ਹੈ ਕਿ ਉਹ ਧਰਮਸ਼ਾਲਾ ਮੈਚ ਤੋਂ ਇੱਕ ਹਫ਼ਤੇ ਬਾਅਦ ਟੀਮ ਵਿੱਚ ਸ਼ਾਮਲ ਨਹੀਂ ਹੋ ਸਕੇਗਾ। ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਹੋਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਮੈਚ ਨੂੰ ਵਿਚਕਾਰ ਹੀ ਰੱਦ ਕਰ ਦਿੱਤਾ ਗਿਆ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਕਾਰਨ ਅਗਲੇ ਦਿਨ ਲੀਗ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬੀਸੀਸੀਆਈ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ ਅਤੇ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ 17 ਮਈ ਤੋਂ ਟੂਰਨਾਮੈਂਟ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਦਾ ਫਾਈਨਲ ਪਹਿਲਾਂ ਨਿਰਧਾਰਤ 25 ਮਈ ਦੀ ਬਜਾਏ 3 ਜੂਨ ਨੂੰ ਖੇਡਿਆ ਜਾਵੇਗਾ।
ਦਿੱਲੀ ਕੈਪੀਟਲਜ਼ ਦਾ ਮੁੱਖ ਖਿਡਾਰੀ ਸਟਾਰਕ ਇਸ ਸੀਜ਼ਨ ਵਿੱਚ ਹੁਣ ਤੱਕ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਸ ਨੇ 11 ਮੈਚਾਂ ਵਿੱਚ 26.14 ਦੀ ਔਸਤ ਨਾਲ 14 ਵਿਕਟਾਂ ਲਈਆਂ ਹਨ। ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਲਈ ਸੰਘਰਸ਼ ਕਰ ਰਹੀ ਦਿੱਲੀ ਦੀ ਟੀਮ ਨੂੰ ਆਉਣ ਵਾਲੇ ਮੈਚਾਂ ਵਿੱਚ ਉਸ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ।