
IPL 2025 Part-2 News : ਦੁਬਾਰਾ ਖੇਡਿਆ ਜਾਵੇਗਾ PBKS ਬਨਾਮ DC ਮੈਚ
IPL 2025 Part-2 will start tomorrow with a new schedule Latest News in Punjabi : ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦੀ ਤਣਾਅ ਕਾਰਨ ਇਕ ਹਫ਼ਤੇ ਤੋਂ ਵੱਧ ਸਮੇਂ ਲਈ ਰੁਕਿਆ ਹੋਇਆ ਆਈਪੀਐਲ 2025 ਹੁਣ 17 ਮਈ ਤੋਂ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਸਿਰਫ਼ 13 ਲੀਗ ਮੈਚ ਬਾਕੀ ਹਨ, ਜਿਨ੍ਹਾਂ ਵਿਚ ਟਾਪ-4 ਦੀ ਲੜਾਈ ਹੋਰ ਵੀ ਦਿਲਚਸਪ ਹੋਣ ਵਾਲੀ ਹੈ।
ਆਈਪੀਐਲ 2025 ਦੇ 57 ਮੈਚਾਂ ਤੋਂ ਬਾਅਦ ਵੀ, ਕੋਈ ਵੀ ਟੀਮ ਪਲੇਆਫ਼ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਹੈ ਪਰ ਕੁੱਝ ਟੀਮਾਂ ਕੁਆਲੀਫ਼ਾਈ ਦੇ ਬਹੁਤ ਨੇੜੇ ਹਨ। ਇਸ ਦੇ ਨਾਲ ਹੀ, ਚੇਨਈ ਸੁਪਰ ਕਿੰਗਜ਼ (CSK), ਰਾਜਸਥਾਨ ਰਾਇਲਜ਼ (RR) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਦੀਆਂ ਪਲੇਆਫ਼ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ।
ਆਈਪੀਐਲ 2025 ਵਿਚ, 8 ਮਈ ਨੂੰ ਧਰਮਸ਼ਾਲਾ ਵਿਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੁਕਾਬਲਾ ਹੋਇਆ ਸੀ ਪਰ ਅਚਾਨਕ ਸੁਰੱਖਿਆ ਕਾਰਨਾਂ ਕਰ ਕੇ ਮੈਚ ਨੂੰ ਰੋਕਣਾ ਪਿਆ। ਰੱਦ ਕੀਤਾ ਗਿਆ ਇਹ ਮੈਚ ਹੁਣ 24 ਮਈ ਨੂੰ ਜੈਪੁਰ ਵਿਚ ਦੁਬਾਰਾ ਖੇਡਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਮੁਲਤਵੀ ਕੀਤੇ ਮੈਚ ਦੀਆਂ ਵਿਕਟਾਂ ਅਤੇ ਦੌੜਾਂ ਕਿਸੇ ਵੀ ਖਿਡਾਰੀ ਦੇ ਖਾਤੇ ਵਿਚ ਨਹੀਂ ਜੋੜੀਆਂ ਜਾਣਗੀਆਂ। ਇੰਨਾ ਹੀ ਨਹੀਂ, ਪੰਜਾਬ ਹੁਣ ਅਪਣੇ ਬਾਕੀ ਸਾਰੇ ਮੈਚ ਜੈਪੁਰ ਵਿਚ ਖੇਡੇਗਾ।
ਕੀ ਹੈ IPL 2025 ਦਾ ਨਵਾਂ ਸ਼ਡਿਊਲ?
17 ਮਈ: ਆਰਸੀਬੀ ਬਨਾਮ ਕੇਕੇਆਰ ਨਾਲ ਸ਼ੁਰੂ ਹੋਵੇਗਾ IPL-2
17 ਤੋਂ 27 ਮਈ: ਕੁੱਲ 13 ਲੀਗ ਮੈਚ (18 ਤੇ 25 ਮਈ ਨੂੰ 2 ਡਬਲ ਹੈਡਰ)
29 ਮਈ: ਕੁਆਲੀਫ਼ਾਇਰ-1
30 ਮਈ: ਐਲੀਮੀਨੇਟਰ
1 ਜੂਨ: ਕੁਆਲੀਫ਼ਾਇਰ 2
3 ਜੂਨ: ਫ਼ਾਈਨਲ
ਪਲੇਆਫ਼ ਸਥਾਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ।
ਆਈਪੀਐਲ ਦੇ ਬਾਕੀ ਬਚੇ ਮੈਚ 6 ਸ਼ਹਿਰਾਂ - ਬੰਗਲੁਰੂ, ਜੈਪੁਰ, ਦਿੱਲੀ, ਲਖਨਊ, ਮੁੰਬਈ ਅਤੇ ਅਹਿਮਦਾਬਾਦ ਵਿਚ ਖੇਡੇ ਜਾਣਗੇ। ਸਮੇਂ ਵਿਚ ਕੋਈ ਬਦਲਾਅ ਨਹੀਂ ਹੈ। ਸ਼ਾਮ ਦੇ ਮੈਚ ਸ਼ਾਮ 7:30 ਵਜੇ ਅਤੇ ਦੁਪਹਿਰ ਦੇ ਮੈਚ 3:30 ਵਜੇ ਸ਼ੁਰੂ ਹੋਣਗੇ।
ਬੀਸੀਸੀਆਈ ਨੇ ਆਈਪੀਐਲ 2025 ਦੇ ਆਖ਼ਰੀ ਪੜਾਅ ਲਈ ਨਿਯਮਾਂ ਵਿਚ ਬਦਲਾਅ ਕੀਤਾ ਹੈ ਕਿਉਂਕਿ ਬਹੁਤ ਸਾਰੇ ਦੇਸ਼ ਤੇ ਵਿਦੇਸ਼ ਦੇ ਖਿਡਾਰੀ ਰਾਸ਼ਟਰੀ ਡਿਊਟੀ, ਸੱਟ ਅਤੇ ਨਿੱਜੀ ਕਾਰਨਾਂ ਕਰ ਕੇ ਲੀਗ ਦਾ ਹਿੱਸਾ ਨਹੀਂ ਹੋਣਗੇ। ਅਜਿਹੀ ਸਥਿਤੀ ਵਿਚ, ਟੀਮਾਂ ਹੁਣ ਅਸਥਾਈ ਬਦਲ 'ਤੇ ਖਿਡਾਰੀਆਂ ਨੂੰ ਖ਼ਰੀਦ ਸਕਦੀਆਂ ਹਨ। ਪਰ, ਇਨ੍ਹਾਂ ਸਾਰੇ ਖਿਡਾਰੀਆਂ ਨੂੰ ਅਗਲੀ ਨਿਲਾਮੀ ਲਈ ਬਰਕਰਾਰ ਨਹੀਂ ਰੱਖਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਗਲੀ ਨਿਲਾਮੀ ਵਿਚ ਦੁਬਾਰਾ ਹਿੱਸਾ ਲੈਣਾ ਪਵੇਗਾ।
ਦਿੱਲੀ ਕੈਪੀਟਲਜ਼ ਨੇ ਜੈਕ ਫਰੇਜ਼ਰ ਮੈਕਗੁਰਕ ਦੀ ਜਗ੍ਹਾ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ, ਜੇ ਗੁਜਰਾਤ ਟਾਈਟਨਸ ਪਲੇਆਫ਼ ਵਿਚ ਪਹੁੰਚਦਾ ਹੈ, ਤਾਂ ਬਟਲਰ ਦੀ ਜਗ੍ਹਾ ਕੁਸਲ ਮੈਂਡਿਸ ਟੀਮ ਦਾ ਹਿੱਸਾ ਹੋਣਗੇ। ਐਲਐਸਜੀ ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਪਿੱਠ ਦੀ ਸੱਟ ਕਾਰਨ ਫਿਰ ਤੋਂ ਬਾਹਰ ਹੋ ਗਏ ਹਨ।