
ਆਸਟਰੇਲੀਆ ਨੇ ਇਸ ਜਿੱਤ ਨਾਲ ਗਰੁੱਪ ਬੀ ਵਿਚ ਅਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ
ਗ੍ਰਾਸ ਆਈਲੇਟ (ਸੇਂਟ ਲੂਸੀਆ): ਸਲਾਮੀ ਬੱਲੇਬਾਜ਼ ਟ੍ਰੈਵਿਸ ਹੇਡ (68) ਅਤੇ ਆਲਰਾਊਂਡਰ ਮਾਰਕਸ ਸਟੋਇਨਿਸ (59) ਦੇ ਅੱਧੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਸਕਾਟਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੁਪਰ 8 ਵਿਚ ਅਪਣੀ ਵਿਰੋਧੀ ਇੰਗਲੈਂਡ ਦੀ ਜਗ੍ਹਾ ਪੱਕੀ ਕਰ ਲਈ।
ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ’ਤੇ 180 ਦੌੜਾਂ ਬਣਾਈਆਂ। ਆਸਟਰੇਲੀਆ ਨੇ 19.4 ਓਵਰਾਂ ’ਚ 5 ਵਿਕਟਾਂ ’ਤੇ 186 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਸਕਾਟਲੈਂਡ ਨੇ ਇਕ ਸਮੇਂ ਆਸਟਰੇਲੀਆ ਦਾ ਸਕੋਰ ਤਿੰਨ ਵਿਕਟਾਂ ’ਤੇ 60 ਦੌੜਾਂ ’ਤੇ ਘਟਾ ਦਿਤਾ ਸੀ ਪਰ ਹੇਡ ਅਤੇ ਸਟੋਨਿਸ ਨੇ ਚੌਥੇ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਕਰ ਕੇ ਅਪਣੀ ਟੀਮ ਨੂੰ ਟੀਚੇ ਤਕ ਪਹੁੰਚਾਇਆ ਅਤੇ ਇੰਗਲੈਂਡ ਦੇ ਖੇਮੇ ਨੂੰ ਰਾਹਤ ਦਿਤੀ।
ਆਸਟਰੇਲੀਆ ਨੇ ਇਸ ਜਿੱਤ ਨਾਲ ਗਰੁੱਪ ਬੀ ਵਿਚ ਅਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਇਸ ਮੈਚ ’ਚ ਸਕਾਟਲੈਂਡ ਦੀ ਹਾਰ ਨਾਲ ਇੰਗਲੈਂਡ ਵੀ ਗਰੁੱਪ ’ਚ ਦੂਜੇ ਸਥਾਨ ’ਤੇ ਰਹਿ ਕੇ ਸੁਪਰ 8 ’ਚ ਪਹੁੰਚ ਗਿਆ। ਇੰਗਲੈਂਡ ਨੇ ਇਸ ਤੋਂ ਪਹਿਲਾਂ ਮੀਂਹ ਨਾਲ ਪ੍ਰਭਾਵਤ ਮੈਚ ਵਿਚ ਨਾਮੀਬੀਆ ਨੂੰ ਹਰਾਇਆ ਸੀ ਪਰ ਸਕਾਟਲੈਂਡ ’ਤੇ ਆਸਟਰੇਲੀਆ ਦੀ ਜਿੱਤ ਹੀ ਉਸ ਨੂੰ ਅਗਲੇ ਪੜਾਅ ਵਿਚ ਪਹੁੰਚਣ ਵਿਚ ਮਦਦ ਕਰ ਸਕਦੀ ਸੀ।
ਆਸਟਰੇਲੀਆ ਨੇ ਅਪਣੇ ਸਾਰੇ ਚਾਰ ਮੈਚ ਜਿੱਤੇ ਜਦਕਿ ਇੰਗਲੈਂਡ ਅਤੇ ਸਕਾਟਲੈਂਡ ਨੇ ਸਾਂਝੇ ਤੌਰ ’ਤੇ ਪੰਜ ਅੰਕ ਸਾਂਝੇ ਕੀਤੇ। ਇੰਗਲੈਂਡ ਨੇ ਬਿਹਤਰ ਰਨ ਰੇਟ ਦੇ ਆਧਾਰ ’ਤੇ ਦੂਜਾ ਸਥਾਨ ਹਾਸਲ ਕੀਤਾ। ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਮੈਚ ਤੋਂ ਬਾਅਦ ਕਿਹਾ, ‘‘ਅਸੀਂ ਅਪਣੀ ਯੋਜਨਾ ’ਤੇ ਬਣੇ ਰਹਿਣ ਬਾਰੇ ਗੱਲ ਕੀਤੀ। ਸਕਾਟਲੈਂਡ ਚੰਗੀ ਟੀਮ ਹੈ। ਉਸ ਨੇ ਬਹੁਤ ਸੁਧਾਰ ਕੀਤਾ ਹੈ ਅਤੇ ਅਸੀਂ ਨਿਸ਼ਚਤ ਤੌਰ ’ਤੇ ਉਸ ਦਾ ਆਦਰ ਕਰਨਾ ਚਾਹੁੰਦੇ ਸੀ।’’
ਉਨ੍ਹਾਂ ਕਿਹਾ, ‘‘ਅਸੀਂ ਇਸ ਰਫ਼ਤਾਰ ਨੂੰ ਜਾਰੀ ਰਖਣਾ ਚਾਹੁੰਦੇ ਸੀ। ਜਦੋਂ ਵੀ ਸਾਨੂੰ ਚੁਨੌਤੀ ਦਿਤੀ ਗਈ, ਅਸੀਂ ਅਪਣੀ ਪੂਰੀ ਕੋਸ਼ਿਸ਼ ਕੀਤੀ। ਅੱਜ ਵੀ ਅਜਿਹਾ ਹੀ ਹੋਇਆ। ਇਹ ਸਾਡੇ ਲਈ ਚੰਗਾ ਤਜਰਬਾ ਸੀ। ਹੁਣ ਅਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਾਂਗੇ।’’
ਵੱਡੇ ਟੀਚੇ ਦੇ ਸਾਹਮਣੇ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (01), ਕਪਤਾਨ ਮਾਰਸ਼ (08) ਅਤੇ ਗਲੇਨ ਮੈਕਸਵੈਲ (11) ਦੀਆਂ ਵਿਕਟਾਂ ਛੇਤੀ ਹੀ ਗੁਆ ਦਿਤੀਆਂ। ਸਕਾਟਲੈਂਡ ਦੇ ਗੇਂਦਬਾਜ਼ ਹਾਲਾਂਕਿ ਹੈਡ ਅਤੇ ਸਟੋਇਨਿਸ ’ਤੇ ਦਬਾਅ ਨਹੀਂ ਬਣਾ ਸਕੇ, ਜਿਨ੍ਹਾਂ ਨੇ 44 ਗੇਂਦਾਂ ’ਤੇ 80 ਦੌੜਾਂ ਦੀ ਸਾਂਝੇਦਾਰੀ ਕੀਤੀ।
ਹੇਡ ਨੇ ਅਪਣੀ 49 ਗੇਂਦਾਂ ਦੀ ਪਾਰੀ ਵਿਚ 5 ਚੌਕੇ ਅਤੇ 4 ਛੱਕੇ ਲਗਾਏ। ਸਟੋਇਨਿਸ ਨੇ ਵਧੇਰੇ ਹਮਲਾਵਰ ਰਵੱਈਆ ਅਪਣਾਇਆ। ਉਸ ਨੇ ਅਪਣੀ ਪਾਰੀ ’ਚ 29 ਗੇਂਦਾਂ ਦਾ ਸਾਹਮਣਾ ਕੀਤਾ ਅਤੇ 9 ਚੌਕੇ ਅਤੇ ਦੋ ਛੱਕੇ ਲਗਾਏ। ਅੰਤ ’ਚ ਟਿਮ ਡੇਵਿਡ ਨੇ 14 ਗੇਂਦਾਂ ’ਤੇ ਨਾਬਾਦ 24 ਦੌੜਾਂ ਬਣਾਈਆਂ ਅਤੇ ਜੇਤੂ ਛੱਕਾ ਮਾਰਿਆ।
ਸਕਾਟਲੈਂਡ ਦੇ ਕਪਤਾਨ ਰਿਚੀ ਬੈਰਿੰਗਟਨ ਨੇ ਕਿਹਾ, ‘‘ਸਾਡੇ ਖਿਡਾਰੀਆਂ ਨੂੰ ਅਪਣੇ ਪ੍ਰਦਰਸ਼ਨ ’ਤੇ ਮਾਣ ਹੋਣਾ ਚਾਹੀਦਾ ਹੈ। ਅਸੀਂ ਪੂਰੇ ਟੂਰਨਾਮੈਂਟ ਦੌਰਾਨ ਚੰਗਾ ਖੇਡਿਆ। ਅਸੀਂ ਇੱਥੇ ਬਹੁਤ ਕੁੱਝ ਸਿੱਖਿਆ। ਸਪੱਸ਼ਟ ਤੌਰ ’ਤੇ, ਅਸੀਂ ਜਿਸ ਸਥਿਤੀ ਵਿਚ ਸੀ, ਉਸ ਨਾਲ ਇਹ ਥੋੜ੍ਹਾ ਨਿਰਾਸ਼ਾਜਨਕ ਸੀ। ਸਾਨੂੰ ਕੁਆਲੀਫਾਈ ਕਰਨਾ ਚਾਹੀਦਾ ਸੀ ਪਰ ਅਸੀਂ ਨਹੀਂ ਕਰ ਸਕੇ।’’ ਇਸ ਤੋਂ ਪਹਿਲਾਂ ਸਕਾਟਲੈਂਡ ਦੇ ਬੱਲੇਬਾਜ਼ਾਂ ਨੇ ਆਸਟਰੇਲੀਆ ਦੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ। ਸਕਾਟਲੈਂਡ ਦੀ ਪਾਰੀ ਦੀ ਖਾਸ ਗੱਲ ਬ੍ਰੈਂਡਨ ਮੈਕਮੁਲੇਨ ਦੀ 34 ਗੇਂਦਾਂ ’ਚ 60 ਦੌੜਾਂ ਦੀ ਪਾਰੀ ਰਹੀ, ਜਿਸ ’ਚ ਉਸ ਨੇ ਦੋ ਚੌਕੇ ਅਤੇ ਛੇ ਛੱਕੇ ਲਗਾਏ।
ਐਸਟਨ ਐਗਰ ਨੇ ਪਹਿਲੇ ਓਵਰ ਵਿਚ ਮਾਈਕਲ ਜੋਨਸ ਨੂੰ ਦੋ ਦੌੜਾਂ ’ਤੇ ਆਊਟ ਕਰ ਦਿਤਾ ਸੀ ਪਰ ਮੈਕਮੁਲੇਨ ਅਤੇ ਜਾਰਜ ਮੁਨਸੇ ਨੇ ਦੂਜੇ ਵਿਕਟ ਲਈ 48 ਗੇਂਦਾਂ ਵਿਚ 89 ਦੌੜਾਂ ਦੀ ਸਾਂਝੇਦਾਰੀ ਕਰ ਕੇ ਸਕਾਟਲੈਂਡ ਨੂੰ ਵਾਪਸੀ ਦਿਵਾਈ। ਮੈਕਮੁਲੇਨ ਨੇ ਵਧੇਰੇ ਹਮਲਾਵਰ ਰਵੱਈਆ ਅਪਣਾਇਆ ਪਰ ਮੁਨਸੇ ਨੇ 23 ਗੇਂਦਾਂ ’ਤੇ 35 ਦੌੜਾਂ ਬਣਾ ਕੇ ਅਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਉਸ ਨੇ ਅਪਣੀ ਪਾਰੀ ’ਚ ਤਿੰਨ ਛੱਕੇ ਅਤੇ ਦੋ ਚੌਕੇ ਲਗਾਏ।
ਕਪਤਾਨ ਬੈਰਿੰਗਟਨ ਨੇ 31 ਗੇਂਦਾਂ ’ਤੇ ਦੋ ਛੱਕੇ ਅਤੇ ਇਕ ਚੌਕੇ ਦੀ ਮਦਦ ਨਾਲ ਨਾਬਾਦ 42 ਦੌੜਾਂ ਬਣਾ ਕੇ ਚੰਗਾ ਯੋਗਦਾਨ ਦਿਤਾ। ਆਸਟਰੇਲੀਆ ਨੇ ਆਖ਼ਰੀ ਪੰਜ ਓਵਰਾਂ ’ਚ ਸਿਰਫ 42 ਦੌੜਾਂ ਦਿਤੀਆਂ।