
ਸ਼ੀਤਲ ਨੇ ਹਾਲ ਹੀ ਵਿੱਚ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ਵਿਚ ਸੋਨੇ ਸਮੇਤ ਦੋ ਤਮਗ਼ੇ ਜਿੱਤੇ ਸਨ।
ਨਵੀਂ ਦਿੱਲੀ - ਆਪਣੇ ਪੈਰਾਂ ਨਾਲ ਤੀਰ ਚਲਾਉਣ ਵਾਲੀ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਇੱਥੇ ਸ਼ੁਰੂਆਤੀ ਖੇਲੋ ਇੰਡੀਆ ਪੈਰਾ ਖੇਡਾਂ ਦੇ ਕੰਪਾਊਂਡ ਵਰਗ ਦੇ ਓਪਨ ਵਰਗ ਵਿਚ ਸੋਨ ਤਮਗ਼ਾ ਜਿੱਤਿਆ। ਸ਼ੀਤਲ ਦਾ 141 ਦਾ ਸਕੋਰ ਉੱਤਰ ਪ੍ਰਦੇਸ਼ ਦੀ ਜੋਤੀ ਬਾਲਿਆਨ ਦੀ ਚੁਣੌਤੀ ਨੂੰ ਪਾਰ ਕਰਨ ਲਈ ਕਾਫ਼ੀ ਸੀ ਜਿਸ ਨੇ 138 ਦੇ ਸਕੋਰ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ।
ਸ਼ੀਤਲ ਨੇ ਹਾਲ ਹੀ ਵਿੱਚ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ਵਿਚ ਸੋਨੇ ਸਮੇਤ ਦੋ ਤਮਗ਼ੇ ਜਿੱਤੇ ਸਨ। ਮੁਕਾਬਲਾ ਉਸ ਲਈ ਇੰਨਾ ਆਸਾਨ ਨਹੀਂ ਸੀ ਅਤੇ ਜੋਤੀ ਦੇ ਖਿਲਾਫ ਉਸ ਦੀ ਕੁਸ਼ਲਤਾ ਅਤੇ ਮਾਨਸਿਕ ਤਾਕਤ ਨੇ ਉਸ ਨੂੰ ਜਿੱਤ ਤੱਕ ਪਹੁੰਚਾਇਆ। ਹਰਿਆਣਾ ਦੀ ਸਰਿਤਾ ਨੇ 137 ਅੰਕਾਂ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ। ਹਰਿਆਣਾ ਦੇ ਪੈਰਾਲੰਪੀਅਨ ਹਰਵਿੰਦਰ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਵਿਵੇਕ ਚਿਕਾਰਾ ਵੀ ਰਿਕਰਵ ਤੀਰਅੰਦਾਜ਼ੀ ਵਿਚ ਤਮਗ਼ਾ ਜਿੱਤਣ ਵਾਲਿਆਂ ਵਿਚ ਸ਼ਾਮਲ ਸਨ। ਹਰਵਿੰਦਰ ਨੇ ਸੋਨ, ਚਿਕਾਰਾ ਨੇ ਚਾਂਦੀ ਅਤੇ ਹਰਿਆਣਾ ਦੇ ਸਾਹਿਲ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
ਟੋਕੀਓ ਪੈਰਾਲੰਪਿਕਸ ਚਾਂਦੀ ਦਾ ਤਗਮਾ ਜੇਤੂ ਗੁਜਰਾਤ ਦੀ ਭਾਵਨਾ ਪਟੇਲ ਨੇ ਮਹਿਲਾ ਵਰਗ 4 ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਉਸਨੇ ਫਾਈਨਲ ਵਿੱਚ ਆਪਣੀ ਸਾਥੀ ਊਸ਼ਾ ਰਾਠੌੜ ਨੂੰ 3-0 (11-7, 11-1, 11-8) ਨਾਲ ਹਰਾਇਆ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗ਼ਾ ਜੇਤੂ ਸੋਨਲ ਪਟੇਲ ਨੇ ਮਹਿਲਾ ਵਰਗ ਦੇ 1-3 ਮੁਕਾਬਲੇ ਦੇ ਫਾਈਨਲ ਵਿਚ ਬਿਹਾਰ ਦੀ ਵਿਦਿਆ ਕੁਮਾਰੀ ਨੂੰ 3-0 (11-3 11-1 11-2) ਨਾਲ ਹਰਾ ਕੇ ਗੁਜਰਾਤ ਲਈ ਇੱਕ ਹੋਰ ਟੇਬਲ ਟੈਨਿਸ ਸੋਨ ਤਮਗ਼ਾ ਜਿੱਤਿਆ।
ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜੇਤੂ ਰਾਜਸਥਾਨ ਦੇ ਰੁਦਰਾਂਸ਼ ਖੰਡੇਲਵਾਲ ਨੇ ਕਰਨੀ ਸਿੰਘ ਸ਼ੂਟਿੰਗ ਕੰਪਲੈਕਸ ਵਿਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਉਸ ਨੇ ਪੁਰਸ਼ਾਂ ਦੇ 50 ਮੀਟਰ ਪਿਸਟਲ ਐਸਐਚ1 ਈਵੈਂਟ ਵਿਚ 223.4 ਦੇ ਸਕੋਰ ਨਾਲ ਸੋਨ ਤਮਗ਼ਾ ਜਿੱਤਿਆ। ਇਸੇ ਈਵੈਂਟ ਵਿਚ ਵਿਸ਼ਵ ਰਿਕਾਰਡਧਾਰੀ ਖੰਡੇਲਵਾਲ ਨੇ ਹਰਿਆਣਾ ਦੇ ਸਿੰਘਰਾਜ (216.4) ਨੂੰ ਪਿੱਛੇ ਛੱਡ ਦਿੱਤਾ। ਸਿੰਘਰਾਜ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਰਾਜਸਥਾਨ ਦੇ ਸ਼ਿਵ ਰਾਜ ਸਾਂਖਲਾ ਨੇ 194.7 ਦੇ ਸਕੋਰ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।