
ਪਾਟੋਧਾੜ ਵਿਰੋਧੀ ਪਾਰਟੀਆਂ ਨਾਲ ਹੋਵੇਗਾ ਸੱਤਾਧਾਰੀ ਕਾਂਗਰਸ ਦਾ ਮੁਕਾਬਲਾ
ਚੰਡੀਗੜ੍ (ਨੀਲ ਭਲਿੰਦਰ ਸਿੰਘ) : ਲੋਕ ਸਭਾ ਚੋਣਾਂ 2019 ਦਾ ਐਲਾਨ ਹੋਈਆਂ ਨੂੰ ਪੂਰਾ ਇਕ ਹਫ਼ਤਾ ਬੀਤ ਚੁਕਾ ਹੈ ਪਰ ਪੰਜਾਬ 'ਚ ਚੋਣਾਂ ਆਖ਼ਰੀ ਅਤੇ ਸਤਵੇਂ ਗੇੜ ਤਹਿਤ 19 ਮਈ ਨੂੰ ਤੈਅ ਹੋਈਆਂ ਹੋਣ ਕਾਰਨ ਇਥੇ ਕੋਈ ਬਹੁਤਾ ਚੁਨਾਵੀ ਖੜਕਾ- ਦੜਕਾ ਸ਼ੁਰੂ ਨਹੀਂ ਹੋਇਆ। ਹਲਾਂਕਿ ਚੋਣ ਕਮਿਸ਼ਨ ਖ਼ਾਸ ਕਰ ਕੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਆਈਏਐਸ ਕੇ. ਕਰੁਣਾ ਰਾਜੂ ਹਰਕਤ 'ਚ ਆ ਚੁਕੇ ਹਨ ਅਤੇ ਸੂਬੇ 'ਚੋਂ ਸਰਕਾਰ ਅਤੇ ਮੰਤਰੀਆਂ ਨੇਤਾਵਾਂ ਦੇ ਹੋਰਡਿੰਗ ਆਦਿ ਉਤਾਰਨ ਤੋਂ ਇਲਾਵਾ ਤਰਨਤਾਰਨ 'ਚ ਅਕਾਲੀ ਆਗੂਆਂ ਵਲੋਂ ਸ਼ਰਾਬ ਵੰਡਣ ਦਾ ਸਖ਼ਤ ਨੋਟਿਸ ਲੈਣ ਸਮੇਤ ਹੁਣ ਤਕ 24-25 ਲੱਖ ਦੀ ਸ਼ਰਾਬ, ਨਸ਼ੀਲੇ ਪਦਾਰਥ, ਇਤਰਾਜ਼ਯੋਗ ਨਕਦੀ ਆਦਿ ਜ਼ਬਤ ਕੀਤੇ ਜਾ ਚੁਕੇ ਹਨ ਪਰ ਐਲਾਨੇ ਜਾ ਚੁਕੇ ਉਮੀਦਵਾਰਾਂ ਦੇ ਵੱਡੇ ਜਲਸੇ-ਰੈਲੀਆਂ ਚੋਣ ਮੈਦਾਨ 'ਚੋਂ ਹਾਲੇ ਨਦਾਰਦ ਹੀ ਹਨ।
ਉਧਰ ਦੂਜੇ ਪਾਸੇ ਪਹਿਲਾਂ ਡਾ ਧਰਮਵੀਰ ਗਾਂਧੀ (ਐਮਪੀ ਪਟਿਆਲਾ ਅਤੇ ਉਮੀਦਵਾਰ ਵੀ) ਅਤੇ ਵਿਧਾਇਕ, ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਅਤੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਾਲੇ ਛੇ ਪਾਰਟੀਆਂ ਉਤੇ ਆਧਾਰਤ ਪੰਜਾਬ ਡੈਮੋਕਰੈਟਿਕ ਗਠਜੋੜ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਗੱਲਬਾਤ ਅਧਵਾਟੇ ਟੁਟੀ ਅਤੇ ਹੁਣ ਟਕਸਾਲੀਆਂ ਤੇ ਆਮ ਆਦਮੀ ਪਾਰਟੀ ਦਾ ਅਨੰਦਪੁਰ ਸਾਹਿਬ ਦੀ ਸੀਟ ਕਾਰਨ ਤੋੜ-ਵਿਛੋੜਾ ਹੋ ਜਾਣ ਅਤੇ ਇਨਸਾਫ਼ ਮੋਰਚੇ ਵਾਲਿਆਂ ਦੇ ਵੀ ਅਪਣੇ ਉਮੀਦਵਾਰ ਆ ਜਾਣ ਨਾਲ ਪੰਜਾਬ ਦਾ ਚੋਣ ਪਿੜ ਕਾਫੀ ਹੱਦ ਤਕ ਸਪੱਸ਼ਟ ਹੋ ਗਿਆ ਹੈ। ਜਿਸ ਦਾ ਸਿੱਧਾ ਅਰਥ ਹੈ ਕਿ ਬੁਰੀ ਤਰ੍ਹਾਂ ਪਾਟੋਧਾੜ ਦਾ ਸ਼ਿਕਾਰ ਵਿਰੋਧੀ ਪਾਰਟੀਆਂ ਨਾਲ ਹੀ ਸੱਤਾਧਾਰੀ ਕਾਂਗਰਸ ਦਾ ਮੁਕਾਬਲਾ ਹੋਣ ਜਾ ਰਿਹਾ ਹੈ।
ਪੰਜਾਬ ਦੇ ਪਿਛਲੇ ਦਸ ਸਾਲ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ 'ਚੋਂ ਲੋਕ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣ ਜਾਣ ਅਤੇ 2014 ਦੀਆਂ ਆਮ ਚੋਣਾਂ 'ਚ ਮਜ਼ਬੂਤ ਪਾਰਟੀ ਬਣ ਕੇ ਉਭਰੀ ਆਮ ਆਦਮੀ ਪਾਰਟੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਮੁੱਖ ਵਿਰੋਧੀ ਬਣਨ 'ਚ ਕਾਮਯਾਬ ਰਹੀ ਪਰ ਜੁਲਾਈ 2018 'ਚ ਨੇਤਾ ਵਿਰੋਧੀ ਧਿਰ ਬਦਲਣ ਮਗਰੋਂ ਦੁਫਾੜ ਹੋ ਗਈ। ਜਿਸ ਤੋਂ ਸਿਆਸੀ ਸੰਕੇਤ ਸਿੱਧਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਰੀ ਤਰਾਂ ਅਲਗ- ਥਲੱਗ ਪੈ ਚੁਕੇ ਸਮੁੱਚੇ ਵਿਰੋਧੀ ਖੇਮੇ ਦਾ ਸਿਧਾ ਲਾਹਾ ਖੱਟਣ ਦੇ ਰੌਂਅ 'ਚ ਹਨ ਪਰ ਤਾਕਤਵਰ ਮੰਨੀ ਜਾ ਰਹੀ ਹੋਣ ਦੇ ਬਾਵਜੂਦ ਵੀ ਸੱਤਾਧਾਰੀ ਧਿਰ ਨੂੰ ਬਠਿੰਡਾ 'ਚ ਉਮੀਦਵਾਰ ਬਾਰੇ ਸੱਤਾਧਾਰੀ ਧਿਰ ਦੀ ਦੁਬਿਧਾ ਬਰਕਰਾਰ ਹੈ।
ਜਿਸ ਦਾ ਵੱਡਾ ਕਾਰਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਖ਼ੁਦ ਜਾਂ ਅਪਣੇ ਕਿਸੇ ਵੀ ਪਰਵਾਰਕ ਮੈਂਬਰ ਦੇ ਚੋਣ ਲੜਨ ਤੋਂ ਇਨਕਾਰ ਕੀਤਾ ਜਾਣਾ ਮੰਨਿਆ ਜਾ ਰਿਹਾ ਹੈ। ਜਿਸ ਦਾ ਫ਼ਾਇਦਾ ਅਕਾਲੀ ਦਲ ਬਠਿੰਡਾ ਤੋਂ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਮੈਦਾਨ 'ਚ ਉਤਾਰ ਕੇ ਲੈਣ ਦੀ ਤਾਕ ਵਿਚ ਹੈ। ਉਧਰ ਅਕਾਲੀ ਦਲ ਦੇ ਐਮਪੀ ਪਰ ਹੁਣ ਕਾਂਗਰਸ 'ਚ ਸ਼ਾਮਲ ਹੋ ਚੁਕੇ ਸ਼ੇਰ ਸਿੰਘ ਘੁਬਾਇਆ ਦਾ ਕਾਂਗਰਸ 'ਚ ਹੋ ਰਹੇ ਵਿਰੋਧ ਦਾ ਵੀ ਫ਼ਾਇਦਾ ਅਕਾਲੀ ਦਲ ਅਪਣੀ ਐਮਪੀ ਹਰਸਿਮਰਤ ਕੌਰ ਬਾਦਲ ਨੂੰ ਫ਼ਿਰੋਜ਼ਪੁਰ ਤੋਂ ਚੋਣ ਲੜਾ ਖੱਟਣ ਦੀ ਕੋਸ਼ਿਸ਼ 'ਚ ਜਾਪ ਰਿਹਾ ਹੈ। ਕਾਂਗਰਸ ਉਮੀਦਵਾਰਾਂ ਦੇ ਐਲਾਨ ਤਕ ਖਡੂਰ ਸਾਹਿਬ ਚ ਬੀਬੀ ਖਾਲੜਾ ਦੀ ਹਵਾ ਬਣਦੀ ਪ੍ਰਤੀਤ ਹੋ ਰਾਹੀ ਹੈ।